ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਮਾਰਚ
ਮਹਾਂਸ਼ਿਵਰਾਤਰੀ ਦਾ ਪਵਿੱਤਰ ਉਤਸਵ ਅੱਜ ਮਾਛੀਵਾੜਾ ਵਿੱਚ ਵੱਖ-ਵੱਖ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੱਥੋਂ ਦੇ ਇਤਿਹਾਸਕ ਤੇ ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਰ ’ਚ ਅੱਜ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਸੈਲਾਬ ਹੀ ਉਮੜ ਪਿਆ। ਤੜਕੇ 4 ਵਜੇ ਸ਼ਰਧਾਲੂ ਪਵਿੱਤਰ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਅਤੇ ਪੂਜਾ ਅਰਚਨਾ ਕਰਨ ਲਈ ਲਾਈਨਾਂ ਵਿਚ ਖੜ੍ਹੇ ਹੋ ਗਏ ਤੇ ਦੇਰ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦਾ ਆਉਣਾ ਲੱਗਿਆ ਰਿਹਾ। ਮੰਦਰ ਵਿਚ ਆਏ ਸ਼ਰਧਾਲੂਆਂ ਲਈ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸ੍ਰੀ ਦੁਰਗਾ ਸ਼ਕਤੀ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸ਼ਾਮਲ ਸ਼ਰਧਾਲੂ ਬਮ-ਬਮ ਭੋਲੇ ਦੇ ਜੈਕਾਰੇ ਲਗਾਉਂਦੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਦਿਖਾਈ ਦਿੱਤੇ। ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਕਰਨਵੀਰ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ, ਐਡਵੋਕੇਟ ਕਪਿਲ ਆਨੰਦ, ਪਰਮਜੀਤ ਪੰਮੀ, ਸੂਰਜ ਕੁਮਾਰ (ਦੋਵੇਂ ਕੌਂਸਲਰ), ਸੁਰਿੰਦਰ ਬਾਂਸਲ, ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਐਡਵੋਕੇਟ ਗੌਰਵ ਗੋਇਲ, ਜਸਦੇਵ ਸਿੰਘ ਬਿੱਟੂ, ਬੋਬੀ ਖੋਸਲਾ, ਸ਼ਸ਼ੀ ਭਾਟੀਆ, ਸੰਜੀਵ ਲੀਹਲ, ਡਾ. ਧਰਮਵੀਰ ਸ਼ਰਮਾ, ਸਿਮਰਨਜੀਤ ਸਿੰਘ ਗੋਗੀਆ, ਕ੍ਰਿਸ਼ਨ ਲਾਲ ਕਪੂਰ, ਨਰੇਸ਼ ਖੇੜਾ ਵੀ ਮੌਜ਼ੂਦ ਸਨ। ਮੰਦਰ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਮਾਤਾ ਦੀਆਂ ਲਾਲ ਚੁੰਨੀਆਂ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸ਼ੋਭਾ ਯਾਤਰਾ ’ਚ ਸ਼ਾਮਲ ਭਜਨ ਮੰਡਲੀ ਅਤੇ ਸ਼ਰਧਾਲੂ ਔਰਤਾਂ ਵੱਲੋਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਅੱਜ ਸਾਰਾ ਹੀ ਸ਼ਹਿਰ ਹਰ ਹਰ ਮਹਾਂਦੇਵ ਤੇ ਬਮ ਬਮ ਬੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਮੰਦਿਰ ਵਿੱਚ ਆ ਕੇ ਹੀ ਸਮਾਪਤ ਹੋਈ। ਭਗਵਾਨ ਸ਼ਿਵ ਸ਼ੰਕਰ ਤੇ ਪਾਰਬਤੀ ਦੀ ਮੂਰਤੀ ਨੂੰ ਸੁੰਦਰ ਪਾਲਕੀ ਵਿਚ ਸ਼ੁਸ਼ੋਭਿਤ ਕਰ ਸ਼ਰਧਾਲੂਆਂ ਨੇ ਆਪਣੇ ਮੋਢਿਆਂ ’ਤੇ ਚੁੱਕ ਕੇ ਸ਼ਹਿਰ ਦੀ ਪਰਿਕਰਮਾ ਕੀਤੀ। ਸ਼ੋਭਾ ਯਾਤਰਾ ’ਚ ਭਗਵਾਨ ਸ਼ਿਵ ਸ਼ੰਕਰ ਤੇ ਪਾਰਬਤੀ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਸਜਾਈਆਂ ਗਈਆਂ। ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤ ਲਈ ਵੱਖ-ਵੱਖ ਥਾਵਾਂ ’ਤੇ ਦੁਕਾਨਦਾਰਾਂ ਵੱਲੋਂ ਲੰਗਰ ਵੀ ਲਗਾਏ ਗਏ।
ਜਗਰਾਉਂ (ਜਸਬੀਰ ਸ਼ੇਤਰਾ): ਇਥੋਂ ਦੇ ਕਈ ਮੰਦਰਾਂ ’ਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਸਵੇਰ ਤੋਂ ਹੀ ਮੰਦਰਾਂ ’ਚ ਸੰਗਤਾਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਸੇ ਤਰ੍ਹਾਂ ਜੀਐੱਚਜੀ ਅਕੈਡਮੀ ਸਮੇਤ ਕੁਝ ਸਕੂਲਾਂ ’ਚ ਵੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਇਥੇ ਸ਼ਿਵਾਲਾ ਸੀਤਾ ਰਾਮ, ਪੁਰਾਣੀ ਦਾਣਾ ਮੰਡੀ ਮੰਦਰ, ਡੇਰਾ ਮੰਗਲ ਗਿਰੀ, ਸ਼ਿਵ ਮੰਦਰ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਮਹਾਸ਼ਿਵਰਾਤਰੀ ਮਨਾਈ ਗਈ। ਲੋਕਾਂ ਨੇ ਮੰਦਰਾਂ ’ਚ ਸ਼ਿਵ ਦੀ ਮੂਰਤ ਨੂੰ ਦੁੱਧ ਨਾਲ ਧੋਤਾ ਅਤੇ ਪੂਜਾ ਪਾਠ ਕੀਤਾ। ਜੀਐੱਚਜੀ ਅਕੈਡਮੀ ’ਚ ਇਸ ਮੌਕੇ ਨੌਵੀਂ ਜਮਾਤ ਦੀ ਵਿਦਿਆਰਥਣ ਸਿਮਰਪ੍ਰੀਤ ਸ਼ਰਮਾ ਨੇ ਭਾਸ਼ਣ ਰਾਹੀਂ ਮਹਾਸ਼ਿਵਰਾਤਰੀ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਪ੍ਰਿੰਸੀਪਲ ਪੂਨਮ ਸ਼ਰਮਾ ਨੇ ਇਸ ਤਿਉਹਾਰ ਬਾਰੇ ਕਿਹਾ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ਦਾ ਬਹੁਤ ਹੀ ਮਹੱਤਵ ਹੈ।
ਸਮਰਾਲਾ (ਡੀਪੀਐੱਸ ਬੱਤਰਾ): ਇੱਥੇ ਅੱਜ ਮਹਾਂਸ਼ਿਵਰਾਤਰੀ ਪ੍ਰਾਚੀਨ ਤਿੰਨ ਮੰਦਰਾਂ ਸ਼ਿਵਮੱਠ ਚਹਿਲਾਂ ਦੇ ਮੁਕਤੀ ਮੁਕਤੇਸ਼ਵਰ ਮੰਦਰ ਵਿੱਚ ਬਿਰਾਜਮਾਨ ‘ਪੰਚਮੁਖੀ’ ਤੇ ‘ਸ਼ਿਵ-ਗੌਰੀ’ ਸ਼ਿਵਲਿੰਗ ਅਤੇ ਸਮਸ਼ਪੁਰ ਦੇ ਪੰਜ ਹਜ਼ਾਰ ਸਾਲ ਪੁਰਾਣੇ ਪ੍ਰਾਚੀਨ ਪ੍ਰਗਟ ਮਹਾਂਕਲੇਸ਼ਵਰ ਸ਼ਿਵ ਮੰਦਰ ਵਿਖੇ ਸਥਾਪਿਤ ‘ਤ੍ਰਿਨੇਤਰ’ ਸ਼ਿਵ ਪਿੰਡੀ ਦੇ ਸ਼ਰਧਾਲੂਆਂ ਵੱਲੋਂ ਦਰਸ਼ਨ ਕੀਤੇ ਗਏ। ਮੰਦਰਾਂ ਵਿੱਚ ਸਵੇਰੇ 4 ਵਜੇ ਸ਼ਰਧਾਲੂਆਂ ਦੀ ਕਤਾਰਾਂ ਲਗ ਗਈਆਂ। ਦਿਨ ਚੜ੍ਹਦੇ ਤੱਕ ਸਰਵਸ਼ਕਤੀਸ਼ਾਲੀ ‘ਸ਼ਿਵ-ਗੌਰੀ’ ਪਿੰਡੀ ਅਤੇ ਦੁਰੱਲਭ ‘ਪੰਚਮੁਖੀ’ ਸ਼ਿਵਲਿੰਗ ਦੇ ਦਰਸ਼ਨਾਂ ਲਈ ਸ਼ਿਵ ਭਗਤਾਂ ਦਾ ਤਾਂਤਾ ਲੱਗ ਗਿਆ। ਇਸੇ ਤਰ੍ਹਾ ਨੇੜਲੇ ਪਿੰਡ ਸ਼ਮਸ਼ਪੁਰ ਦੇ ਕਾਲੇਸ਼ਵਰ ਮੰਦਿਰ ਵਿੱਚ ਹੋਇਆ। ਇਸ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਜਰਨੈਲ ਸਿੰਘ, ਪਵਿੱਤਰ ਸਿੰਘ, ਹਰਪਾਲ ਸਿੰਘ, ਹਰਬੰਸ ਸਿੰਘ, ਅਮਰੀਕ ਸਿੰਘ, ਬਾਬਾ ਮਿਹਰ ਸਿੰਘ, ਰਣਧੀਰ ਸਿੰਘ, ਮਨਿੰਦਰ ਸਿੰਘ ਸੱਤੂ ਹਾਜ਼ਰ ਸਨ।
ਸ਼ਿਵ ਮੰਦਰ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪ੍ਰਚੀਨ ਮੰਦਰ ਸਿਵਾਲਾ ਖ਼ਾਮ (ਤਲਾਬ ਵਾਲਾ) ਵਿੱਚ ਮਹਾਂ-ਸ਼ਿਵਰਾਤਰੀ ਮਨਾਈ ਗਈ। ਇਸ ਸਬੰਧੀ ਆਰੰਭ ਕਰਵਾਏ ਸ੍ਰੀ ਮਹਾਂਸ਼ਿਵ ਪੁਰਾਣ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਤੋਂ ਇਲਾਵਾ ਸ਼ਿਵ ਮੰਦਰ ਬਗੀਚੀ ਰਾਏਕੋਟ, ਕੁੰਜ ਬਿਹਾਰੀ ਮੰਦਰ, ਵੱਡਾ ਮੰਦਰ, ਠਾਕੁਰ ਦੁਆਰਾ ਲਾਲ ਜੀ ਦਾਸ, ਦੁਰਗਾ ਸ਼ਕਤੀ ਮੰਦਰ, ਹਨੂੰਮਾਨ ਮੰਦਰ ਵਿੱਚ ਵੀ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਮੰਦਰ ਸ਼ਿਵਾਲਾ ਖਾਮ ’ਚ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਹੇਠ ਪ੍ਰਬੰਧਕੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਸੰਸਦੀ ਸਕੱਤਰ ਅਤੇ ਪੀਪੀਸੀਸੀ ਮੈਂਬਰ ਬਿਕਰਮਜੀਤ ਸਿੰਘ ਖਾਲਸਾ, ਕਾਮਿਲ ਬੋਪਾਰਾਏ, ਹੀਰਾ ਲਾਲ ਬਾਂਸਲ (ਮੁਸਕਾਨ ਫੀਡ), ਡਾ. ਬੀਐੱਲ ਬਾਂਸਲ (ਮੈਰੀ ਗੋਲਡ), ਪੰਡਤ ਕ੍ਰਿਸ਼ਾਨ ਕੁਮਾਰ ਜੋਸ਼ੀ, ਕਮਲ ਚੇਟਲੀ ਲੁੁਧਿਆਣਾ ਹਾਜ਼ਰ ਹੋਏ। ਸ਼ਿਵਾਲਾ ਖਾਮ ਮੰਦਰ ਵਿੱਚ ਨਵੇਂ ਬਣਾਏ ਜਾ ਰਹੇ ਸ਼ਿਵ ਮੰਦਰ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਾਮਿਲ ਬੋਪਾਰਾਏ, ਹੀਰਾ ਲਾਲ ਬਾਂਸਲ, ਡਾ. ਬਲਵਿੰਦਰ ਬਾਂਸਲ ਵੱਲੋਂ ਕੀਤੀ ਗਈ।ਇਸ ਮੌਕੇ ਵੱਖ ਵੱਖ ਕੀਰਤਨ ਮੰਡਲੀਆਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।