ਕੋਲਕਾਤਾ: ਸੰਯੁਕਤ ਮੋਰਚਾ (ਤਿੰਨ ਪਾਰਟੀਆਂ ਖੱਬੇ ਪੱਖੀ, ਕਾਂਗਰਸ ਅਤੇ ਆਈਐੱਸਐੱਫ ਦਾ ਗੱਠਜੋੜ) ਨੇ ਕਿਹਾ ਹੈ ਕਿ ਕੂਚ ਬਿਹਾਰ ਗੋਲੀ ਕਾਂਡ ’ਚ ਸੀਆਈਐੱਸਐੱਫ ਨੂੰ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਕਲੀਨ ਚਿੱਟ ’ਤੇ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨਿਰਪੱਖ ਹੋਣ ਕਰਕੇ ਉਸ ’ਤੇ ਕਦੇ ਵੀ ਸਵਾਲ ਨਹੀਂ ਖੜ੍ਹੇ ਹੋਣੇ ਚਾਹੀਦੇ ਹਨ। ਮੋਰਚੇ ਮੁਤਾਬਕ ਕੂਚ ਬਿਹਾਰ ਗੋਲੀ ਕਾਂਡ ਦੀ ਕੋਈ ਵੀ ਫੁਟੇਜ ਮੌਜੂਦ ਨਹੀਂ ਹੈ ਜਿਸ ਕਾਰਨ ਘਟਨਾ ਦੀ ਸਚਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਸੀਆਈਐੱਸਐੱਫ ਦੇ ਜਵਾਨਾਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਭੀੜ ਦੇ ਹਮਲੇ ਤੋਂ ਬਚਣ ਲਈ ਗੋਲੀਆਂ ਚਲਾਈਆਂ ਸਨ। ਸੀਪੀਐੱਮ ਦੇ ਸੀਨੀਅਰ ਆਗੂ ਬਿਮਾਨ ਬੋਸ ਦੀ ਅਗਵਾਈ ਹੇਠ ਇਕ ਵਫ਼ਦ ਨੇ ਮੁੱਖ ਚੋਣ ਅਧਿਕਾਰੀ ਆਰਿਜ਼ ਆਫ਼ਤਾਬ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਚੋਣ ਕਮਿਸ਼ਨ ਦਾ ਫ਼ੈਸਲਾ ਕਲਪਨਾ ’ਤੇ ਆਧਾਰਿਤ ਰਿਪੋਰਟਾਂ ਮੁਤਾਬਕ ਤਿਆਰ ਕੀਤਾ ਗਿਆ ਸੀ। ਸ੍ਰੀ ਬੋਸ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੇ ਆਪਣੇ ਫੋਨ ’ਤੇ ਘਟਨਾ ਦੀ ਵੀਡੀਓ ਨਾ ਬਣਾਈ ਹੋਵੇ। ਮੀਡੀਆ ਕਰਮੀਆਂ ਤੋਂ ਲੈ ਕੇ ਹਰ ਕਿਸੇ ਕੋਲ ਸਮਾਰਟ ਫੋਨ ਹਨ ਅਤੇ ਚੋਣ ਕਮਿਸ਼ਨ ਆਖਦਾ ਹੈ ਕਿ ਕੇਂਦਰੀ ਬਲਾਂ ਨੂੰ ਗੋਲੀਆਂ ਚਲਾਉਣ ਲਈ ਮਜਬੂਰ ਕੀਤਾ ਗਿਆ ਸੀ ਪਰ ਜ਼ਿਲ੍ਹਾ ਮੈਜਿਸਟਰੇਟ ਅਤੇ ਐੱਸਪੀ ਦੀ ਰਿਪੋਰਟ ਸਪੱਸ਼ਟ ਨਹੀਂ ਹੈ।
ਵਫ਼ਦ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਭੜਕਾਊ ਭਾਸ਼ਨ ਦੇਣ ਵਾਲੇ ਬਚ ਕੇ ਨਾ ਜਾ ਸਕਣ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਦਿਲੀਪ ਘੋਸ਼ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਚੋਣਾਂ ਦੇ ਅਗਲੇ ਗੇੜ ’ਚ ਵੀ ਸੀਤਲਕੂਚੀ ਵਰਗੀਆਂ ਹੱਤਿਆਵਾਂ ਦੀ ਚਿਤਾਵਨੀ ਦਿੱਤੀ ਹੈ। ਸੀਪੀਐੱਮ ਨੇ ਚੋਣ ਕਮਿਸ਼ਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿਥੇ ਵੀ ਚੋਣਾਂ ਹੋ ਰਹੀਆਂ ਹੋਣ, ਉਸ ਦੇ ਨੇੜਲੇ ਹਲਕਿਆਂ ’ਚ ਉਸ ਦਿਨ ਚੋਣ ਪ੍ਰਚਾਰ ਨਹੀਂ ਹੋਣਾ ਚਾਹੀਦਾ ਹੈ। ਕਾਂਗਰਸ ਆਗੂ ਅਬਦੁੱਲ ਮਨਨ ਨੇ ਦਾਅਵਾ ਕੀਤਾ ਕਿ ਲੋਕਾਂ ਦਾ ਭਰੋਸਾ ਚੋਣ ਕਮਿਸ਼ਨ ਤੋਂ ਉੱਠਦਾ ਜਾ ਰਿਹਾ ਹੈ। -ਪੀਟੀਆਈ