ਕੁਲਦੀਪ ਸਿੰਘ
ਚੰਡੀਗੜ੍ਹ, 8 ਮਈ
ਕਰੋਨਾ ਮਹਾਮਾਰੀ ਤੋਂ ਬਚਾਅ ਅਤੇ ਫੈਲਾਅ ਰੋਕਣ ਲਈ ਯੂ.ਟੀ. ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪੰਜਾਬ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ’ਵਰਸਿਟੀ ਕੈਂਪਸ ਵਿੱਚ ਏਸੀ ਜੋਸ਼ੀ ਲਾਇਬਰੇਰੀ, ਵਿਭਾਗਾਂ ਦੀਆਂ ਲਾਇਬਰੇਰੀਆਂ, ਲੈਬਾਰਟਰੀਜ਼, ਸਵਿਮਿੰਗ ਪੂਲ, ਖੇਡ ਮੈਦਾਨ ਸਮੇਤ ਸਾਰੀਆਂ ਫਿਜੀਕਲ ਸਹੂਲਤਾਂ ਤੇ ਸੇਵਾਵਾਂ ਉਤੇ 31 ਮਈ ਤੱਕ ਪਾਬੰਦੀ ਲਾ ਦਿੱਤੀ ਗਈ ਹੈ ਜਦਕਿ ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਇਹ ਫ਼ੈਸਲਾ ਅੱਜ ਪੀ.ਯੂ. ਵਿੱਚ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਵੀ.ਆਰ. ਸਿਨਹਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਵਿੱਚ ਇਹ ਫ਼ੈਸਲਾ ਵੀ ਲਿਆ ਗਿਆ ਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਦੇਖਦਿਆਂ ਪੀ.ਯੂ. ਦੇ ਸਾਰੇ ਹੋਸਟਲਾਂ ਵਿੱਚੋਂ ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ਪਰਿਵਾਰਾਂ ਕੋਲ ਜਾਣ ਲਈ ਕਿਹਾ ਜਾਵੇ। ਪੀ.ਯੂ. ਅਥਾਰਿਟੀ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜਣ ਲਈ ਯੂ.ਟੀ. ਪ੍ਰਸ਼ਾਸਨ ਤੋਂ ਮੱਦਦ ਦੀ ਮੰਗ ਵੀ ਕਰੇਗੀ।
‘ਵਿਦਿਆਰਥੀਆਂ ਪ੍ਰਤੀ ਜ਼ਿੰਮੇਵਾਰੀ ਤੋਂ ਭੱਜ ਰਹੀ ਪੀ.ਯੂ. ਮੈਨੇਜਮੈਂਟ’
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਆਗੂ ਅਮਨ, ਐਸ.ਐਫ.ਐਸ. ਤੋਂ ਸੰਦੀਪ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਤੋਂ ਹੋਸਟਲ ਖਾਲੀ ਕਰਵਾ ਕੇ ਪੀ.ਯੂ. ਅਥਾਰਿਟੀ ਜਿੱਥੇ ਉਨ੍ਹਾਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਕਰ ਰਹੀ ਹੈ, ਉਥੇ ਹੀ ਵਿਦਿਆਰਥੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਵੀ ਭੱਜ ਰਹੀ ਹੈ। ਵਿਦਿਆਰਥਣਾਂ ਨੂੰ ਹੋਸਟਲਾਂ ਦੇ ਵਾਰਡਾਂ ਰਾਹੀਂ ਮੋਬਾਈਲ ਮੈਸੇਜ ਭਿਜਵਾਏ ਜਾ ਰਹੇ ਹਨ ਅਤੇ ਗਾਈਡਾਂ ਤੋਂ ਐਸ.ਓ.ਪੀ. ਦਸਤਖ਼ਤ ਕਰਵਾਉਣ ਲਈ ਕਿਹਾ ਜਾਂਦਾ ਹੈ। ਜਦੋਂ ਉਹ ਗਾਈਡਾਂ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਘਰ ਜਾਣ ਲਈ ਕਹਿ ਦਿੱਤਾ ਜਾਂਦਾ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕੈਂਪਸ ਵਿੱਚ ਪੀ.ਯੂ. ਦੇ ਸਟਾਫ਼ ਅਤੇ ਅਧਿਕਾਰੀ ਆਪੋ ਆਪਣੀਆਂ ਰਿਹਾਇਸ਼ਾਂ ਵਿੱਚ ਪਰਿਵਾਰਾਂ ਸਮੇਤ ਰਹਿ ਰਹੇ ਹਨ ਜੋ ਆਪਣੇ ਪਰਿਵਾਰਾਂ ਸਮੇਤ ਸ਼ਹਿਰ ਦੀਆਂ ਮਾਰਕੀਟਾਂ ਤੇ ਹੋਰ ਥਾਵਾਂ ’ਤੇ ਵੀ ਆਉਂਦੇ ਜਾਂਦੇ ਹਨ ਤਾਂ ਫਿਰ ਹੋਸਟਲਾਂ ਵਿੱਚ ਵਿਦਿਆਰਥੀਆਂ ਨੂੰ ਰੱਖਣ ਵਿੱਚ ਕੋਈ ਖ਼ਤਰਾ ਮਹਿਸੂਸ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੀ.ਯੂ. ਅਥਾਰਿਟੀ ਨੂੰ ਚਾਹੀਦਾ ਹੈ ਕਿ ਅਜਿਹੇ ਦੌਰ ਵਿੱਚ ਵਿਦਿਆਰਥੀਆਂ ਨੂੰ ਵਧੀਆ ਅਤੇ ਸੰਤੁਲਿਤ ਭੋਜਨ ਮੁਹੱਈਆ ਕਰਵਾਇਆ ਜਾਵੇ ਅਤੇ ਹੋਸਟਲਾਂ ਵਿੱਚੋਂ ਬਾਹਰ ਭੇਜ ਕੇ ਖਤਰੇ ਦੀ ਅੱਗ ਵਿੱਚ ਨਾ ਸੁੱਟਿਆ ਜਾਵੇ।