ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਅਪਰੈਲ
ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮੈਮੋਰੀਅਲ ਸੁਸਾਇਟੀ ਨੇ ਸ੍ਰੀ ਆਹਲੂਵਾਲੀਆ ਦੇ ਨਾਂ ’ਤੇ ਸ਼ਹਿਰ ਵਿਚ ਦਰਵਾਜ਼ਾ ਸਥਾਪਤ ਕੀਤੇ ਜਾਣ ਲਈ ਮੁੜ ਅਰੰਭ ਕੀਤੇ ਕੰਮਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਜਥੇਬੰਦੀ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਹੋਈ। ਉਨ੍ਹਾਂ ਦੱਸਿਆ ਕਿ ਆਹਲੂਵਾਲੀਆ ਦਰਵਾਜ਼ਾ ਸਥਾਪਤ ਕਰਨ ਲਈ ਕੈਬਨਿਟ ਮੰਤਰੀ ਓਪੀ ਸੋਨੀ ਅਤੇ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ 17 ਸਾਲ ਪਹਿਲਾਂ ਘਿਉ ਮੰਡੀ ਨੇੜੇ ਇਹ ਯਾਦਗਾਰੀ ਦਰਵਾਜ਼ਾ ਸਥਾਪਤ ਕਰਨ ਲਈ ਨੀਂਹ ਪੱਥਰ ਰੱਖਿਆ ਸੀ ਪਰ ਇਹ ਕੰਮ ਵਿਚਾਲੇ ਲਟਕਿਆ ਰਿਹਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪੁਰਾਤਨ ਨਕਸ਼ੇ ਵਿਚ ਵੀ ਇਹ ਦਰਵਾਜ਼ਾ ਹੁੰਦਾ ਸੀ। ਇਸੇ ਆਧਾਰ ’ਤੇ ਇਹ ਦਰਵਾਜ਼ਾ ਸਥਾਪਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਹ ਦਰਵਾਜ਼ਾ ਸਥਾਪਤ ਕਰਨ ਲਈ ਭਰੋਸਾ ਦਿੱਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਵਸ ਅਤੇ ਬਰਸੀ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਸ਼ਾਮਲ ਕੀਤਾ ਜਾਵੇ। ਜਥੇਬੰਦੀ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ।