ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਅਪਰੈਲ
ਪਿੰਡ ਸ਼ਤਾਬਗੜ੍ਹ ਦੇ ਵਸਨੀਕ ਬਲਵੀਰ ਸਿੰਘ (33) ਦੀ ਲਾਸ਼ ਅੱਜ ਪਿੰਡ ਬਹਿਲੋਲਪੁਰ ਦੇ ਕਿੰਨਰ ਰੇਣੂ ਮਹੰਤ ਦੇ ਘਰ ਦੇ ਬਾਹਰ ਪਈ ਮਿਲੀ ਹੈ। ਬਲਵੀਰ ਲੰਬੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਉਸ ਦੀ ਲਾਸ਼ ਕੋਲੋਂ ਇੱਕ ਸਰਿੰਜ ਵੀ ਮਿਲੀ ਹੈ, ਇਸ ਕਰ ਕੇ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੇਣੂੰ ਮਹੰਤ ’ਤੇ ਦੋਸ਼ ਲਗਾਏ ਕਿ ਮਹੰਤ ਵੱਲੋਂ ਦਿੱਤੇ ਗਏ ਨਸ਼ੇ ਕਾਰਨ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ। ਪਿੰਡ ਸ਼ਤਾਬਗੜ੍ਹ ਦੇ ਵਸਨੀਕਾਂ ਨੇ ਵੀ ਮਹੰਤ ’ਤੇ ਦੋਸ਼ ਲਗਾਏ ਹਨ ਕਿ ਉਸ ਦੇ ਡੇਰੇ ਵਿੱਚ ਹਰੇਕ ਤਰ੍ਹਾਂ ਦਾ ਨਸ਼ਾ ਚੱਲਦਾ ਹੈ ਅਤੇ ਕਈ ਨੌਜਵਾਨ ਇਥੋਂ ਨਸ਼ਾ ਲੈ ਕੇ ਜਾਂਦੇ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੈ ਕੁਮਾਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।