ਸ਼ਾਹਕੋਟ: ਇਲਾਕੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਵਿਚੋਂ ਦੋ ਨੂੰ ਸ਼ਾਹਕੋਟ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਨ੍ਹਾਂ ਵਿਚੋ ਇਕ ਮੁਲਜ਼ਮ ਅਜੇ ਤੱਕ ਫ਼ਰਾਰ ਹੈ। ਐੱਸਐੱਚਓ ਸ਼ਾਹਕੋਟ ਹਰਦੀਪ ਸਿੰਘ ਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਨੋਦ ਕੁਮਾਰ ਧਮੀਜਾ ਪੁੱਤਰ ਮੁਕੰਦ ਲਾਲ ਵਾਸੀ ਸੰਤ ਨਗਰ ਮੋਗਾ ਕੋਲੋਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਪਿੰਡ ਸਾਦਿਕਪੁਰ ਨੇੜੇ 3500 ਰੁਪਏ ਖੋਹ ਲਏ ਸਨ। ਇਸੇ ਤਰ੍ਹਾਂ 29 ਅਪਰੈਲ ਨੂੰ ਸੁਭਾਸ਼ ਚੰਦਰ ਪੁੱਤਰ ਰਾਮਜੀ ਦਾਸ ਵਾਸੀ ਸਾਂਦ ਕੋਲੋਂ ਲੁਟੇਰਿਆਂ ਨੇ 36000 ਰੁਪਏ ਖੋਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੀ ਕੀਤੀ ਜਾਂਚ ਦੌਰਾਨ ਨਾਮਜ਼ਦ ਮੁਲਜ਼ਮਾਂ ਵਿੱਚੋਂ ਬਲਜੀਤ ਸਿੰਘ ਉਰਫ ਬੱਬੂ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀਆਨ ਵੇਹਰਾਂ ਥਾਣਾ ਮਹਿਤਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਹਰਜਿੰਦਰ ਸਿੰਘ ਉਰਫ ਰੀਠਾ ਵਾਸੀ ਉਮਰੇਵਾਲ ਥਾਣਾ ਮਹਿਤਪੁਰ ਅਜੇ ਤੱਕ ਫ਼ਰਾਰ ਹੈ। -ਪੱਤਰ ਪ੍ਰੇਰਕ