ਮੁੰਬਈ, 15 ਜੁਲਾਈ
ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਖੁੱਲ੍ਹੀ ਜਾਂਚ ਲਈ ਐਂਟੀ-ਕਰੱਪਸ਼ਨ ਬਿਊਰੋ (ਏਸੀਬੀ) ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੁਲੀਸ ਇੰਸਪੈਕਟਰ ਅਨੂਪ ਡਾਂਗੇ ਨੇ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਏਸੀਬੀ ਨੇ ਸਿੰਘ ਖ਼ਿਲਾਫ਼ ਖੁੱਲ੍ਹੀ ਜਾਂਚ ਸ਼ੁਰੂ ਕਰਨ ਲਈ ਸੂਬਾ ਸਰਕਾਰ ਤੋਂ ਪ੍ਰਵਾਨਗੀ ਮੰਗੀ ਸੀ, ਜੋ ਮਿਲ ਗਈ ਹੈ। ਪਿਛਲੇ ਸਾਲ ਮੁਅੱਤਲ ਕੀਤੇ ਡਾਂਗੇ ਨੂੰ ਇਸ ਸਾਲ ਪੁਲੀਸ ਸੇਵਾ ’ਚ ਮੁੜ ਬਹਾਲ ਕਰ ਦਿੱਤਾ ਗਿਆ ਸੀ। ਏਸੀਬੀ ਅਧਿਕਾਰੀ ਨੇ ਕਿਹਾ ਕਿ ਜਾਂਚ ਡਾਂਗੇ ਵੱਲੋਂ ਦਾਇਰ ਸ਼ਿਕਾਇਤ ’ਤੇ ਅਧਾਰਿਤ ਹੈ। ਡਾਂਗੇ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਇਕ ਵਿਅਕਤੀ, ਜੋ ਖ਼ੁਦ ਨੂੰ ਪਰਮਬੀਰ ਸਿੰਘ ਦਾ ਰਿਸ਼ਤੇਦਾਰ ਦੱਸਦਾ ਸੀ, ਨੇ ਪੁਲੀਸ ਫੋਰਸ ’ਚ ਉਹਦੀ ਬਹਾਲੀ ਲਈ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।
ਡਾਂਗੇ ਇਸ ਤੋਂ ਪਹਿਲਾਂ ਗਾਮਦੇਵੀ ਪੁਲੀਸ ਸਟੇਸ਼ਲ ਨਾਲ ਜੁੜਿਆ ਹੋਇਆ ਸੀ ਤੇ ਹੁਣ ਉਸ ਨੂੰ ਮੁੰਬਈ ਪੁਲੀਸ ਦੇ ਦੱਖਣੀ ਕੰਟਰੋਲ ਰੂਮ ਵਿੱਚ ਲਾਇਆ ਗਿਆ ਹੈ। ਡਾਂਗੇ ਦਾ ਦਾਅਵਾ ਹੈ ਕਿ ਸਿੰਘ ਨੇ ਮੁੰਬਈ ਪੁਲੀਸ ਦਾ ਕਮਿਸ਼ਨਰ ਬਣਨ ਮਗਰੋਂ ਉਸ ਨੂੰ ਮੁਅੱਤਲ ਕੀਤਾ ਸੀ। -ਪੀਟੀਆਈ