ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੁਲਾਈ
ਹਰਿਆਣਾ ਦੇ ਨਵ ਨਿਯੁਕਤ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸੂਬੇ ਦੇ 18ਵੇਂ ਰਾਜਪਾਲ ਵਜੋਂ ਸਹੁੰ ਚੁੱਕੀ ਹੈ। ਇੱਥੇ ਹਰਿਆਣਾ ਦੇ ਰਾਜਭਵਨ ਵਿੱਚ ਕਰਵਾਏ ਸਮਾਗਮ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਸ੍ਰੀ ਦੱਤਾਤ੍ਰੇਅ ਨੂੰ ਸਹੁੰ ਚੁਕਾਈ। ਇਸ ਦੌਰਾਨ ਹਰਿਆਣਾ ਆਰਮਡ ਪੁਲੀਸ ਦੀ ਵਿਸ਼ੇਸ਼ ਟੁਕੜੀ ਨੇ ਰਾਜਪਾਲ ਨੂੰ ਗਾਰਡ ਆਫ਼ ਆਨਰ ਦਿੱਤਾ। ਸਮਾਰੋਹ ਵਿੱਚ ਰਾਜਪਾਲ ਦੀ ਪਤਨੀ ਤੇ ਰਾਜ ਦੀ ਪ੍ਰਥਮ ਮਹਿਲਾ ਵਸੰਤਾ ਦੱਤਾਤ੍ਰੇਅ, ਧੀ ਵਿਜੈਲਕਸ਼ਮੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਸਣੇ ਸਮੂਹ ਕੈਬਨਿਟ ਮੈਂਬਰ ਵੀ ਪਹੁੰਚੇ ਹੋਏ ਸਨ।
ਹਰਿਆਣਾ ਦੇ ਨਵੇਂ ਰਾਜਪਾਲ ਬੰਡਾਰੂ ਦੱਤਾਤ੍ਰੇਅ ਕੇਂਦਰ ਸਰਕਾਰ ਵਿੱਚ ਤਿੰਨ ਵਾਰ ਮੰਤਰੀ ਅਤੇ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦਾ ਜਨਮ 12 ਜੂਨ 1947 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਉਸਮਾਨੀਆ ਯੂਨੀਵਰਸਿਟੀ, ਹੈਦਰਾਬਾਦ ਤੋਂ ਬੀਐੱਸਸੀ ਦੀ ਡਿਗਰੀ ਹਾਸਲ ਕੀਤੀ। ਉਹ 1991 ਵਿੱਚ ਪਹਿਲੀ ਵਾਰ ਦਸਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਸ੍ਰੀ ਦੱਤਾਤ੍ਰੇਅ ਨੇ ਸਾਲ 2014 ਵਿੱਚ ਕੇਂਦਰੀ ਰਾਜ ਕਿਰਤ ਅਤੇ ਰੁਜ਼ਗਾਰ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ। ਸਾਲ 2019 ਵਿੱਚ ਉਹ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨਿਯੁਕਤ ਹੋਏ।