ਸਿਡਨੀ, 18 ਨਵੰਬਰ
ਭਾਰਤ ਖ਼ਿਲਾਫ਼ ਹੋਣ ਵਾਲੀਆਂ ਇੱਕ ਰੋਜ਼ਾ ਅਤੇ ਟੀ-20 ਕ੍ਰਿਕਟ ਲੜੀਆਂ ਲਈ ਕੇਨ ਰਿਚਰਡਸਨ ਦੀ ਥਾਂ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਨੂੰ ਆਸਟਰੇਲਿਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਰਿਚਰਡਸਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਪਣੇ ਪਰਿਵਾਰ ਨਾਲ ਰਹਿਣ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਆਸਟਰੇਲੀਆ (ਸੀਏ) ਨੇ ਕਿਹਾ ਕਿ ਰਿਚਰਡਸਨ ਨੇ ਕੌਮੀ ਚੋਣਕਾਰਾਂ ਨੂੰ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਕਿ ਉਹ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਸਮਾਂ ਦੇਣ ਲਈ ਟੀਮ ਤੋਂ ਹਟ ਰਿਹਾ ਹੈ। ਕੌਮੀ ਚੋਣਕਾਰ ਟਰੈਵਰ ਹੌਂਸ ਨੇ ਸੀਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ, ‘‘ਇਹ ਕੇਨ ਲਈ ਮੁਸ਼ਕਲ ਫ਼ੈਸਲਾ ਸੀ, ਪਰ ਇਸ ਨੂੰ ਚੋਣਕਾਰਾਂ ਅਤੇ ਟੀਮ ਦਾ ਪੂਰਾ ਸਮਰਥਨ ਹਾਸਲ ਹੈ।’’
ਹੌਂਸ ਨੇ ਕਿਹਾ, ‘‘ਸਾਨੂੰ ਟੀਮ ਵਿੱਚ ਉਸ ਦੀ ਘਾਟ ਰੜਕੇਗੀ, ਪਰ ਅਸੀਂ ਉਸ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਇਸ ਦਾ ਸਮਰਥਨ ਕਰਦੇ ਹਾਂ।’’
ਅਜਿਹਾ ਜਾਪਦਾ ਹੈ ਕਿ ਰਿਚਰਡਸਨ ਨੇ ਇਹ ਫ਼ੈਸਲਾ ਇਸ ਹਫ਼ਤੇ ਐਡੀਲੇਡ ਵਿੱਚ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਅਤੇ ਕੁੱਝ ਸੂਬਿਆਂ ਵੱਲੋਂ ਆਪਣੀਆਂ ਸਰਹੱਦਾਂ ਬੰਦ ਕਰਨ ਕਾਰਨ ਲਿਆ ਹੈ। ਕੁੱਝ ਸੂਬਿਆਂ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਸੀਏ ਨੂੰ ਕਪਤਾਨ ਟਿਮ ਪੇਨ ਅਤੇ ਮਾਰਨੁਸ ਲਾਬੂਸ਼ਾਨੇ ਸਣੇ ਆਪਣੇ ਕੁੱਝ ਕ੍ਰਿਕਟਰਾਂ ਨੂੰ 27 ਨਵੰਬਰ ਨੂੰ ਭਾਰਤ ਖ਼ਿਲਾਫ਼ ਸਿਡਨੀ ਵਿੱਚ ਹੋਣ ਵਾਲੇ ਪਹਿਲੇ ਇੱਕ ਰੋਜ਼ਾ ਤੋਂ ਪਹਿਲਾਂ ਇੱਥੇ ਜਹਾਜ਼ ਰਾਹੀਂ ਲਿਆਉਣਾ ਪਿਆ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ 17 ਦਸੰਬਰ ਤੋਂ ਐਡੀਲੇਡ ਵਿੱਚ ਖੇਡਿਆ ਜਾਣਾ ਹੈ। ਸੀਏ ਹਾਲਾਂਕਿ ਪਹਿਲਾਂ ਹੀ ਸਪੱਸ਼ਟ ਕਰ ਚੁੱਕਿਆ ਹੈ ਕਿ ਉਹ ਪਹਿਲਾ ਟੈਸਟ ਮੈਚ (ਦਿਨ-ਰਾਤ) ਐਡੀਲੇਡ ਵਿੱਚ ਕਰਵਾਉਣ ਲਈ ਵਚਨਬੱਧ ਹੈ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। -ਪੀਟੀਆਈ
ਬੁਮਰਾਹ ਤੇ ਸ਼ਮੀ ਦੇ ਇਕੱਠੇ ਖੇਡਣ ਦੀ ਸੰਭਾਵਨਾ ਘੱਟ
ਨਵੀਂ ਦਿੱਲੀ: ਭਾਰਤ ਦੇ ਪ੍ਰਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੇ ਆਸਟਰੇਲੀਆ ਖ਼ਿਲਾਫ਼ ਸੀਮਤ ਓਵਰਾਂ ਦੇ ਛੇ ਮੈਚਾਂ ਵਿੱਚ ਇਕੱਠੇ ਖੇਡਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਟੀਮ ਮੈਨੇਜਮੈਂਟ ਉਨ੍ਹਾਂ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਲੜੀ ਲਈ ਤਿਆਰ ਰੱਖਣਾ ਚਾਹੁੰਦੀ ਹੈ। ਭਾਰਤੀ ਟੀਮ ਦੇ ਦੋ ਮਹੀਨਿਆਂ ਦੇ ਇਸ ਦੌਰੇ ਦੀ ਸ਼ੁਰੂਆਤ 27 ਨਵੰਬਰ ਤੋਂ ਤਿੰਨ ਮੈਚਾਂ ਦੀ ਲੜੀ ਨਾਲ ਹੋਵੇਗੀ। ਇਸ ਮਗਰੋਂ ਟੀਮ ਨੇ ਤਿੰਨ ਟੀ-20 ਮੈਚ ਖੇਡਣੇ ਹਨ। ਸੀਮਤ ਓਵਰਾਂ ਦੀਆਂ ਇਨ੍ਹਾਂ ਲੜੀਆਂ ਦੇ ਮੈਚ ਸਿਡਨੀ ਅਤੇ ਕੈਨਬਰਾ ਵਿੱਚ ਖੇਡੇ ਜਾਣਗੇ। ਦੂਜੇ ਪਾਸੇ ਇਸ਼ਾਂਤ ਸ਼ਰਮਾ ਦੀ ਸੱਟ ਸਬੰਧੀ ਸਥਿਤੀ ਹਾਲੇ ਸਾਫ਼ ਨਹੀਂ ਹੋਈ, ਜਿਸ ਕਾਰਨ ਬੁਮਰਾਹ ਅਤੇ ਸ਼ਮੀ ਦੋਵੇਂ ਭਾਰਤੀ ਟੈਸਟ ਵਿੱਚ ਅਹਿਮ ਹੋਣਗੇ। ਇਸ ਲਈ ਟੀਮ ਮੈਨੇਜਮੈਂਟ (ਕੋਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ) 12 ਦਿਨਾਂ ਦੇ ਅੰਦਰ ਸੀਮਤ ਓਵਰਾਂ ਦੇ ਛੇ ਮੈਚਾਂ ਵਿੱਚ ਇਨ੍ਹਾਂ ਦੋਵਾਂ ਨੂੰ ਇਕੱਠੇ ਮੈਦਾਨ ਵਿੱਚ ਉਤਾਰ ਕੇ ਕੋਈ ਜੋਖ਼ਮ ਨਹੀਂ ਲੈਣਾ ਚਾਹੇਗੀ। ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਪਹਿਲਾ ਮੈਚ ਛੇ ਤੋਂ ਅੱਠ ਦਸੰਬਰ ਤੱਕ ਖੇਡਿਆ ਜਾਵੇਗਾ। ਇਸ ਦੌਰਾਨ ਭਾਰਤੀ ਟੀਮ ਨੇ ਆਖ਼ਰੀ ਦੇ ਦੋ ਟੀ-20 (ਛੇ ਅਤੇ ਅੱਠ ਦਸੰਬਰ) ਮੈਚ ਖੇਡਣੇ ਹਨ। ਬੋਰਡ ਦੇ ਇੱਕ ਸੂਤਰ ਨੇ ਕਿਹਾ, ‘‘ਜੇਕਰ ਦੋਵੇਂ (ਬੁਮਰਾਹ ਅਤੇ ਸ਼ਮੀ) ਟੀ-20 (ਚਾਰ, ਛੇ ਅਤੇ ਅੱਠ ਦਸੰਬਰ) ਲੜੀ ਵਿੱਚ ਖੇਡਦੇ ਹਨ ਤਾਂ ਉਨ੍ਹਾਂ ਨੂੰ ਟੈਸਟ ਅਭਿਆਸ ਲਈ ਇੱਕ ਹੀ ਮੈਚ ਮਿਲੇਗਾ, ਮੈਨੂੰ ਨਹੀਂ ਲਗਦਾ ਕਿ ਟੀਮ ਮੈਨੇਜਮੈਂਟ ਅਜਿਹਾ ਚਾਹੇਗੀ।’’ -ਪੀਟੀਆਈ
ਇਸ਼ਾਂਤ ਨੇ ਐੱਨਸੀਏ ਵਿੱਚ ਗੇਂਦਬਾਜ਼ੀ ਅਭਿਆਸ ਸ਼ੁਰੂ ਕੀਤਾ
ਨਵੀਂ ਦਿੱਲੀ: ਆਸਟਰੇਲੀਆ ਵਿੱਚ 17 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਤੋਂ ਪਹਿਲਾਂ ਫਿੱਟਨੈੱਸ ਹਾਸਲ ਕਰਨ ਲਈ ਜੂਝ ਰਿਹਾ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅੱਜ ਕੌਮੀ ਕ੍ਰਿਕਟ ਅਕਾਦਮੀ (ਐੱਨਸੀਏ) ਵਿੱਚ ਗੇਂਦਬਾਜ਼ੀ ਅਭਿਆਸ ਕਰਦਾ ਨਜ਼ਰ ਆਇਆ। ਇਸ਼ਾਂਤ ਇੰਡੀਅਨ ਪ੍ਰੀਮੀਅਰ ਲੀਗ (ਆਈਪੀਅੇੈੱਲ) ਦੌਰਾਨ ਦਿੱਲੀ ਕੈਪੀਟਲਜ਼ ਵੱਲੋਂ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਸਿਰਫ਼ ਪਹਿਲਾ ਮੈਚ ਖੇਡਣ ਦੌਰਾਨ ਜ਼ਖ਼ਮੀ ਹੋ ਗਿਆ ਸੀ। ਇਸ ਮਗਰੋਂ ਐੱਨਸੀਏ ਵਿੱਚ ਨਿਰਦੇਸ਼ਕ ਰਾਹੁਲ ਦ੍ਰਾਵਿੜ ਅਤੇ ਮੁੱਖ ਫਿਜ਼ੀਓ ਆਸ਼ੀਸ਼ ਕੌਸ਼ਿਕ ਦੀ ਨਿਗਰਾਨੀ ਵਿੱਚ ਰਿਹੈਬਿਲੀਟੇਸ਼ਨ ’ਚੋਂ ਲੰਘ ਰਿਹਾ ਹੈ। -ਪੀਟੀਆਈ