ਮੁੰਬਈ, 8 ਜੁਲਾਈ
ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਹੈ ਕਿ ਕੋਈ ਵੀ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ‘ਤੀਰ ਕਮਾਨ’ ਨਹੀਂ ਖੋਹ ਸਕਦਾ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਰਟੀ ਦੇ ਬਾਗ਼ੀ ਧੜੇ ਵੱਲੋਂ ਚੋਣ ਨਿਸ਼ਾਨ ’ਤੇ ਆਪਣਾ ਦਾਅਵਾ ਜਤਾਇਆ ਜਾ ਰਿਹਾ ਹੈ। ਬਾਂਦਰਾ ’ਚ ਆਪਣੀ ਰਿਹਾਇਸ਼ ‘ਮਾਤੋਸ੍ਰੀ’ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਪਾਰਟੀ ਦੇ ਬਾਗ਼ੀਆਂ ਅਤੇ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਮਹਾਰਾਸ਼ਟਰ ’ਚ ਮੱਧਕਾਲੀ ਚੋਣਾਂ ਦਾ ਸਾਹਮਣਾ ਕਰਨ ਤਾਂ ਜੋ ਲੋਕ ਨਿਤਾਰਾ ਕਰ ਸਕਣ ਕਿ ਮਹਾ ਵਿਕਾਸ ਅਗਾੜੀ ਸਰਕਾਰ ਠੀਕ ਸੀ ਜਾਂ ਹੁਣ ਵਾਲਾ ਗੱਠਜੋੜ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ’ਚ ਲੋਕਾਂ ਨੇ ਸ਼ਿਵ ਸੈਨਾ ਨੂੰ ਨਕਾਰਿਆ ਤਾਂ ਉਹ ਇਸ ਫ਼ੈਸਲੇ ਨੂੰ ਸਵੀਕਾਰ ਕਰਨਗੇ। ਠਾਕਰੇ ਨੇ ਕਿਹਾ ਕਿ 16 ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਸੁਪਰੀਮ ਕੋਰਟ ’ਚ ਦਾਖ਼ਲ ਅਰਜ਼ੀ ’ਤੇ 11 ਜੁਲਾਈ ਨੂੰ ਨਾ ਸਿਰਫ਼ ਸ਼ਿਵ ਸੈਨਾ ਸਗੋਂ ਭਾਰਤੀ ਲੋਕਤੰਤਰ ਦਾ ਵੀ ਨਬਿੇੜਾ ਹੋ ਜਾਵੇਗਾ। ਊਧਵ ਨੇ ਕਿਹਾ ਕਿ ਜੇਕਰ ਇਕ, 50 ਜਾਂ 100 ਵਿਧਾਇਕ ਵੀ ਪਾਰਟੀ ਛੱਡ ਕੇ ਜਾਂਦੇ ਹਨ ਤਾਂ ਇਹ ਖ਼ਤਮ ਨਹੀਂ ਹੋ ਜਾਵੇਗੀ ਕਿਉਂਕਿ ਪਾਰਟੀ ਵਰਕਰ ਤਾਂ ਉਨ੍ਹਾਂ ਦੇ ਨਾਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਰਾਸ਼ਟਰਪਤੀ ਚੋਣ ’ਚ ਉਮੀਦਵਾਰ ਨੂੰ ਹਮਾਇਤ ਦੇਣ ਬਾਰੇ ਕੋਈ ਫ਼ੈਸਲਾ ਲੈਣਗੇ। -ਪੀਟੀਆਈ
ਮੁੱਖ ਮੰਤਰੀ ਦੇ ਕਾਫ਼ਲੇ ਲਈ ਵਿਸ਼ੇਸ਼ ਬੰਦੋਬਸਤ ਕਰਨ ਦੀ ਲੋੜ ਨਹੀਂ: ਸ਼ਿੰਦੇ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੁਲੀਸ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਦੇ ਕਾਫ਼ਲੇ ਲਈ ਵਿਸ਼ੇਸ਼ ਪ੍ਰੋਟੋਕਾਲ ਤਹਿਤ ਕੋਈ ਬੰਦੋਬਸਤ ਨਾ ਕਰਨ। ਡੀਜੀਪੀ ਰਜਨੀਸ਼ ਸੇਠ ਅਤੇ ਮੁੰਬਈ ਪੁਲੀਸ ਕਮਿਸ਼ਨਰ ਵਿਵੇਕ ਫਣਸਾਲਕਰ ਨਾਲ ਗੱਲਬਾਤ ਮਗਰੋਂ ਸ਼ਿੰਦੇ ਨੇ ਇਹ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਸ਼ਿੰਦੇ ਨੇ ਕਿਹਾ ਕਿ ਕਾਫ਼ਲਾ ਲੰਘਣ ਸਮੇਂ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਸਰਕਾਰ ਆਮ ਆਦਮੀ ਹੈ। ਇਸ ਲਈ ਵੀਆਈਪੀਜ਼ ਨਾਲੋਂ ਆਮ ਲੋਕਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ