ਦਵਿੰਦਰ ਸਿੰਘ ਭੰਗੂ
ਰਈਆ, 1 ਨਵੰਬਰ
ਕੇਂਦਰ ਸਰਕਾਰ ਵਿਰੁੱਧ ਖੇਤੀ ਬਿੱਲਾਂ ਦੇ ਵਿਰੋਧ ਵਿਚ ਬੁਟਾਰੀ ਸਟੇਸ਼ਨ ’ਤੇ ਕਿਸਾਨਾਂ ਮਜ਼ਦੂਰਾਂ ਦਾ ਲਗਾਤਾਰ ਚੱਲ ਰਿਹਾ ਧਰਨਾ ਅੱਜ 32ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਦੇ ਇਕੱਠ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਕਾਸ਼ ਸਿੰਘ ਥੋਥੀਆਂ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੁਖਦੇਵ ਸਿੰਘ ਤੁੜ ਆਲ ਇੰਡੀਆ ਕਿਸਾਨ ਸਭਾ ਦੇ ਗੁਰਦੀਪ ਸਿੰਘ ਗੁਰੂ ਵਾਲੀ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਬੁਟਾਰੀ ਨਿਰਮਲ ਸਿੰਘ ਭਿੰਡਰ, ਗੁਰਜੰਟ ਸਿੰਘ ਮੁੱਛਲ, ਬਚਿੱਤਰ ਸਿੰਘ ਬੁਟਾਰੀ, ਗੁਰਮੁਖ ਸਿੰਘ ਮੁੱਛਲ, ਗੁਰਦੀਪ ਸਿੰਘ ਲੋਹਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਗੜ੍ਹਸ਼ੰਕਰ (ਜੇ.ਬੀ. ਸੇਖੋਂ): ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਕਾਮਰੇਡ ਦਰਸ਼ਨ ਮੱਟੂ, ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ ਚਾਹਲ, ਮਾਸਟਰ ਮੁਕੇਸ਼ ਕੁਮਾਰ, ਤਲਵਿੰਦਰ ਹੀਰ, ਗੁਰਨੇਕ ਭੱਜਲ ਆਦਿ ਆਗੂਆਂ ਦੀ ਅਗਵਾਈ ਹੇਠ ਚੰਡੀਗੜ੍ਹ-ਹੁਸ਼ਿਆਰਪੁਰ ਸੜਕ ’ਤੇ ਪਿੰਡ ਪਨਾਮ ਦੇ ਰਿਲਾਇੰਸ ਪੈਟਰੋਲ ਪੰਪ ਵਿਖੇ ਮਾਹਿਲਪੁਰ ਨੇੜੇ ਬਾਹੋਵਾਲ ਦੇ ਰਿਲਾਇੰਸ ਪੰਪ ਅਤੇ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਰਿਲਾਇੰਸ ਦੇ ਮਾਲ ਅੱਗੇ ਲਗਾਏ ਧਰਨੇ ਲਗਾਤਾਰ ਜਾਰੀ ਹਨ। ਇਨ੍ਹਾਂ ਧਰਨਿਆਂ ’ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ 5 ਨਵੰਬਰ ਨੂੰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਦੇਸ਼ ਵਿਆਪੀ ਚੱਕਾ ਜਾਮ ਮੌਕੇ ਗੜ੍ਹਸ਼ੰਕਰ ਵਿੱਚੋਂ ਲੰਘਦੇ ਸੜਕੀ ਰਸਤੇ ਤੋਂ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਕੀਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਸੁੱਚਾ ਸਿੰਘ, ਹਰਮੇਸ਼ ਢੇਸੀ, ਹਰਜਿੰਦਰ ਮੰਡੇਰ,ਤੀਰਥ ਗੋਗੋਂ, ਸੁਰਿੰਦਰ ਕੌਰ ਚੁੰਬਰ ਆਦਿ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪਠਾਨਕੋਟ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਕਿਸਾਨ ਸਭਾ (ਸਾਂਬਰ), ਪੰਜਾਬ ਕਿਸਾਨ ਸਭਾ ਪੂਨਾਵਾਲਾ, ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਸਾਂਝੀ ਮੀਟਿੰਗ ਕਰਕੇ ਐਲਾਨ ਕੀਤਾ ਕਿ 5 ਨੰਵਬਰ ਨੂੰ ਪਠਾਨਕੋਟ ਦੇ ਨਾਲ ਲੱਗਦੇ ਨੈਸ਼ਨਲ ਹਾਈਵੇਅ ’ਤੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਹ ਐਲਾਨ ਕਰਦਿਆਂ ਕਾਮਰੇਡ ਬਲਵੰਤ ਘੋਹ, ਪ੍ਰਸ਼ੋਤਮ ਲਾਲ, ਸਤਿਆ ਦੇਵ ਸੈਣੀ, ਮੁਖਤਿਆਰ ਸਿੰਘ, ਬਲਦੇਵ ਰਾਜ, ਬਲਵੀਰ ਸਿੰਘ ਅਤੇ ਕੇਵਲ ਕਾਲੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਕਿਸਾਨਾਂ ਪ੍ਰਤੀ ਨਾਂਹ ਪੱਖੀ ਰਵਈਆ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਲਾਭਾਂ ਨੂੰ ਦੁੱਗਣਾ ਕਰਨਾ ਜੱਗ ਜ਼ਾਹਿਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨਾਂ ਨੂੰ ਅਤੇ ਬਿਜਲੀ ਸੋਧ ਬਿਲ 2020 ਨੂੰ ਰੱਦ ਨਹੀਂ ਕਰ ਦਿੰਦੀ।
ਕਿਸਾਨ ਜਥੇਬੰਦੀਆਂ ਵਲੋਂ ਪਿੰਡ ਕੋਟ ਸੰਤੋਖ ਰਾਏ ’ਚ ਵਿਸ਼ਾਲ ਰੈਲੀ
ਧਾਰੀਵਾਲ (ਪੱਤਰ ਪੇ੍ਰਕ): ਕਿਸਾਨ ਜਥੇਬੰਦੀਆਂ ਵਲੋਂ ਇਥੋਂ ਨੇੜੇ ਪਿੰਡ ਕੋਟ ਸੰਤੋਖ ਰਾਏ ਵਿੱਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਵਿਸ਼ਾਲ ਕਿਸਾਨ ਰੈਲੀ ਕੀਤੀ। ਰੈਲੀ ਵਿੱਚ ਸਾਬਕਾ ਕ੍ਰਿਕਟਰ ਤੇ ਫਿਲਮੀ ਅਦਾਕਾਰ ਯੋਗਰਾਜ ਸਿੰਘ ਅਤੇ ਉੱਘੇ ਸਮਾਜਸੇਵੀ ਤੇ ਸ਼ੋਸਲ ਮੀਡੀਆ ਤੇ ਚਲੰਤ ਰਾਜਨੀਤਿਕ ਮਸਲਿਆਂ ਤੇ ਸਟਾਰ ਪ੍ਰਚਾਰਕ ਮਨਦੀਪ ਸਿੰਘ ਮਨਾ ਨੇ ਵੀ ਸ਼ਿਰਕਤ ਕੀਤੀ। ਅਦਾਕਾਰ ਯੋਗਰਾਜ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਆਰ.ਐਸ.ਐਸ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਖਿਲਾਫ ਵਿੱਢੇ ਅੰਦੋਲਨ ਦੀ ਰੂਪ ਰੇਖਾ ਬਦਲਣੀ ਪਵੇਗੀ। ਉਨ੍ਹਾਂ ਨੇ ਕੇਂਦਰ ਵਿੱਚ ਬੈਠੇ ਹੰਕਾਰੀਆਂ ਦਾ ਹੰਕਾਰ ਤੋੜਣ ਲਈ ਕੇਂਦਰ ਸਰਕਾਰ ਖਿਲਾਫ ਲੜਾਈ ਲੜਣ ਲਈ ਸਭ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਰਾਜਨੀਤਿਕ ਮਸਲਿਆਂ ਦੇ ਸ਼ੋਸ਼ਲ ਮੀਡੀਆ ਪ੍ਰਚਾਰਕ ਮਨਦੀਪ ਸਿੰਘ ਮਨਾ ਨੇ ਕਿਹਾ ਮੋਦੀ ਸਰਕਾਰ ਵਲੋਂ ਜਾਰੀ ਖੇਤੀ ਕਾਨੂੰਨ ਕਿਸਾਨ ਵਿਰੋਧੀ ਹੈ। ਇਸ ਮੌਕੇ ਕਿਸਾਨ ਆਗੂਆਂ ਲਵਜੀਤ ਸਿੰਘ ਗਿੱਲ, ਮਾਸਟਰ ਗੁਰਦੇਵ ਸਿੰਘ, ਡਾਕਟਰ ਸਰਦੂਲ ਸਿੰਘ, ਬਲਦੇਵ ਸਿੰਘ ਨਿਮਾਣਾ ਆਦਿ ਨੇ ਸੰਬੋਧਨ ਕੀਤਾ।
ਕਵੀਆਂ ਨੇ ਕਿਸਾਨੀ ਧਰਨੇ ਵਿਚ ਭਰਿਆ ਜੋਸ਼
ਨਵਾਂਸ਼ਹਿਰ (ਲਾਜਵੰਤ ਸਿੰਘ): ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਧਰਨੇ ਵਿਚ ਕਵੀ ਦਰਬਾਰ ਕੀਤਾ ਗਿਆ। ਲੇਖਕਾਂ ਨੇ ਸਾਹਿਤ ਅਤੇ ਲੋਕ ਘੋਲਾਂ ਦੇ ਆਪਸੀ ਰਿਸ਼ਤੇ ਬਾਰੇ ਵਿਚਾਰ ਪ੍ਰਗਟ ਕੀਤੇ । ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਆਖਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿਸਾਨੀ ਧਰਨਿਆਂ ਵਿਚ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਨਾਅਰੇ ਬੁਲੰਦ ਹੋ ਰਹੇ ਹਨ। ਲੇਖਕਾਂ ਨੂੰ ਆਪਣੀ ਲੇਖਣੀ ਰਾਹੀਂ ਲੋਕ ਪੱਖੀ ਲਹਿਰਾਂ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਦਵਿੰਦਰ ਕੁਮਾਰ, ਪ੍ਰੋ. ਸੰਧੂ ਵਰਿਆਣਵੀ, ਪ੍ਰੋ. ਇਕਬਾਲ ਸਿੰਘ ਚੀਮਾ, ਦੀਦਾਰ ਸਿੰਘ ਸ਼ੇਤਰਾ ਮਨਜੀਤ ਕੌਰ ਬੋਲਾ ਨੇ ਵਿਚਾਰ ਪੇਸ਼ ਕੀਤੇ। ਦੀਪ ਕਲੇਰ, ਜਸਵੰਤ ਖੱਟਕੜ, ਜਸਬੀਰ ਦੀਪ, ਹਰਬੰਸ ਹੀਉਂ, ਅਜਮੇਰ ਸਿੱਧੂ, ਪ੍ਰੋ.ਬਲਵੀਰ ਕੌਰ ਰੀਹਲ, ਰਜਨੀ ਸ਼ਰਮਾ, ਡਾਕਟਰ ਬਲਦੇਵ ਬੀਕਾ, ਭੁਪਿੰਦਰ ਵੜੈਚ, ਤਲਵਿੰਦਰ ਸਿੰਘ ਸ਼ੇਰਗਿੱਲ, ਦੀਪ ਰਸਨ, ਇਕਬਾਲ ਗੱਜਣ, ਜਗਦੀਪ ਸਿੰਘ, ਕਿਸ਼ਨ ਹੀਉਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਧੰਨਵਾਦ ਕੀਤਾ।
ਕਿਸਾਨਾਂ ਨੂੰ ਧਮਕਾਉੁਣ ਦੀ ਬਜਾਏ ਕਿਸਾਨੀ ਸਮੱਸਿਆ ਦਾ ਹੱਲ ਕਰੇ ਕੇਂਦਰ: ‘ਆਪ’
ਭੁਲੱਥ (ਦਲੇਰ ਸਿੰਘ ਚੀਮਾ): ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਵੇ, ਨਾ ਕਿ ਪਰਾਲੀ ਸਾੜਨ ਤੇ ਇੱਕ ਕਰੋੜ ਜੁਰਮਾਨਾ ਲਾ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਲੁਬਾਣਾ ਨੇ ਆਮ ਆਦਮੀ ਪਾਰਟੀ ਦਫ਼ਤਰ ਨਡਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।