ਲਾਹੌਰ, 12 ਅਪਰੈਲ
ਭਾਰਤ ਵਿਚ ਜਨਮੇ ਉੱਘੇ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਆਈ.ਏ. ਰਹਿਮਾਨ ਦਾ ਅੱਜ ਲਾਹੌਰ ਵਿਚ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤੀ ਦੇ ਹਾਮੀ ਰਹੇ ਰਹਿਮਾਨ ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਤੇ ਈਸਾਈਆਂ ਲਈ ਮਜ਼ਬੂਤੀ ਨਾਲ ਆਵਾਜ਼ ਉਠਾਉਂਦੇ ਰਹੇ। ਵੰਡ ਤੋਂ ਪਹਿਲਾਂ ਭਾਰਤ ਦੇ ਹਰਿਆਣਾ ਸੂਬੇ ਵਿਚ 1930 ਵਿਚ ਰਹਿਮਾਨ ਦਾ ਜਨਮ ਹੋਇਆ ਸੀ। ਪੇਸ਼ੇ ਤੋਂ ਪੱਤਰਕਾਰ ਰਹੇ ਰਹਿਮਾਨ ਆਪਣੇ 65 ਸਾਲ ਦੇ ਕਰੀਅਰ ਦੌਰਾਨ ਕਈ ਅਖ਼ਬਾਰਾਂ ਵਿਚ ਸੰਪਾਦਕ ਵੀ ਰਹੇ। ਉਹ ਪਾਕਿਸਤਾਨ-ਭਾਰਤ ਪੀਪਲਜ਼ ਫੋਰਮ ਦੇ ਸੰਸਥਾਪਕ ਮੈਂਬਰ ਵੀ ਸਨ। ਰਹਿਮਾਨ ਦੇ ਪਰਿਵਾਰ ਮੁਤਾਬਕ ਉਹ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ। ਰਹਿਮਾਨ ਦੇ ਪਰਿਵਾਰ ਵਿਚ ਤਿੰਨ ਪੁੱਤਰ ਤੇ ਦੋ ਧੀਆਂ ਹਨ। ਪਾਕਿਸਤਾਨ ਦੇ ਕਈ ਆਗੂਆਂ, ਪੱਤਰਕਾਰਾਂ ਤੇ ਮਨੁੱਖੀ ਹੱਕ ਕਾਰਕੁਨਾਂ ਨੇ ਰਹਿਮਾਨ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ