ਪਾਲ ਸਿੰਘ ਨੌਲੀ
ਜਲੰਧਰ, 5 ਮਈ
ਸ਼ਹਿਰ ਦੇ ਫੁੱਟਬਾਲ ਚੌਕ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਛਾਣ ਨੇਹਾ (30) ਵਾਸੀ ਨਿਊ ਸੰਤ ਨਗਰ ਵਜੋਂ ਹੋਈ ਹੈ ਜਦਕਿ ਜ਼ਖਮੀਆਂ ਵਿੱਚ ਉਸ ਦੇ ਸੱਸ-ਸਹੁਰਾ ਤੇ ਪੁੱਤਰ ਸ਼ਾਮਲ ਹਨ। ਜਾਣਕਾਰੀ ਅਨੁਸਾਰ ਇਹ ਪਰਿਵਾਰ ਮੋਟਰਸਾਈਕਲ ’ਤੇ ਆਦਰਸ਼ ਨਗਰ ਦੀ ਪਾਰਕ ਵਿੱਚ ਸਵੇਰ ਦੀ ਸੈਰ ਕਰਕੇ 6.45 ਵਜੇ ਦੇ ਕਰੀਬ ਘਰ ਨੂੰ ਵਾਪਸ ਪਰਤ ਰਿਹਾ ਸੀ। ਅੱਖੀਂ ਦੇਖਣ ਵਾਲਿਆਂ ਅਨੁਸਾਰ ਪਿੱਛਿਓਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਘਟਨਾ ਦੌਰਾਨ ਨੇਹਾ ਟਰੱਕ ਦੇ ਹੇਠਾਂ ਆ ਗਈ ਜਿਸ ਕਰਕੇ ਉਹ ਬੁਰੀ ਤਰ੍ਹਾਂ ਕੁਚਲੀ ਗਈ। ਟਰੱਕ ਉਸ ਨੂੰ 200 ਮੀਟਰ ਤੱਕ ਘੜੀਸਦਾ ਲੈ ਗਿਆ। ਮ੍ਰਿਤਕਾ ਨੇਹਾ ਦੀ ਲਾਸ਼ ਦੇ ਟੁਕੜੇ ਸੜਕ ’ਤੇ ਦੂਰ ਤੱਕ ਖਿੱਲਰੇ ਹੋਏ ਸਨ ਤੇ ਬੜੀ ਮੁਸ਼ਕਿਲ ਨਾਲ ਇਕੱਠੇ ਕੀਤੇ ਗਏ। ਹਾਦਸਾ ਵਾਪਰਨ ’ਤੇ ਪੀੜਤ ਪਰਿਵਾਰ ਦੇ ਮੈਂਬਰ ਤੇ ਹੋਰ ਮੁਹੱਲੇ ਵਾਲੇ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਫੁੱਟਬਾਲ ਚੌਂਕ ਵਿਚ ਰੋਸ ਵਜੋਂ ਧਰਨਾ ਲਾ ਦਿੱਤਾ ਕਿ ਪੁਲੀਸ ਨੇ ਟਰੱਕ ਚਾਲਕ ਨੂੰ ਕਾਬੂ ਨਹੀਂ ਕੀਤਾ। ਪੁਲੀਸ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਟਰੱਕ ਚਾਲਕ ਨੂੰ ਫੜ ਲਿਆ ਜਾਵੇਗਾ।