ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 11 ਮਾਰਚ
ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਅਧੀਨ ਆਉਂਦੇ ਚੰਗਰ ਇਲਾਕੇ ਵਿੱਚ ਪੈਂਦੇ ਕਰੀਬ ਤਿੰਨ ਦਰਜਨ ਦੇ ਕਰੀਬ ਪਿੰਡਾਂ ਵਿੱਚ ਇਸ ਵਾਰ ਬਰਸਾਤ ਨਾ ਹੋਣ ਕਰਕੇ ਸੋਕੇ ਦੀ ਮਾਰ ਪੈ ਗਈ ਹੈ। ਇਸ ਕਰਕੇ ਇਸ ਨੀਮ ਪਹਾੜੀ ਖਿੱਤੇ ਦੇ ਪਿੰਡਾਂ ਦੇ ਛੋਟੇ ਤੇ ਗਰੀਬ ਕਿਸਾਨਾਂ ਦੀ ਕਰੀਬ ਸਤਾਰਾਂ ਹਜ਼ਾਰ ਏਕੜ ਜ਼ਮੀਨ ਸੋਕੇ ਹੇਠ ਆ ਗਈ ਹੈ। ਇਸ ਕਰਕੇ ਇੱਥੋਂ ਦੀ ਕਿਸਾਨੀ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਵਿੱਚ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਦੇ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸੋਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਰਸਾਤ ਨਾ ਹੋਣ ਕਰਕੇ ਚੰਗਰ ਦੇ ਕਿਸਾਨਾਂ ਦੀ ਕਣਕ ਦੀ ਸਮੁੱਚੀ ਫਸਲ ਨੂੰ ਸੋਕੇ ਦੀ ਮਾਰ ਪਈ ਹੈ। ਇਸ ਸਬੰਧੀ ਉਨ੍ਹਾਂ ਮੁੱਢਲੀ ਰਿਪੋਰਟ ਜ਼ਮੀਨ ਪੱਧਰ ਦੇ ਮੁਲਾਜ਼ਮਾਂ ਤੋਂ ਮੰਗਵਾ ਲਈ ਹੈ ਤੇ ਜਲਦੀ ਹੀ ਇਹ ਰਿਪੋਰਟ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ।
ਇਸ ਸਬੰਧੀ ਚੰਗਰ ਦੇ ਨਿਵਾਸੀਆਂ ਹਰਬੰਸ ਲਾਲ ਮੈਹੰਦਲੀ, ਸਰਪੰਚ ਬਿਨੋਦ ਕੁਮਾਰ, ਨੰਦ ਲਾਲ ਸਰਪੰਚ ਕਾਹੀਵਾਲ, ਭਜਨ ਸਰਪੰਚ ਪਹਾੜਪੁਰ, ਸੁੱਚਾ ਸਿੰਘ ਸਰਪੰਚ ਸਮਲਾਹ, ਸੋਹਣ ਲਾਲ ਸਰਪੰਚ ਸਿੰਬਰਵਾਲ, ਪ੍ਰੇਮ ਚੰਦ ਵਰਮਾ ਸਰਪੰਚ ਬਲੋਲੀ, ਗੁਰਦੀਪ ਸਿੰਘ ਸਰਪੰਚ ਰਾਏਪੁਰ ਆਦਿ ਨੇ ਸਪੀਕਰ ਰਾਣਾ ਕੇ ਪੀ ਸਿੰਘ ਤੋਂ ਮੰਗ ਕੀਤੀ ਕਿ ਇਲਾਕੇ ਦੇ ਕਿਸਾਨਾਂ ਦੀ ਹਰ ਵਾਰ ਦੀ ਤਰ੍ਹਾਂ ਬਾਂਹ ਫੜ ਕੇ ਸੋਕੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਤੁਰੰਤ ਦੁਆਇਆ ਜਾਵੇ ਤਾਂ ਜੋ ਗਰੀਬ ਕਿਸਾਨਾਂ ਦਾ ਗੁਜ਼ਾਰਾ ਚੱਲ ਸਕੇ।