ਨਵੀਂ ਦਿੱਲੀ, 7 ਅਗਸਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਉਂਦੇ ਦਿਨਾਂ ’ਚ ਵਜ਼ਾਰਤ ਦਾ ਵਿਸਥਾਰ ਕਰ ਸਕਦੇ ਹਨ। ਉਨ੍ਹਾਂ ਵੱਲੋਂ ਮੰਤਰੀ ਮੰਡਲ ਵਿੱਚ 15 ਆਗੂਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਵਜ਼ਾਰਤ ਵਿੱਚ ਵਿਸਥਾਰ 15 ਅਗਸਤ ਤੋਂ ਪਹਿਲਾਂ ਹੋ ਸਕਦਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਗ੍ਰਹਿ ਮੰਤਰਾਲਾ ਦਿੱਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਓਬੀਸੀ ਰਾਖਵੇਂਕਰਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਦੀ ਸੁਣਵਾਈ ਕਾਰਨ ਸੂਬੇ ਵਿੱਚ ਸਥਾਨਕ ਚੋਣਾਂ ’ਚ ਦੇਰੀ ਹੋ ਰਹੀ ਹੈ। ਸਿਖਰਲੀ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਅਕਤੂਬਰ ਵਿੱਚ ਇਹ ਚੋਣਾਂ ਹੋਣ ਦੀ ਸੰਭਾਵਨਾ ਹੈ।
ਸ਼ਿਵ ਸੈਨਾ ਵਿੱਚ ਬਗਾਵਤ ਕਾਰਨ ਊਧਵ ਠਾਕਰੇ ਦੇ ਅਸਤੀਫ਼ੇ ਤੋਂ ਬਾਅਦ ਸ਼ਿੰਦੇ ਅਤੇ ਫੜਨਵੀਸ ਨੇ 30 ਜੂਨ ਨੂੰ ਕ੍ਰਮਵਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਦੋਂ ਤੋਂ ਹੀ ਦੋਵੇਂ ਦੋ ਮੈਂਬਰੀ ਮੰਤਰੀ ਮੰਡਲ ਵਜੋਂ ਕੰਮ ਕਰ ਰਹੇ ਹਨ, ਜਿਸ ਦੀ ਐੱਨਸੀਪੀ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਨਿਖੇਧੀ ਕਰ ਰਹੇ ਹਨ।
ਫੜਨਵੀਸ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਜੀਤ ਪਵਾਰ ਵਿਰੋਧੀ ਧਿਰ ਦੇ ਆਗੂ ਹਨ। ਉਹ ਅਜਿਹੀਆਂ ਗੱਲਾਂ ਕਰਦੇ ਰਹਿਣਗੇ। ਅਜੀਤ ਦਾਦਾ ਇਹ ਭੁੱਲ ਜਾਂਦੇ ਹਨ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਪਹਿਲੇ 32 ਦਿਨ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਸਿਰਫ਼ ਪੰਜ ਮੰਤਰੀ ਸਨ।’’ ਪੱਤਰਕਾਰਾਂ ਵੱਲੋਂ ਵਾਰ-ਵਾਰ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਫੜਨਵੀਸ ਨੇ ਕਿਹਾ, ‘‘ਤੁਹਾਡੀ ਉਮੀਦ ਤੋਂ ਪਹਿਲਾਂ ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹਵੇਗਾ।’’ਸ਼ਨਿਚਰਵਾਰ ਨੂੰ ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਸੀ ਕਿ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਦੇਰੀ ਕਾਰਨ ਰਾਜ ਸਰਕਾਰ ਦਾ ਕੰਮ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਇਆ ਅਤੇ ਜਲਦੀ ਹੀ ਹੋਰ ਮੰਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। -ਪੀਟੀਆਈ