ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਸਤੰਬਰ
ਦੇਸ਼ ਦੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਤੋਂ ਬਚਾਉਣ ਦੇ ਅਹਿਦ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਕੀਤੀ ਗਈ। ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ ਕਰਦਿਆਂ ਕੇਂਦਰ ਦੀ ਮੋਦੀ ਤੇ ਯੂਪੀ ਦੀ ਯੋਗੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਪੱਛਮੀ ਬੰਗਾਲ ਚੋਣਾਂ ਦੀ ਤਰਜ਼ ’ਤੇ ਆਗਾਮੀ ਚੋਣਾਂ ’ਚ ‘ਵੋਟ ਦੀ ਚੋਟ’ ਜ਼ਰੀਏ ਭਾਜਪਾ ਨੂੰ ਸਬਕ ਸਿਖਾਵਾਂਗੇ। ਮਹਾਪੰਚਾਇਤ ਵਿੱਚ 15 ਰਾਜਾਂ ਦੀਆਂ 300 ਤੋਂ ਵੱਧ ਕਿਸਾਨ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ।
ਕਿਸਾਨਾਂ ਨੇ ਅਹਿਦ ਲਿਆ ਕਿ ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਅੰਦੋਲਨ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਮੰਚ ਤੋਂ ਯੂਪੀ ਦੀ ਯੋਗੀ ਯੋਗੇਂਦਰ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਘੇਰਦਿਆਂ ਯੂਪੀ ਸਰਕਾਰ ਨੂੰ ‘ਜੁਮਲੇਬਾਜ਼, ਫਰੇਬੀ, ਦੇਸ਼ਧ੍ਰੋਹੀ, ਢੋਂਗੀ ਤੇ ਲੁਟੇਰਾ’ ਜਿਹੇ ਪੰਜ ਲਕਬ ਦਿੱਤੇ। ਕਿਸਾਨ ਆਗੂਆਂ ਨੇ ਮੰਚ ਤੋਂ ਇਕਮੱਤ ਨਾਲ 27 ਸਤੰਬਰ ਨੂੰ ਮੁਕੰਮਲ ‘ਭਾਰਤ ਬੰੰਦ’ ਦਾ ਵੀ ਸੱਦਾ ਦਿੱਤਾ। ਪਹਿਲਾਂ ਇਹ ਸੱਦਾ 25 ਸਤੰਬਰ ਲਈ ਸੀ। ਆਗੂਆਂ ਨੇ ਕਿਹਾ ਕਿ ‘ਭਾਰਤ ਬੰਦ’ ਵਿੱਚ ਹਰ ਸੂਬੇ ਦੇ ਕਿਸਾਨ, ਮਜ਼ਦੂਰ ਤੇ ਹੋਰ ਵਰਗ ਹਿੱਸਾ ਲੈਣਗੇ। ਮਹਾਪੰਚਾਇਤ ਦੌਰਾਨ ਮੋਰਚੇ ਨੇ ਉੱਤਰ ਪ੍ਰਦੇਸ਼ ਦੇ ਗੰਨਾ ਕਾਸ਼ਤਕਾਰਾਂ ਦੇ 20 ਹਜ਼ਾਰ ਕਰੋੜ ਦੇ ਯੂਪੀ ਸਰਕਾਰ ਖ਼ਿਲਾਫ਼ ਖੜ੍ਹੇ ਬਕਾਏ ਨੂੰ ਦੇਣ ਦੀ ਮੰਗ ਪ੍ਰਤੀ ਵੀ ਸੰਜੀਦਗੀ ਦਿਖਾਈ।
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਮਹਾਪੰਚਾਇਤ ’ਚ ਕਿਹਾ, ‘‘ਦਿੱਲੀ ਬਾਰਡਰਾਂ ’ਤੇ ਮੋਰਚਾ ਉੱਦੋਂ ਤੱਕ ਚਲੇਗਾ ਜਦੋਂ ਤੱਕ ਕਿ ਕੇਂਦਰ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ, ਚਾਹੇ ਫਿਰ ਕਿਸਾਨਾਂ ਦੇ ਉੱਥੇ ਹੀ ਸ਼ਮਸ਼ਾਨ ਘਾਟ ਬਣ ਜਾਣ। ਆਪਣੀਆਂ ਜਾਨਾਂ ਦੇ ਦਿਆਂਗੇ, ਪਰ ਜਿੱਤਣ ਤੋਂ ਬਿਨਾਂ ਪ੍ਰਦਰਸ਼ਨਾਂ ਵਾਲੀਆਂ ਥਾਵਾਂ ਨਹੀਂ ਛੱਡਾਂਗੇ।’’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਮੌਨੇਟਾਈਜ਼ੇਸ਼ਨ ਪਾਈਪਲਾਈਨ ਸਕੀਮ ਰਾਹੀਂ ‘ਦੇਸ਼ ਵੇਚਣ ਲਾ ਛੱਡਿਆ ਹੈ’ ਜਦੋਂਕਿ ਦੇਸ਼ ਦੇ ਨੌਜਵਾਨ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ਜ਼ਿੰਮੇਵਾਰੀ ਹੁਣ ਨੌਜਵਾਨਾਂ ਦੇ ਮੋਢਿਆਂ ਉਪਰ ਹੈ। ਉਨ੍ਹਾਂ ਕਿਹਾ ਕਿ ਹੁਣ ਮਿਸ਼ਨ ਦੇਸ਼ ਬਚਾਉਣ ਦਾ ਹੈ ਕਿਉਂਕਿ ਕੇਂਦਰ ਵੱਲੋਂ ਰੇਲਵੇ ਤੇ ਹਵਾਈ ਅੱਡੇ ਵੇਚੇ ਜਾਣਗੇ। ਉਨ੍ਹਾਂ ਕਿਹਾ ਕਿ ਬਿਜਲੀ, ਸੜਕਾਂ, ਕੰਪਨੀਆਂ ਵੇਚਣ ਦੀ ਯੋਜਨਾ ਨਾਲ ਦੇਸ਼ ਨਾਲ ਧੋਖਾ ਕੀਤਾ ਗਿਆ। ਐੱਲਆਈਸੀ, ਬੰਦਰਗਾਹ, ਬੈਂਕ, ਨਦੀਆਂ, ਪਾਣੀ ਸਭ ਵਿਕ ਰਹੇ ਹਨ ਤੇ ਅਡਾਨੀ ਤੇ ਅੰਬਾਨੀ ਵਰਗੇ ਇਸ ਦੇ ਖਰੀਦਦਾਰ ਹਨ। ਐੱਫਸੀਆਈ ਦੇ ਗੁਦਾਮ ਵੀ ਇਨ੍ਹਾਂ ਕਾਰਪੋਰੇਟਾਂ ਕੋਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ ਤੇ ਹੁਣ ਦੇਸ਼ ਦੀ ਖੇਤੀ ਵੀ ਵੇਚਣ ਲਾ ਛੱਡੀ ਹੈ। ਯੋਗੀ ਸਰਕਾਰ ਗੰਨੇ ਦੇ ਭਾਅ ਦੇਣ ਤੋਂ ਮੁੱਕਰ ਗਈ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਨਾਂ ’ਤੇ ਸਿਆਸਤ ਕਰਨ ਦੇ ਲਾਏ ਦੋਸ਼ਾਂ ਦਾ ਠੋਕਵਾਂ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ ਕਿ ਮੰਗਾਂ ਤੇ ਮਸਲਿਆਂ ਨੂੰ ਚੁੱਕਣਾ ਜੇਕਰ ਸਿਆਸਤ ਹੈ ਤਾਂ ਸਥਾਨਕ ਲੋਕ ਇਹ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਯੂਪੀ ਦੀ ਇਸ ਜ਼ਮੀਨ ’ਤੇ ਦੰਗੇ ਕਰਵਾਉਣ ਵਾਲੇ ਲੋਕਾਂ ਨੂੰ ਇੱਥੋਂ ਦੀ ਜਨਤਾ ਬਰਦਾਸ਼ਤ ਨਹੀਂ ਕਰੇਗੀ।
ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਨੇ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਯੋਗੀ ਸਰਕਾਰ ਨੂੰ ਪੰਜ ਨਾਂ ਦਿੱਤੇ। ਉਨ੍ਹਾਂ ਕਿਹਾ ਕਿ ‘ਸੌ ਸੁਨਿਆਰ ਦੀ, ਇੱਕ ਲੁਹਾਰ ਦੀ’ ਨਾਲ ਮੋਦੀ ਤੇ ਯੋਗੀ ਸਰਕਾਰ ਨੂੰ ਮਹਾਪੰਚਾਇਤ ਰਾਹੀਂ ਜਵਾਬ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਨੇ 86 ਲੱਖ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਦਾਅਵਾ ਕੀਤਾ ਸੀ, ਪਰ ਸੂਚਨਾ ਅਧਿਕਾਰ ਤਹਿਤ ਲਈ ਜਾਣਕਾਰੀ ਵਿੱਚ ਇਹ ਗਿਣਤੀ ਅੱਧੀ ਵੀ ਨਹੀਂ ਸੀ, ਇਸ ਲਈ ‘ਯੋਗੀ ਨਹੀਂ ਢੋਂਗੀ ਹੈ’। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਗੰਨੇ ਦਾ 20 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਨਾ ਦੇਣ ਕਰਕੇ ਇਹ ‘ਯੋਗੀ ਨਹੀਂ ਲੁਟੇਰਾ ਸਰਕਾਰ’ ਹੈ। ਕਣਕ ਪੈਦਾਵਾਰ ਦਾ 18% ਹੀ ਖਰੀਦਣ ਤੇ ਹੋਰ ਫਸਲਾਂ ਦੀ ਮਾਮੂਲੀ ਸਰਕਾਰੀ ਖਰੀਦ ’ਤੇ ਉਨ੍ਹਾਂ ਕਿਹਾ, ‘‘ਯੋਗੀ ਨਹੀਂ ਜੁਮਲੇਬਾਜ਼ ਹੈ।’’ ਫਸਲਾਂ ਦੇ ਬੀਮੇ ਤਹਿਤ ਕਿਸਾਨਾਂ ਨਾਲ ਕੰਪਨੀਆਂ ਵੱਲੋਂ ਢਾਈ ਹਜ਼ਾਰ ਕਰੋੜ ਦੀ ਠੱਗੀ ਮਾਰਨ ਦਾ ਦੋਸ਼ ਲਾਉਂਦੇ ਹੋਏ ਸ੍ਰੀ ਯਾਦਵ ਨੇ ‘ਯੋਗੀ ਨਹੀਂ ਫਰੇਬੀ ਹੈ’ ਦਾ ਨਾਅਰਾ ਬੁਲੰਦ ਕੀਤਾ। ਯਾਦਵ ਨੇ ਯੂਪੀ ਦੇ ਮੁੱਖ ਮੰਤਰੀ ਨੂੰ ਪੰਜਵਾਂ ਨਾਂ ‘ਯੋਗੀ ਨਹੀਂ ਦੇਸ਼ ਧਰੋਹੀ ਹੈ’ ਵਜੋਂ ਦਿੱਤਾ। ਉਨ੍ਹਾਂ ਹਿੰਦੂ-ਮੁਸਲਿਮ ਏਕਤਾ ਲਈ ਭਾਜਪਾ ਨੂੰ ਸੁਣਾਉਂਦਿਆਂ ‘ਤੁਮ ਤੋੜੋਗੇ, ਹਮ ਜੋੜੇਂਗੇ’ ਦੇ ਨਾਅਰੇ ਲਾਏ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ 1857 ਦੇ ਗ਼ਦਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਕ੍ਰਾਂਤੀ ਦੀ ਝਲਕ ਇਸ ਮਹਾਪੰਚਾਇਤ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਸ਼ਾਹ ਦੀ ਜੋੜੀ ਗੱਦੀ ਛੱਡੇ ਤੇ ਕਾਰਪੋਰੇਟ ਖੇਤੀ ਛੱਡਣ। ਉਨ੍ਹਾਂ ਐਲਾਨ ਕੀਤਾ ਕਿ 9-10 ਸਤੰਬਰ ਦੀ ਲਖਨਊ ਦੀ ਬੈਠਕ ਦੌਰਾਨ ਯੂਪੀ ਦੇ ਗੰਨਾ ਕਿਸਾਨਾਂ ਦੇ ਮਸਲੇ ਵਿਚਾਰੇ ਜਾਣਗੇ। ਕਿਸਾਨ ਆਗੂ ਹਨਨ ਮੌਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਵਰਗ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਸ ਲਈ ਕਿਸਾਨ ਵਿਰੋਧੀ ਭਾਜਪਾ ਨੂੰ ਹਰਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਰਾਜ ਅੰਦਰ ਸੰਯੁਕਤ ਕਿਸਾਨ ਮੋਰਚਾ ਬਣੇਗਾ।
ਬੀਕੇਯੂ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਕਿਹਾ ਕਿ ਮਹਾਪੰਚਾਇਤ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਮਹਾਰਾਸ਼ਟਰ, ਕਰਨਾਟਕ ਸਮੇਤ ਹੋਰਨਾਂ ਥਾਵਾਂ ਤੋਂ 300 ਤੋਂ ਵੱਧ ਕਿਸਾਨ ਯੂਨੀਅਨਾਂ ਸ਼ਾਮਲ ਹੋਈਆਂ। ਕਿਸਾਨਾਂ ਲਈ 5000 ਤੋਂ ਵਧ ‘ਲੰਗਰਾਂ’ ਤੇ 100 ਦੇ ਕਰੀਬ ਮੈਡੀਕਲ ਕੈਂਪਾਂ ਦਾ ਵੀ ਪ੍ਰਬੰਧ ਕੀਤਾ ਗਿਆ। ਮਹਾਪੰਚਾਇਤ ਵਿੱਚ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹੋਈਆਂ। ਮਹਾਪੰਚਾਇਤ ਕਰਕੇ ਇਹਤਿਆਤ ਵਜੋਂ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਤੇ ਭਾਜਪਾ ਵਿਧਾਇਕ ਉਮੇਸ਼ ਮਲਿਕ ਦੇ ਘਰਾਂ ਬਾਹਰ ਪੁਲੀਸ ਅਮਲਾ ਤਾਇਨਾਤ ਰਿਹਾ।
‘ਯੂਪੀ ਦੀ ਧਰਤੀ ’ਤੇ ਦੰਗਾਈਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ’
ਮੁਜ਼ੱਫਰਨਗਰ/ਲਖਨਊ: ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਭਾਜਪਾ ਆਗੂਆਂ ਨੂੰ ‘ਦੰਗਾਈ’ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਨੂੰ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਸਬਕ ਸਿਖਾਇਆ ਜਾਵੇਗਾ। ਟਿਕੈਤ ਨੇ ਕਿਹਾ, ‘‘ਇਸ ਸਰਕਾਰ ਨੂੰ ‘ਵੋਟ ਕੀ ਚੋਟ’ ਦੇਣੀ ਚਾਹੀਦੀ ਹੈ। ‘ਫਸਲੋਂ ਦਾ ਦਾਮ ਨਹੀਂ, ਤੋਂ ਵੋਟ ਨਹੀਂ’ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ। ਮੋਦੀ, ਯੋਗੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ‘ਬਾਹਰਵਾਲੇ’ ਵਜੋਂ ਹਵਾਲਾ ਦਿੰਦਿਆਂ ਟਿਕੈਤ ਨੇ ਕਿਹਾ ਕਿ ਜੇਕਰ ਉਹ ਉੱਤਰਾਖੰਡ ਜਾਂ ਗੁਜਰਾਤ ਦੀਆਂ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ, ‘‘ਪਰ ਉੱਤਰ ਪ੍ਰਦੇਸ਼ ਦੀ ਧਰਤੀ ’ਤੇ ਇਨ੍ਹਾਂ ਦੰਗਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਨਿਸ਼ਾਨਾ ‘ਉੱਤਰ ਪ੍ਰਦੇਸ਼ ਜਾਂ ਉੱਤਰਾਖੰਡ ਤੱਕ ਸੀਮਤ ਰਹਿਣਾ ਨਹੀਂ ਬਲਕਿ ਮੁਲਕ ਤੇ ਆਪਣੇ ਮਿਸ਼ਨ ਨੂੰ ਬਚਾਉਣਾ ਹੈ।’’ ਟਿਕੈਤ ਨੇ ਕਿਹਾ ਕਿ ਬੈਂਕ ਇੰਜ ਵੇਚੇ ਜਾ ਰਹੇ ਹਨ ਜਿਵੇਂ ਭਾਰਤੀ ਖੁਰਾਕ ਨਿਗਮ ਦੀ ਜ਼ਮੀਨ ਹੋਵੇ। -ਪੀਟੀਆਈ
ਦੰਗਾ ਨਹੀਂ ਕਰਨਾ ਹੈ ਬਲਕਿ ਪੰਗਾ ਲੈਣਾ ਹੈ: ਮੇਧਾ ਪਟਕਰ
ਮੇਧਾ ਪਟਕਰ ਨੇ ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਦੰਗਾ ਨਹੀਂ ਕਰਨਾ ਬਲਕਿ ਪੰਗਾ ਲੈਣਾ’ ਹੈ ਤੇ ਭਾਜਪਾ ਸਰਕਾਰ ਦੀ ਨੋਟਬੰਦੀ ਖ਼ਿਲਾਫ਼ ‘ਵੋਟਬੰਦੀ’ ਕਰਨੀ ਹੈ। ਉਨ੍ਹਾਂ ਦਿੱਲੀ ਦੇ ਸੈਂਟਰਲ ਵਿਸਟਾ ਪ੍ਰਾਜੈਕਟ ਬਾਰੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਹਿਮ ਸਰਕਾਰੀ ਇਮਾਰਤਾਂ ਢਾਹ ਕੇ ਹਜ਼ਾਰਾਂ ਕਰੋੜ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਉਨ੍ਹਾਂ ‘ਲੜਾਂਗੇ-ਜਿੱਤਾਂਗੇ’ ਦਾ ਨਾਅਰਾ ਦਿੱਤਾ।
ਦੇਸ਼ ਖਾਸ ਕਿਸਮ ਦੇ ਹਾਲਾਤ ’ਚੋਂ ਲੰਘ ਰਿਹੈ: ਰਾਜੇਵਾਲ
ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਖ਼ਾਸ ਕਿਸਮ ਦੇ ਹਾਲਾਤ ’ਚੋਂ ਲੰਘ ਰਿਹੈ। ਮੋਦੀ ਤੇ ਯੋਗੀ ਸਰਕਾਰ ਲੋਕਾਂ ਲਈ ਨਹੀਂ ਬਲਕਿ ਕਾਰਪੋਰੇਟਾਂ ਲਈ ਕੰਮ ਕਰ ਰਹੀ ਹੈ। ਪੱਛਮੀ ਬੰਗਾਲ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ‘‘ਜੇਕਰ ਭਾਜਪਾ ਨੂੰ ‘ਵੋਟ ਦੀ ਚੋਟ’ ਹੀ ਨਜ਼ਰ ਆਉਂਦੀ ਹੈ ਤਾਂ ਅੱਜ ਦੇ ਸਮਾਗਮ ਤੋਂ ਬਾਅਦ ਵੋਟ ਦੀ ਚੋਟ ਦਾ ਮਾਹੌਲ ਤਿਆਰ ਹੋ ਗਿਆ ਹੈ, ਮੋਦੀ ਜੀ ਤਿਆਰ ਹੋ ਜਾਓ ਮੈਦਾਨ ਵਿੱਚ ਦੇਖਾਂਗੇ।’’ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਜੜ੍ਹਾਂ ਹਿਲ ਗਈਆਂ ਹਨ ਤੇ ਵਿਦੇਸ਼ਾਂ ’ਚ ਮੋਦੀ ਸਰਕਾਰ ਦਾ ਮਖੌਲ ਉੱਡ ਰਿਹਾ ਹੈ। ਹੁਣ ਮੋਦੀ ਸਰਕਾਰ ਕੋਲ ਸੋਚਣ ਸਮਝਣ ਦਾ ਸਮਾਂ ਹੈ, ਨਹੀਂ ਸਮਝੇ ਤਾਂ ਸਰਕਾਰ ਨੂੰ ਅਗਾਮੀ ਚੋਣਾਂ ਵਿੱਚ ਸਜ਼ਾ ਮਿਲੇਗੀ।
ਮੁਜ਼ੱਫਰਨਗਰ ’ਚ ਕਿਸਾਨ ਮਹਾ ਪੰਚਾਇਤ ਮਹਿਜ਼ ‘ਚੋਣ ਮੀਟਿੰਗ’: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਮੁਜ਼ੱਫਰਨਗਰ ਵਿੱਚ ਕੀਤੀ ‘ਕਿਸਾਨ ਮਹਾਪੰਚਾਇਤ’ ਨੂੰ ‘ਚੋਣ ਮੀਟਿੰਗ ਕਰਾਰ’ ਦਿੱਤਾ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਸੂਬਿਆਂ ’ਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਪੰਚਾਇਤ ਦੇ ਪ੍ਰਬੰਧਕ ਸਿਆਸੀ ਸਰਗਰਮੀਆਂ ’ਚ ਵਧੇਰੇ ਦਿਲਚਸਪੀ ਲੈ ਰਹੇ ਹਨ। ਭਾਜਪਾ ‘ਕਿਸਾਨ ਮੋਰਚਾ’ ਦੇ ਪ੍ਰਧਾਨ ਤੇ ਸੰਸਦ ਮੈਂਬਰ ਰਾਜਕੁਮਾਰ ਚਾਹਰ ਨੇ ਇਕ ਬਿਆਨ ਵਿੱਚ ਦਾਅਵਾ ਕੀਤਾ ਕਿ ਮਹਾਪੰਚਾਇਤ ਦੇ ਪ੍ਰਬੰਧਕਾਂ ਦਾ ਇਕੋ-ਇਕ ਏਜੰਡਾ ਸਿਆਸਤ ਹੈ ਤੇ ਉਨ੍ਹਾਂ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ ਹੈ। ਚਾਹਰ ਨੇ ਕਿਹਾ, ‘‘ਇਹ ਇਕ ਸਿਆਸੀ ਤੇ ਚੋਣ ਮੀਟਿੰਗ ਤੋਂ ਛੁੱਟ ਕੁਝ ਨਹੀਂ ਸੀ। ਵਿਰੋਧੀ ਧਿਰ ਤੇ ਇਹ ਕਿਸਾਨ ਯੂਨੀਅਨਾਂ ਦੇ ਆਗੂ ਸਿਆਸਤ ਵਿੱਚ ਪੈਰ ਧਰਨ ਲਈ ਕਿਸਾਨਾਂ ਦਾ ਮੋਢਾ ਵਰਤ ਰਹੇ ਹਨ।’’ ਚਾਹਰ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿੱਚ ਕਿਸਾਨਾਂ ਲਈ ਜਿੰਨਾ ਕੰਮ ਕੀਤਾ ਹੈ, ਓਨਾ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ। -ਪੀਟੀਆਈ
ਜੈਯੰਤ ਚੌਧਰੀ ਨੂੰ ਨਹੀਂ ਮਿਲੀ ਫੁੱਲਾਂ ਦੀ ਵਰਖਾ ਲਈ ਇਜਾਜ਼ਤ
ਮੁਜ਼ੱਫਰਨਗਰ: ਮੁਜ਼ੱਫਰਨਗਰ ਪ੍ਰਸ਼ਾਸਨ ਨੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮੁਖੀ ਜਯੰਤ ਚੌਧਰੀ ਨੂੰ ਮਹਾਪੰਚਾਇਤ ਵਾਲੀ ਥਾਂ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ। ਸਿਟੀ ਮੈਜਿਸਟਰੇਟ ਅਭਿਸ਼ੇਕ ਸਿੰਘ ਨੇ ਚੌਧਰੀ ਵੱਲੋਂ ਕੀਤੀ ਅਪੀਲ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ। ਰਾਸ਼ਟਰੀ ਲੋਕ ਦਲ ਨੇ ਅੱਜ ਮਹਾਪੰਚਾਇਤ ਵਿੱਚ ਆਪਣੀ ਸਿਆਸੀ ਮੌਜੂਦਗੀ ਦਰਜ ਕਰਵਾਈ। -ਪੀਟੀਆਈ
ਜਸਬੀਰ ਕੌਰ ਨੱਤ ਨੇ ਵੀ ਕਿਸਾਨ ਮਹਾ ਪੰਚਾਇਤ ਨੂੰ ਕੀਤਾ ਸੰਬੋਧਨ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫ਼ਰਨਗਰ (ਯੂਪੀ) ਵਿੱਚ ਕੀਤੀ ਗਈ ਦੇਸ਼ ਭਰ ’ਚੋਂ ਆਏ ਲੱਖਾਂ ਕਿਸਾਨਾਂ ਦੀ ਸ਼ਮੂਲੀਅਤ ਵਾਲੀ ਮਹਾ ਪੰਚਾਇਤ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂਆਂ ਵਿੱਚ ਜਸਬੀਰ ਕੌਰ ਨੱਤ ਵੀ ਸ਼ਾਮਲ ਸੀ, ਜੋ ਮਾਨਸਾ ਸ਼ਹਿਰ ਤੇ ਪੂਰੇ ਜ਼ਿਲ੍ਹੇ ਦੀ ਜਾਣੀ-ਪਛਾਣੀ ਤੇ ਸਰਗਰਮ ਸਮਾਜ ਸੇਵੀ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਇੱਕ ਪ੍ਰਮੁੱਖ ਸੂਬਾਈ ਲੀਡਰ ਹੈ। ਜਦੋਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਮੋਰਚਾ ਲੱਗਿਆ ਹੈ, ਉਦੋਂ ਤੋਂ ਜਸਬੀਰ ਕੌਰ ਨੱਤ, ਪਰਿਵਾਰ ਸਣੇ ਉਥੇ ਡਟੀ ਹੋਈ ਹੈ। ਉਹ ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਮੰਚ ਸੰਚਾਲਨ ਕਮੇਟੀ ਦੀ ਇੱਕਲੌਤੀ ਮਹਿਲਾ ਮੈਂਬਰ ਤੇ ਮੋਹਰੀ ਆਗੂ ਹੈ। ਟਿਕਰੀ ਮੋਰਚੇ ’ਤੇ ਮੌਜੂਦ ਪੰਜਾਬ ਤੇ ਹਰਿਆਣਾ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਜਸਬੀਰ ਨੱਤ ਨੂੰ ਇਕ ਸਰਬ ਸਾਂਝੀ ਲੀਡਰ ਵਜੋਂ ਪ੍ਰਵਾਨ ਕਰਦੇ ਹਨ।
ਝਲਕੀਆਂ
- ਕਿਸਾਨ ਮਹਾਪੰਚਾਇਤ ਦੌਰਾਨ ਜੀਆਈਸੀ ਮੈਦਾਨ ਦਾ ਮੁੱਖ ਪੰਡਾਲ ਕਿਸਾਨਾਂ ਦੀ ਹਾਜ਼ਰੀ ਨਾਲ ਨੱਕੋ-ਨੱਕ ਭਰਿਆ ਰਿਹਾ।
- ਰਾਕੇਸ਼ ਟਿਕੈਤ ਦੇ ਮੰਚ ’ਤੇ ਆਉਂਦਿਆਂ ਹੀ ਪੰਡਾਲ ਵਿੱਚ ਜੋਸ਼ ਭਰ ਗਿਆ ਤੇ ਇਕੱਠ ਨੂੰ ਕਾਬੂ ਕਰਨ ’ਚ ਵਾਲੰਟੀਅਰਾਂ ਦੇ ਪਸੀਨੇ ਛੁੱਟ ਗਏ।
- ਮੁੱਖ ਮੰਚ ’ਤੇ ਬਣੇ ‘ਡੀ’ ਸਰਕਲ ਵਿੱਚ 60-70 ਨੌਜਵਾਨਾਂ ਵੱਲੋਂ ਹੂਟਿੰਗ ਕਰਨ ਤੇ ਔਰਤਾਂ ਨਾਲ ਬਦਤਮੀਜ਼ੀ ਕਰਨ ਦਾ ਰਾਕੇਸ਼ ਟਿਕੈਤ ਨੇ ਸਖ਼ਤ ਨੋਟਿਸ ਲਿਆ
- ਟਿਕੈਤ ਨੇ ਮਾਈਕ ਤੋਂ ਝਾੜ ਪਾਉਂਦਿਆਂ ਇਕੱਲੇ-ਇਕੱਲੇ ਦੀ ਤਲਾਸ਼ੀ ਲੈ ਕੇ ਸ਼ਨਾਖਤ ਕਰਨ ਲਈ ਕਿਹਾ।
- ਕਿਸਾਨਾਂ ਨੇ ਰਵਾਇਤੀ ਸਾਫ਼ਿਆਂ ਨੂੰ ਹਵਾ ’ਚ ਲਹਿਰਾ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਇਕਜੁੱਟਤਾ ਪ੍ਰਗਟਾਈ।
- ਬੁਲਾਰਿਆਂ ਨੇ ਮੁਜ਼ੱਫ਼ਰਨਗਰ ਦੇ ਇਸ ਮੈਦਾਨ ਦੇ ਇਤਿਹਾਸਕ ਹਵਾਲੇ ਦੇ ਕੇ ਕਿਸਾਨਾਂ ਨੂੰ ਭਾਜਪਾ ਸਰਕਾਰ ਖ਼ਿਲਾਫ਼ ਲਾਮਬੰਦ ਕੀਤਾ।