ਚੁਕੰਨੇ ਹੋਣ ਦਾ ਸਮਾਂ
ਮੁਲਕ ਵਿਚ ਕਿਸਾਨੀ ਸੰਘਰਸ਼ ਤੇਜ਼ ਹੋ ਰਿਹਾ ਹੈ। ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅਤੇ ਬੀਜੇਪੀ ਦੇ ਵੱਡੇ ਲੀਡਰਾਂ ਵੱਲੋਂ ਕਿਸਾਨਾਂ ਲਈ ਵਰਤੀ ਜਾ ਰਹੀ ਸ਼ਬਦਾਵਲੀ ਨਿੰਦਣਯੋਗ ਹੈ। ਕਿਸਾਨਾਂ, ਮਜ਼ਦੂਰਾਂ ਅਤੇ ਕਿਸਾਨੀ ਧੰਦਿਆਂ ਨਾਲ ਜੁੜੇ ਹੋਰ ਲੋਕਾਂ ਦਾ ਇਹ ਸੰਘਰਸ਼ ਹੁਣ ਅਹਿਮ ਸਮੇਂ ਵਿਚ ਦਾਖ਼ਲ ਹੋ ਚੁੱਕਾ ਹੈ। ਭਾਰਤ ਦੀਆਂ ਤਕਰੀਬਨ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਕਿਸਾਨੀ ਨੂੰ ਕਾਰਪੋਰੇਟਰਾਂ ਦੀ ਗ਼ੁਲਾਮ ਬਣਾਉਣ ਤੋਂ ਬਚਾਉਣ ਲਈ ਇਕ ਮੰਚ ’ਤੇ ਆ ਗਈਆਂ ਹਨ। ਇਨ੍ਹਾਂ ਹਾਲਾਤ ਵਿਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਸ਼ਾਂਤੀਪੂਰਵਕ ਤਰੀਕੇ ਨਾਲ ਕੀਤੇ ਜਾ ਰਹੇ ਇਸ ਸੰਘਰਸ਼ ਨੂੰ ਭੜਕਾਊ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ, ਇਨ੍ਹਾਂ ਹਾਲਾਤ ਵਿਚ ਇਸ ਸ਼ਾਂਤਮਈ ਸੰਘਰਸ਼ ਨੂੰ ਖ਼ਤਮ ਕਰਵਾਉਣ ਅਤੇ ਪੰਜਾਬ ਨੂੰ ਸਬਕ ਸਿਖਾਉਣ ਲਈ ਕੇਂਦਰ ਸਰਕਾਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਕਿਸਾਨਾਂ, ਮਜ਼ਦੂਰਾਂ, ਪੰਜਾਬੀਆਂ, ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲਿਆਂ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਇਹ ਚੁਕੰਨੇ ਹੋਣ ਦਾ ਸਮਾਂ ਹੈ, ਕਿਉਂਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਪੰਜਾਬ ਵਿਚ ਕੋਈ ਨਾ ਕੋਈ ਵੱਡੀ ਦੁਖਦ ਘਟਨਾ ਵਾਪਰਨ ਦੇ ਖ਼ਦਸ਼ੇ ਕਈ ਗੁਣਾ ਵਧ ਗਏ ਹਨ।
ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ
ਫੇਲ੍ਹ ਸਰਕਾਰ ਦੇ ਆਰਡੀਨੈਂਸ
30 ਅਕਤੂਬਰ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ਪੜ੍ਹੀ, ਜਿਸ ਵਿਚ ਨਵਾਂ ਆਰਡੀਨੈਂਸ ਫੌਰੀ ਲਾਗੂ ਕਰਨ ਬਾਰੇ ਲਿਖਿਆ ਹੈ। ਦਿੱਲੀ ਐਨਸੀਆਰ ਦੇ ਵਧਦੇ ਹਵਾ ਪ੍ਰਦੂਸ਼ਣ ਸਬੰਧੀ ਜੋ ਕੇਂਦਰ ਸਰਕਾਰ ਨੇ ਇਹ ਆਰਡੀਨੈਂਸ ਜਾਰੀ ਕੀਤਾ ਹੈ, ਗਲਤ ਹੈ। ਕਿਸਾਨ ਤਾਂ ਸਾਲ ਵਿਚ ਸਿਰਫ਼ ਛੇ ਮਹੀਨੇ ਬਾਅਦ 7-10 ਦਿਨ ਵਿਚ ਜੀਰੀ ਤੇ ਕਣਕ ਦੇ ਮੁੱਢਾਂ ਨੂੰ ਅੱਗ ਲਗਾਉਂਦਾ ਹੈ, ਜਿਸ ਦੇ ਪ੍ਰਦੂਸ਼ਣ ਦਾ ਸਭ ਤੋਂ ਪਹਿਲਾਂ ਤਾਂ ਕਿਸਾਨ ਦਾ ਹੀ ਨੁਕਸਾਨ ਹੁੰਦਾ ਹੈ। ਕਿਸਾਨ ਨੂੰ ਅੱਗ ਲਗਾਉਣ ਦਾ ਕੋਈ ਸ਼ੌਕ ਨਹੀਂ ਹੈ ਅਤੇ ਪ੍ਰਦੂਸ਼ਣ ਸਬੰਧੀ ਕਿਸਾਨ ਜਾਗਰੂਕ ਵੀ ਹੈ, ਪਰ ਮਜਬੂਰੀਵੱਸ ਅਜਿਹਾ ਕਰਨਾ ਪੈਂਦਾ ਹੈ। ਸਰਕਾਰ ਫ਼ਸਲ ਦੀ ਰਹਿੰਦ ਖੂੰਹਦ ਨੂੰ ਸਾਂਭਣ ਦਾ ਯਤਨ ਕਰਨ ਵਿਚ ਫੇਲ੍ਹ ਹੋਈ ਹੈ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
(2)
ਕੇਂਦਰ ਸਰਕਾਰ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਤਾਂ ਨਵਾਂ ਆਰਡੀਨੈਂਸ ਜਾਰੀ ਕਰ ਦਿੱਤਾ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਵੀ ਕਰ ਦਿੱਤੀ ਹੈ, ਪਰ ਸਨਅਤਾਂ ਦੁਆਰਾ ਵੱਡੇ ਪੱਧਰ ’ਤੇ ਪੂਰੇ ਦੇਸ਼ ਵਿਚ ਜ਼ਹਿਰੀਲੇ ਪਾਣੀ ਨੂੰ ਨਦੀ-ਨਾਲਿਆਂ ਵਿਚ ਮਿਲਾ ਕੇ ਜ਼ਹਿਰ ਘੋਲੀ ਜਾ ਰਹੀ ਹੈ। ਨਦੀਆਂ, ਨਹਿਰਾਂ ਦਾ ਇਹੋ ਜ਼ਹਿਰੀਲਾ ਪਾਣੀ ਫ਼ਸਲਾਂ ਦੀ ਸਿੰਜਾਈ ਅਤੇ ਪੀਣ ਲਈ ਵਰਤਿਆ ਜਾਂਦਾ ਹੈ। ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਇਸ ਪ੍ਰਦੂਸ਼ਣ ਨੂੰ ਨਵੇਂ ਬਣੇ ਆਰਡੀਨੈਂਸ ਵਿਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ।
ਗੁਰਜੀਤ ਸਿੰਘ ਮਾਨ, ਮਾਨਸਾ
ਨਿਰਪੱਖ ਪ੍ਰਸਾਰਨ
30 ਜੁਲਾਈ ਦੇ ਮੁੱਖ ਪੰਨੇ ’ਤੇ ਆਕਾਸ਼ਵਾਣੀ ਬਾਬਤ ਖ਼ਬਰ ਪੜ੍ਹੀ। ਪੰਜਾਬ ਅੰਦਰਲੇ ਆਕਾਸ਼ਵਾਣੀ ਕੇਂਦਰ ਲੋਕਾਂ ਦੀਆਂ ਗਤੀਵਿਧੀਆਂ, ਦੁੱਖਾਂ ਅਤੇ ਤਕਲੀਫ਼ਾਂ ਦੀ ਤਰਜਮਾਨੀ ਕਰਨ ਦੀ ਥਾਂ ਸਿਰਫ਼ ਇੱਕਪਾਸੜ ਹੋ ਕੇ ਸਰਕਾਰ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਸਰਕਾਰੀ ਅਦਾਰਾ ਹੋਣ ਕਰ ਕੇ ਇਸ ਨੂੰ ‘ਸਰਕਾਰਵਾਣੀ’ ਬਣ ਕੇ ਕੰਮ ਕਰਨ ਦੀ ਥਾਂ ਬੀਬੀਸੀ ਵਾਂਗ ਨਿਰਪੱਖ ਹੋ ਕੇ ਸਮਾਜ ਦੇ ਹਰ ਵਰਗ ਦੀ ਤਰਜਮਾਨੀ ਕਰਨੀ ਚਾਹੀਦੀ ਹੈ, ਨਹੀਂ ਤਾਂ ਲੋਕਾਂ ਦਾ ਇਸ ਤੋਂ ਵਿਸ਼ਵਾਸ ਉੱਠ ਜਾਵੇਗਾ।
ਹਰਭਜਨ ਸਿੰਘ ਸਿੱਧੂ, ਬਠਿੰਡਾ
‘ਸੰਜੀਵਨੀ’ ਦੀ ਸਚਾਈ
ਡਾ. ਜਸਬੀਰ ਕੇਸਰ ਨੇ ਮਿਡਲ ‘ਹੰਸੁ ਨ ਕ੍ਰੋਧਾ ਖਾਇ’ (29 ਅਕਤੂਬਰ) ਵਿਚ ਅਜੋਕੇ ਜਿਊਣ-ਢੰਗ ਵਾਲਿਆਂ ਦੀ ਖਾਧ-ਖੁਰਾਕ ’ਤੇ ਠੀਕ ਵਿਅੰਗ ਕੱਸਿਆ ਹੈ, ਪਰ ਇਸ ਵਰਤਾਰੇ ਦੀ ਅਹਿਮ ਸਚਾਈ ਦਾ ਜ਼ਿਕਰ ਵੀ ਜ਼ਰੂਰੀ ਹੈ। ਸਚਾਈ ਇਹ ਹੈ ਕਿ ਇਹ ‘ਮਿਲੇਟਸ’ ਨਾਂ ਦੀ ਸੰਜੀਵਨੀ ਪੈਸੇ ਵਾਲਿਆਂ ਨੂੰ ਬਾਜ਼ਾਰ ਦੀ ਦੇਣ ਹੈ। ਡਾਕਟਰੀ ਪੇਸ਼ੇ ਵਿਚੋਂ ਖੁਰਾਕ-ਮਹਿਰਾਂ ਦੀ ਨਵੀਂ ਜਮਾਤ ਨੇ ਸਮਾਜ ਦੇ ਉੱਚ-ਵਰਗ ਤੋਂ ਪੈਸੇ ਬਟੋਰਨ ਦੀ ਚਾਲ ਅਪਣਾਈ ਹੈ। ਇਹ ਮਾਹਿਰ ਹੁਣ ‘ਪਲੈਨਡ ਫੂਡ’ ਦੇ ਪ੍ਰੋਗਰਾਮ ਅਤੇ ਚਾਰਟ ਬਣਾ ਕੇ ਹਜ਼ਾਰਾਂ ਦੀ ਕੀਮਤ ਵਿਚ ਵੇਚਦੇ ਹਨ ਅਤੇ ਛੇ ਛੇ ਮਹੀਨੀਆਂ ਲਈ ਸੰਭਾਵੀ ਮਰੀਜ਼ਾਂ ਨੂੰ ਫਾਹਣ ਵਿਚ ਕਾਮਯਾਬ ਹੋ ਜਾਂਦੇ ਹਨ- ਤੁਸੀਂ ਸਵੇਰੇ ਆਹ ਖਾਇਓ, ਦੁਪਹਿਰੇ ਆਹ ਤੇ ਸ਼ਾਮ ਨੂੰ ਆਹ ਖਾਇਓ, ਅੱਜ ਇਹ ਖਾਇਓ ਤੇ ਕੱਲ੍ਹ ਨੂੰ ਊਹ ਖਾਇਓ ਆਦਿ। ਨਤੀਜਾ ਇਹ ਹੈ ਕਿ ਘਰਾਂ ਦੀਆਂ ਰਸੋਈਆਂ ਨੂੰ ਵੀ ਹੋਟਲ ਬਣਾ ਦਿੱਤਾ ਹੈ। ਜਿੱਥੇ ਰੋਜ਼ ਕਿਸੇ ਲਈ ਕੁਝ ਤੇ ਕਿਸੇ ਲਈ ਕੁਝ ਹੋਰ ਬਣਦਾ ਹੈ। ਬਾਜ਼ਾਰ ’ਚ ਹਰ ਰੋਜ਼ ਸ਼ਾਮਿਲ ਹੋ ਰਹੀਆਂ ਖਾਧ-ਵੰਨਗੀਆਂ ਨੇ ਬੰਦੇ ਨੂੰ ਸਿਰਫ਼ ਖਪਤਕਾਰ ਬਣਾ ਦਿੱਤਾ ਹੈ ਅਤੇ ਇੰਦ੍ਰਿਆਵੀ ਸੁਆਦਾਂ ਨੂੰ ਮਾਣਨ ਦੀ ਖੁੱਲ੍ਹ ਨੇ ਸੁਹਜ-ਸੁਆਦ ਅਤੇ ਸੰਜਮ ਨੂੰ ਮਨਫ਼ੀ ਕਰ ਦਿੱਤਾ ਹੈ।
ਕਮਲੇਸ਼ ਉੱਪਲ (ਡਾ.), ਪਟਿਆਲਾ
ਬਾਬਾ ਭਕਨਾ ਦਾ ਕੁੱਬ
28 ਅਕਤੂਬਰ ਦੇ ਵਿਰਾਸਤ ਪੰਨੇ ਊਪਰ ਵਿਜੈ ਬੰਬੇਲੀ ਦਾ ਬਾਬਾ ਸੋਹਣ ਸਿੰਘ ਭਕਨਾ ਦਾ ਲੰਮੇ ਸਫ਼ਰ ਦਾ ਵਰਣਨ ਦਿਲ ਨੂੰ ਝੰਜੋੜਨ ਵਾਲਾ ਵੀ ਸੀ। ਆਜ਼ਾਦੀ ਦੇ ਇਸ ਪਰਵਾਨੇ ਨੇ ਅੰਗਰੇਜ਼ਾਂ ਵਿਰੁੱਧ ਜੇਲ੍ਹਾਂ ਵਿਚ ਹੜਤਾਲਾਂ ਕਰ ਕੇ ਉਨ੍ਹਾਂ ਦੇ ਜ਼ੁਲਮ ਦਾ ਮੁਕਾਬਲਾ ਬਹਾਦਰੀ ਨਾਲ ਕੀਤਾ। ਆਰਥਿਕ ਨਾ-ਬਰਾਬਰੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੁੱਖਮਰੀ, ਕਿਸਾਨਾਂ/ਮਜ਼ਦੂਰਾਂ ਦੀ ਦੁਰਦਸ਼ਾ, ਸਿਆਸੀ ਅਤੇ ਸਮਾਜਿਕ ਲੁੱਟ ਨੂੰ ਦੇਖ ਕੇ ਅੱਜ ਉਨ੍ਹਾਂ ਨੇ ਅੰਤਾਂ ਦੇ ਦੁਖੀ ਹੋਣਾ ਸੀ।
ਇੰਦਰਜੀਤ ਸਿੰਘ ਜੋਸ਼, ਸੁਨਾਮ (ਸੰਗਰੂਰ)
ਯਾਦਾਂ ਤਾਜ਼ਾ ਹੋ ਗਈਆਂ
19 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਡਾ. ਅਰਵਿੰਦਰ ਸਿੰਘ ਨਾਗਪਾਲ ਦਾ ਲੇਖ ‘ਜ਼ਿੰਦਗੀ ਦੀ ਦੌੜ’ ਪੜ੍ਹ ਕੇ ਤਿੰਨ ਸਾਢੇ ਤਿੰਨ ਦਹਾਕੇ ਪਹਿਲਾਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ, ਜਦੋਂ ਪ੍ਰਾਇਮਰੀ ਸਕੂਲ ’ਚ ਪੜ੍ਹਦੇ ਹੁੰਦੇ ਸੀ। ਲੇਖਕ ਨੇ ਆਪਣੀ ਮਾਂ ਦੇ ਨੌਕਰੀ ਵੇਲੇ ਦੀਆਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ਦਾ ਵਰਣਨ ਕੀਤਾ ਹੈ। ਸਾਡੇ ਪ੍ਰਾਇਮਰੀ ਸਕੂਲ ਦੇ ਸਮਿਆਂ ’ਚ ਵੀ ਜਦੋਂ ਕਿਸੇ ਦੇ ਘਰ ਵਿਆਹ ਜਾਂ ਖ਼ੁਸ਼ੀ ਦਾ ਕੋਈ ਹੋਰ ਪ੍ਰੋਗਰਾਮ ਹੁੰਦਾ ਸੀ, ਸਭ ਤੋਂ ਪਹਿਲਾਂ ਰੋਟੀ ਸਕੂਲ ਦੇ ਮਾਸਟਰਾਂ ਨੂੰ ਭੇਜੀ ਜਾਂਦੀ ਸੀ। ਉਸ ਸਮੇਂ ਕੋਈ ਦਿਖਾਵਾ ਨਹੀਂ ਕੀਤਾ ਜਾਂਦਾ ਸੀ, ਬੱਸ ਅਦਬ ਤੇ ਸਤਿਕਾਰ ਵਜੋਂ ਅਜਿਹਾ ਕੀਤਾ ਜਾਂਦਾ ਸੀ। ਅਜੋਕੇ ਸਮੇਂ ਵਿਚ ਕੁਝ ਘਾਟਾਂ ਬੇਸ਼ੱਕ ਅਧਿਆਪਕ ਵਰਗ ਵਿਚ ਵੀ ਦੇਖਣ ਨੂੰ ਮਿਲਦੀਆਂ ਹਨ, ਜਿਸ ਦੇ ਇੱਕ ਹਿੱਸੇ ਨੇ ਆਪਣੇ ਆਪ ਨੂੰ ਘਰੋਂ ਸਕੂਲ ਤੇ ਸਕੂਲੋਂ ਘਰ ਤੱਕ ਸੀਮਤ ਕਰ ਲਿਆ ਹੈ। ਪਰ ਬੱਚੇ ਨੈਤਿਕਤਾ ਦਾ ਪਾਠ ਅਧਿਆਪਕਾਂ ਤੋਂ ਹੀ ਸਿੱਖਦੇ ਹਨ।
ਬਲਵੀਰ ਸਿੰਘ ਬਾਸੀਆਂ ਬੇਟ, ਲੁਧਿਆਣਾ