ਨਿਊਯਾਰਕ, 15 ਜੁਲਾਈ
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਜੈਪੁਰ ’ਚ ਬਣਨ ਵਾਲੇ ਨਕਲੀ ਪੈਰਾਂ (ਜੈਪੁਰ ਫੁੱਟ) ਨੇ ਦੁਨੀਆ ਭਰ ’ਚ ਹਰ ਜਗ੍ਹਾ ਲੋਕਾਂ ਨੂੰ ਨਵੀਂ ਉਮੀਦ ਦਿੱਤੀ ਹੈ ਅਤੇ ਕਈ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਸ਼੍ਰਿੰਗਲਾ ਬੀਤੇ ਦਿਨ ਨਿਊਯਾਰਕ ਪਹੁੰਚੇ ਅਤੇ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਉੱਚ ਪੱਧਰੀ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਨਾਲ ਵੀ ਮੁਲਾਕਾਤ ਕਰਨਗੇ। ਉਹ ਅਜਿਹੇ ਸਮੇਂ ਇਸ ਦੌਰੇ ’ਤੇ ਆਏ ਹਨ ਜਦੋਂ ਭਾਰਤ ਅਗਸਤ ਮਹੀਨੇ ਲਈ ਸ਼ਕਤੀਸ਼ਾਲੀ 15 ਮੈਂਬਰੀ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਕਰੇਗਾ। ਸ਼੍ਰਿੰਗਲਾ ਨੇ ‘ਜੈਪੁਰ ਫੁਟ ਯੂਐੱਸਏ’ ਅਤੇ ‘ਗ੍ਰੇਸ਼ੀਅਸ ਗਿਵਰਜ਼ ਫਾਊਂਡੇਸ਼ਨ ਯੂਐੱਸਏ’ ਵੱਲੋਂ ਸ਼ਹਿਰ ’ਚ ਕਰਵਾਏ ਸਵਾਗਤੀ ਸਮਾਗਮ ’ਚ ਕਿਹਾ ਕਿ ਭਾਰਤ ’ਚ ਹਰ ਵਿਅਕਤੀ ਜੈਪੁਰ ਫੁੱਟ ਦੇ ਯੋਗਦਾਨ ਤੋਂ ਜਾਣੂ ਹੈ। ਜੈਪੁਰ ਫੁੱਟ ਨੇ ਹਰ ਥਾਂ ਲੋਕਾਂ ਨੂੰ ਨਵੀਂ ਉਮੀਦ ਤੇ ਰੌਸ਼ਨੀ ਦਿੱਤੀ ਹੈ। -ਪੀਟੀਆਈ