ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਅਕਤੂਬਰ
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਖੇਤੀ ਆਰਡੀਨੈਂਸਾਂ ਦੀ ਆੜ ਵਿੱਚ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਭਾਜਪਾ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਥੋਂ ਦੇ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਵਿੱਚ ਪਾਰਟੀ ਵਰਕਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ ਅਤੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਮੇਤ ਪੈਦਾ ਹੋਏ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਅਕਾਲੀਆਂ ਨਾਲੋਂ ਤੋੜ ਵਿਛੋੜੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੰਗਾ ਹੋਇਆ ਭਾਜਪਾ ਦਾ ਪਰਿਵਾਰਵਾਦ, ਰੇਤ ਮਾਫ਼ੀਆ, ਭੂ-ਮਾਫੀਆ, ਸ਼ਰਾਬ ਮਾਫ਼ੀਆ ਤੋਂ ਪਿੱਛਾ ਛੁੱਟ ਗਿਆ ਹੈ। ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਦੋ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਸੂਬਾ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੀਨੀਅਰ ਆਗੂ ਅਰੁਣ ਸ਼ਰਮਾ, ਅਸ਼ੋਕ ਝਾਅ, ਸ੍ਰੀਮਤੀ ਪ੍ਰਕਾਸ਼ਵਤੀ, ਜ਼ਿਲ੍ਹਾ ਇੰਚਾਰਜ ਅਰਵਿੰਦ ਮਿੱਤਲ ਸਮੇਤ ਸਾਰੇ ਸਰਕਲ ਪ੍ਰਧਾਨਾਂ ਅਤੇ ਸਰਗਰਮ ਵਰਕਰਾਂ ਨੇ ਸ਼ਿਰਕਤ ਕੀਤੀ।
ਸ੍ਰੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਆਪਣੇ ਬਲਬੂਤੇ ’ਤੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲੜਨ ਲਈ ਹੁਣੇ ਤੋਂ ਕਮਰਕੱਸੇ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਵਿੱਚ ਭਾਜਪਾ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਇਸ ਤੋਂ ਇਲਾਵਾ ਖਰੜ, ਕੁਰਾਲੀ, ਨਵਾਂ ਗਰਾਓਂ, ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀਆਂ ਛੇ ਨਗਰ ਕੌਂਸਲ ਚੋਣਾਂ ਵੀ ਭਾਜਪਾ ਇਕੱਲੇ ਲੜੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ 2022 ਵਿੱਚ ਭਾਜਪਾ ਵਿਧਾਨ ਸਭਾ ਚੋਣਾਂ ਵੀ ਆਪਣੇ ਬਲਬੂਤੇ ’ਤੇ ਲੜੇਗੀ। ਇਸ ਸਬੰਧੀ ਉਨ੍ਹਾਂ ਨੇ ਵਰਕਰਾਂ ਨੂੰ ਮੁਹਾਲੀ, ਖਰੜ ਅਤੇ ਡੇਰਾਬੱਸੀ ਹਲਕਿਆਂ ਤੋਂ ਚੰਗੇ ਕਿਰਦਾਰ ਤੇ ਵਫ਼ਾਦਾਰ ਸੰਭਾਵੀ ਉਮੀਦਵਾਰਾਂ ਦੀ ਭਾਲ ਕਰਨ ’ਤੇ ਵੀ ਜ਼ੋਰ ਦਿੱਤਾ। ਸ੍ਰੀ ਸ਼ਰਮਾ ਨੇ ਖੇਤੀ ਆਰਡੀਨੈਂਸ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਬਾਅਦ ਵਿੱਚ ਸਮਝ ਆਵੇਗੀ ਕਿ ਖੇਤੀ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਹਨ। ਇਸ ਮੌਕੇ ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਔਜਲਾ, ਰਮੇਸ਼ ਵਰਮਾ, ਮੁਕੇਸ਼ ਗਾਂਧੀ, ਸੋਮ ਚੰਦ ਗੋਇਲ, ਸੋਹਣ ਸਿੰਘ ਵੀ ਹਾਜ਼ਰ ਸਨ।