ਜਸਵੰਤ ਜੱਸ
ਫ਼ਰੀਦਕੋਟ, 19 ਫਰਵਰੀ
ਵਿਧਾਨ ਸਭਾ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਵੋਟਰਾਂ ਨੂੰ ਭਰਮਾਉਣ ਤੇ ਆਪਣੇ ਹੱਕ ਵਿੱਚ ਭੁਗਤਾਉਣ ਲਈ ਸੋਸ਼ਲ ਮੀਡੀਆ ’ਤੇ ਉੱਡ ਰਹੀਆਂ ਅਫ਼ਵਾਹਾਂ ਨੇ ਉਮੀਦਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਲਗਪਗ ਸਾਰੀਆਂ ਪਾਰਟੀਆਂ ਦੇ ਹਮਾਇਤੀਆਂ ਵੱਲੋਂ ਵੱਖ-ਵੱਖ ਧਾਰਮਿਕ ਡੇਰਿਆਂ ਦੀ ਹਮਾਇਤ ਮਿਲਣ ਬਾਰੇ ਸੋਸ਼ਲ ਮੀਡੀਆ ਉੱਪਰ ਫਰਜ਼ੀ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜਦਕਿ ਹਕੀਕਤ ਵਿੱਚ ਕਿਸੇ ਵੀ ਡੇਰੇ ਨੇ ਹਾਲੇ ਤੱਕ ਸਿੱਧੇ ਰੂਪ ਵਿੱਚ ਕਿਸੇ ਸਿਆਸੀ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਨਹੀਂ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਸੋਸ਼ਲ ਮੀਡੀਆ ਉੱਪਰ ਉਸ ਬਾਰੇ ਵਿਰੋਧੀ ਉਮੀਦਵਾਰਾਂ ਵੱਲੋਂ ਜਾਣ-ਬੁੱਝ ਕੇ ਝੂਠੀਆਂ ਅਫਵਾਹਾਂ ਫ਼ੈਲਾਈਆਂ ਜਾ ਰਹੀਆਂ ਹਨ ਅਤੇ ਉਸ ਦੀ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਸਾਹਮਣੇ ਆ ਕੇ ਕਿਹਾ ਹੈ ਕਿ ਵੋਟਰਾਂ ਨੂੰ ਗੁਮਰਾਹ ਕਰਨ ਲਈ ਸੋਸ਼ਲ ਮੀਡੀਆ ਉੱਪਰ ਕਾਂਗਰਸ ਪਾਰਟੀ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਕੋਟਕਪੂਰਾ ਤੋਂ ਕਾਂਗਰਸੀ ਉਮੀਦਵਾਰ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਪੁਰਾਣੀਆਂ ਖ਼ਬਰਾਂ ਨੂੰ ਨਵੀਂਆਂ ਦੱਸ ਕੇ ਸੋਸ਼ਲ ਮੀਡੀਆ ਉੱਪਰ ਪ੍ਰਚਾਰਿਆ ਜਾ ਰਿਹਾ ਹੈ। ਫਰੀਦਕੋਟ ਤੋਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਉਨ੍ਹਾਂ ਖ਼ਿਲਾਫ਼ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈ਼ਲਾਈਆਂ ਜਾ ਰਹੀਆਂ ਹਨ ਤੇ ਵੋਟਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ‘ਆਪ’ ਉਮੀਦਵਾਰ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਫੇਸਬੁੱਕ ਤੋਂ ਕੁਝ ਪੋਸਟਾਂ ਨੂੰ ਤੁਰੰਤ ਡਿਲੀਟ ਕਰਨ ਦੇ ਆਦੇਸ਼ ਦਿੱਤੇ ਹਨ। ਇਸੇ ਦੌਰਾਨ ਸੋਸ਼ਲ ਮੀਡੀਆ ਉੱਪਰ ਕੁਝ ਫਰਜ਼ੀ ਸਰਵੇਖਣ ਵੀ ਪੋਸਟ ਕੀਤੇ ਮਿਲੇ ਹਨ। ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਘੁੰਮ ਰਹੇ ਲਗਪਗ ਸਾਰੇ ਸਰਵੇਖਣ ਫਰਜ਼ੀ ਹਨ ਤੇ ਇਹ ਜਾਣ-ਬੁੱਝ ਕੇ ਸਾਂਝੇ ਕੀਤਾ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਗੁਮਰਾਹ ਕੀਤਾ ਜਾ ਸਕੇ।
ਮੀਡੀਆ ਮੌਨੀਟਰਿੰਗ ਕਮੇਟੀ ਕਰ ਰਹੀ ਹੈ ਪੜਤਾਲ: ਜ਼ਿਲ੍ਹਾ ਚੋਣ ਅਫ਼ਸਰ
ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਨੇ ਕਿਹਾ ਕਿ ਮੀਡੀਆ ਮੌਨੀਟਰਿੰਗ ਕਮੇਟੀ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਕੋਈ ਵੀ ਵਿਅਕਤੀ ਉਮੀਦਵਾਰਾਂ ਜਾਂ ਸਿਆਸੀ ਪਾਰਟੀਆਂ ਬਾਰੇ ਸੋਸ਼ਲ ਮੀਡੀਆ ਉੱਪਰ ਅਫਵਾਹਾਂ ਨਾ ਫੈ਼ਲਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।