ਕਿਸਾਨ ਸੰਘਰਸ਼: ਢੁੱਕਵੀਂ ਸਲਾਹ
ਸੱਤਰਵਿਆਂ ਦੇ ਸ਼ੁਰੂ ਵਿਚ ਵਾਹੀਕਾਰਾ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਉੱਠੇ ਕਿਸਾਨ ਘੋਲ ਦੇ ਆਗੂ ਨੰਦ ਸਿੰਘ ਮਹਿਤਾ ਨੇ 14 ਨਵੰਬਰ ਦੇ ਖੇਤੀ ਅੰਕ ਵਿਚ ਆਪਣੇ ਲੇਖ ‘ਫ਼ਸਲ ਵਿਭਿੰਨਤਾ ਬਣੇ ਕਿਸਾਨ ਸੰਘਰਸ਼ ਦਾ ਹਿੱਸਾ’ ਵਿਚ ਇਹ ਸਹੀ ਅਤੇ ਮੌਕੇ ਅਨੁਸਾਰ ਢੁੱਕਵੀਂ ਸਲਾਹ ਦਿੱਤੀ ਹੈ ਕਿ ਜੇ ਕਿਸਾਨ ਅਨਾਜ ਦੀ ਪੈਦਾਵਾਰ ਨੂੰ ਸੀਮਤ ਕਰ ਕੇ ਖੇਤੀ ਵਿਭਿੰਨਤਾ ਨੂੰ ਅਪਣਾ ਲੈਣ, ਤਾਂ ਬਿਨਾ ਕਿਸੇ ਨੁਕਸਾਨ ਦੇ ਕੇਂਦਰੀ ਹਾਕਮਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਬਜ਼ੁਰਗ ਪੱਤਰਕਾਰ ਸੁਖਦੇਵ ਸਿੰਘ ਨੇ ਵੀ ਆਪਣੀ ਫੇਸਬੁੱਕ ਪੋਸਟ ਵਿਚ ਅਜਿਹੀ ਹੀ ਸਲਾਹ ਦਿੱਤੀ ਹੈ, ਜਿਸ ਦਾ ਕਈ ਬੁੱਧੀਜੀਵੀਆਂ ਨੇ ਸਮਰਥਨ ਕੀਤਾ ਹੈ। ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੂੰ ਇਨ੍ਹਾਂ ਸਲਾਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਨਰਿੰਦਰ ਸਿੰਘ ਸੰਧੂ, ਈਮੇਲ
ਸਭ ਤੋਂ ਵੱਡੀ ਚਿੰਤਾ
18 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਖ਼ਿਆਲ-ਦਰ-ਖ਼ਿਆਲ ਤਹਿਤ ਸਵਰਾਜਬੀਰ ਦਾ ਲੇਖ ‘ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦਿਆਂ’ ਪੜ੍ਹਿਆ। ਦੇਸ਼ ਦੇ ਜਾਗਦੇ ਸਿਰਾਂ ਵਾਲੇ ਲੋਕਾਂ ਦੀ ਵੱਡੀ ਚਿੰਤਾ ਇਹ ਨਹੀਂ ਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਆਦਮੀ ਨੂੰ ਇੰਨੇ ਸੌਖੇ ਤਰੀਕੇ ਨਾਲ ਜ਼ਮਾਨਤ ਕਿਉਂ ਦਿੱਤੀ, ਵੱਡੀ ਚਿੰਤਾ ਤਾਂ ਇਹ ਹੈ ਕਿ ਲੇਖ ਵਿਚ ਜ਼ਿਕਰ ਕੀਤੇ ਅਜਿਹੇ ਦਰਜਨਾਂ ਹੋਰ ਲੋਕਾਂ ਨਾਲ ਅਜਿਹੀ ਕਾਨੂੰਨੀ ਰਿਆਇਤ ਵਰਤਣ ਤੋਂ ਹੱਥ ਕਿਉਂ ਘੁੱਟਿਆ ਗਿਆ। ਪੱਤਰਕਾਰ ਸਿੱਦੀਕੀ ਕਾਪਨ ਦਾ ਮਾਮਲਾ ਭਾਵੇਂ ਅਜਿਹਾ ਹੀ ਹੈ ਪਰ ਇਸ ਮਾਮਲੇ ਦਾ ਦੂਜਾ ਪੱਖ ਇਹ ਹੈ ਕਿ ਇਹ ਆਦਮੀ ਕਿਸੇ ਵਿਰੋਧੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਇਸ ਦਾ ਨਾਂ ਵੀ ਅੰਧ-ਰਾਸ਼ਟਰਵਾਦੀਆਂ ਨੂੰ ਚੁੱਭਣ ਵਾਲਾ ਹੈ। ਅਸਲ ਗੱਲ ਇਹ ਵੀ ਹੈ ਕਿ ਅਰਨਬ ਵਿਚ ਕੋਈ ਅਰਨਬ ਨਹੀਂ ਬੋਲਦਾ ਸਗੋਂ ਇਸ ਵਿਚ ਉਹ ਬੋਲਦੇ ਹਨ ਜਿਨ੍ਹਾਂ ਨਾਲ ਇਹਦਾ ਬਾਪ ਮਨੋਰੰਜਨ ਗੋਸਵਾਮੀ ਲੰਮੇ ਤਕ ਜੁੜਿਆ ਰਿਹਾ ਅਤੇ ਜਿਨ੍ਹਾਂ ਨਾਲ ਇਸ ਦੀ ਗੰਢ-ਤੁੱਪ ਵੀ ਜੱਗ ਜ਼ਾਹਿਰ ਹੈ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)
(2)
ਸਵਰਾਜਬੀਰ ਦਾ ਲੇਖ ਆਮ ਆਦਮੀ ਅੰਦਰ ਬੈਠੇ ਆਦਮੀ ਦੀ ਤਰਾਸਦੀ ਬਿਆਨ ਕਰਦਾ ਹੈ। ਆਮ ਆਦਮੀ ਨਿਆਂ ਪਾਲਿਕਾ ਵੱਲ ਵੇਖਦਾ ਹੋਇਆ ਅਰਨਬ ਗੋਸਵਾਮੀ ਅਤੇ ਸਿੱਦੀਕੀ ਕਾਪਨ ਨੂੰ ਵੇਖਣ ਸਮੇਂ ਉਸ ਦੀਆਂ ਦੋਵੇਂ ਅੱਖਾਂ ਅਲੱਗ ਅਲੱਗ ਹੋਈਆਂ ਮਹਿਸੂਸ ਕਰਦਾ ਹੈ। ਆਮ ਆਦਮੀ ਉਦੋਂ ਹੈਰਾਨ ਹੋ ਜਾਂਦਾ ਹੈ ਜਦੋਂ ਮਰਨ ਕੰਢੇ ਪੁੱਜੇ ਸ਼ਾਇਰ ਦਾ ਉਨੀਂਦਰਾ ਜੱਜਾਂ ਨੂੰ ਚੈਨ ਨਾਲ ਸੌਣ ਦੇ ਦਿੰਦਾ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
(3)
ਲੇਖ ਅੰਦਰ ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦੇ ਸਮੇਂ ਆਮ ਆਦਮੀ ਦੀ ਮਾਨਸਿਕ ਅਵਸਥਾ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਅਜੋਕੇ ਦੌਰ ਵਿਚ ਹਾਲਾਤ ਨੂੰ ਸਮਝਣ ਵਾਲਾ ਹਰ ਆਦਮੀ ਬੇਚੈਨੀ ਮਹਿਸੂਸ ਕਰ ਰਿਹਾ ਹੈ। ਜੱਜ ਸਾਹਿਬਾਨ ਦੀ ਜ਼ਮੀਰ ਹਰ ਆਮ ਖ਼ਾਸ ਵਿਅਕਤੀ ਦੇ ਅਧਿਕਾਰਾਂ ਲਈ ਝੰਜੋੜੀ ਜਾਵੇ ਤਾਂ ਅਦਾਲਤਾਂ ਦਾ ਸਰਵਉੱਚ ਰੁਤਬਾ ਬਹਾਲ ਰਹਿ ਸਕਦਾ ਹੈ। ਵਰਵਰਾ ਰਾਓ ਅਤੇ ਸਟੇਨ ਸਵਾਮੀ ਜਿਹੇ ਬਜ਼ੁਰਗ ਸ਼ਾਇਰ ਤੇ ਸਮਾਜਿਕ ਕਾਰਕੁਨ ਲੰਮੇ ਸਮੇਂ ਤੋਂ ਇਨਸਾਫ਼ ਦੀ ਉਡੀਕ ਵਿਚ ਸੰਤਾਪ ਭੋਗ ਰਹੇ ਹਨ। ਲੋੜ ਹੈ ਅਜਿਹੀ ਰਵਾਇਤ ਕਾਇਮ ਕਰਨ ਦੀ ਕਿ ਜੱਜ ਸਾਹਿਬਾਨ ਸੇਵਾਮੁਕਤੀ ਤੋਂ ਬਾਅਦ ਕਿਸੇ ਕਿਸਮ ਦੇ ਰਾਜਸੀ ਅਹੁਦੇ ਨੂੰ ਸਵੀਕਾਰਨ ਤੋਂ ਇਨਕਾਰੀ ਹੋਣ। ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਆਵਾਜ਼ ਉਠਾਉਣਾ ਦੇਸ਼-ਪ੍ਰੇਮ ਹੈ, ਦੇਸ਼-ਧ੍ਰੋਹ ਨਹੀਂ। ਅਜੋਕੇ ਸਮੇਂ ਦਾ ਇਤਿਹਾਸ ਜਦੋਂ ਭਵਿੱਖ ਵਿਚ ਪੜ੍ਹਾਇਆ ਜਾਵੇਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜਿਹਾ ਪ੍ਰਭਾਵ ਕਬੂਲਣਗੀਆਂ?
ਪਰਮਿੰਦਰ ਸਿੰਘ ਕੁੰਡਲ, ਮੋਗਾ
ਖ਼ੂਬਸੂਰਤ ਸੰਦੇਸ਼
18 ਨਵੰਬਰ ਨੂੰ ਬਲਜੀਤ ਪਰਮਾਰ ਨੇ ‘ਸੋਨੇ ਦੇ ਬਟਨ’ ਮਿਡਲ ਰਾਹੀਂ ਬਹੁਤ ਖ਼ੂਬਸੂਰਤ ਸੰਦੇਸ਼ ਦਿੱਤਾ ਹੈ। ਲੇਖਕ ਅਨੁਸਾਰ ਪੜ੍ਹਾਈ ਤੋਂ ਕੀਮਤੀ ਹੋਰ ਕੋਈ ਧਨ ਨਹੀਂ ਹੁੰਦਾ। ਇਸ ਤੋਂ ਇਲਾਵਾ ਮਾਂ ਦੀ ਮਮਤਾ ਅਥਵਾ ਕੁਰਬਾਨੀ ਨੂੰ ਵੀ ‘ਸੋਨੇ ਦੇ ਬਟਨ’ ਦੇ ਪ੍ਰਤੀਕ ਰਾਹੀਂ ਬਿਆਨ ਕਰ ਕੇ ਲੇਖ ਵਿਚ ਡੂੰਘਾਈ ਲਿਆਂਦੀ ਗਈ ਹੈ।
ਬਿਕਰਮਜੀਤ ਨੂਰ, ਗਿੱਦੜਬਾਹਾ
(2)
ਬਲਜੀਤ ਪਰਮਾਰ ਦਾ ਮਿਡਲ ‘ਸੋਨੇ ਦੇ ਬਟਨ’ ਅਜੋਕੇ ਸਮੇਂ ਦੇ ਵਕਤੀ ਲਾਭ ਦੀ ਦੌੜ ਕਾਰਨ ਵਧ ਰਹੀ ਮਾਨਸਿਕ ਅਖੰਡਤਾ ਨਾਲ ਸਬੰਧਿਤ ਗੰਭੀਰ ਸਰੋਕਾਰਾਂ ਤੋਂ ਨਿਜਾਤ ਦਿਵਾਉਣ ਦੀ ਸਾਰਥਿਕ ਲਿਖਤ ਹੈ। ਇਹ ਸਾਦਗੀ, ਸਹਿਜ, ਸਹਿਯੋਗ, ਸੰਜਮ ਆਦਿ ਦਾ ਪੱਲਾ ਫੜ ਆਪਸੀ ਭਰੱਪਣ ਤੇ ਪਰਿਵਾਰ ਦੇ ਮੋਢੀਆਂ ਦੀ ਦੂਰਦਰਸ਼ਤਾ ਤੇ ਆਪਾ ਵਾਰਨ ਦੀ ਸਾਧਨਾਂ ਕਰ ਕੇ ਅਗਲੀ ਪੀੜ੍ਹੀ ਨੂੰ ਪਰਪੱਕਤਾ ਵਾਲੀ ਜੀਵਨ ਜਾਚ ਅਨੁਸਾਰ ਮਿਸਾਲੀ ਜੀਵਨ ਜੀਣ ਦਾ ਸੰਦੇਸ਼ ਦਿੰਦੀ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ
ਜਮਾਤੀ ਤੁਅੱਸਬ
16 ਨਵੰਬਰ ਨੂੰ ਪਰਵਾਜ਼ ਪੰਨੇ ਉੱਤੇ ਐੱਸਪੀ ਸਿੰਘ ਦਾ ਲੇਖ ‘ਮਜ਼ਾਹੀਆ ਕਲਾਕਾਰ ਦਾ ਮਾਮਲਾ’ ਵਧੀਆ ਲੱਗਿਆ। ਲੇਖਕ ਦੇ ਲੇਖ ਜਾਣਕਾਰੀ ਭਰਪੂਰ ਹੁੰਦੇ ਹਨ ਪਰ ਇਸ ਲੇਖ ਵਿਚ ਉਹ ਜੋ ਵਾਕਿਆ 1972 ਦਾ ਲਿਖ ਗਏ ਹਨ, ਦਰਅਸਲ ਉਹ 9 ਅਕਤੂਬਰ 1967 ਦਾ ਹੈ, ਇਸ ਬਾਰੇ ਫ਼ੈਸਲਾ 31 ਜੁਲਾਈ ਨੂੰ ਆਇਆ ਸੀ ਅਤੇ ਮੁੱਖ ਮੰਤਰੀ ਈਐਮਐਸ ਨੰਬੂਦਰੀਪਾਦ ਨੂੰ 50 ਰੁਪਏ ਜੁਰਮਾਨਾ ਕੀਤਾ ਗਿਆ ਸੀ। ਨੰਬੂਦਰੀਪਾਦ ਨੇ ਉਸ ਵੇਲੇ ਪ੍ਰੈਸ ਕਾਨਫਰੰਸ ਦੌਰਾਨ ਜੋ ਬਿਆਨ ਦਿੱਤਾ ਸੀ ਅਤੇ ਜਿਸ ਕਰ ਕੇ ਇਹ ਕੇਸ ਚੱਲਿਆ ਸੀ, ਅੱਜ ਵੀ ਉਹ ਗੱਲ ਪੂਰੀ ਢੁੱਕਦੀ ਹੈ। ਉਨ੍ਹਾਂ ਕਿਹਾ ਸੀ ਕਿ ਜੱਜ ਜਮਾਤੀ ਤੁਅੱਸਬ ਦੇ ਅਸਰ ਹੇਠ ਫ਼ੈਸਲੇ ਸੁਣਾਉਂਦੇ ਹਨ।
ਹਰਮੇਸ਼ ਕੁਮਾਰ, ਈਮੇਲ