ਪੱਤਰ ਪ੍ਰੇਰਕ
ਰਤੀਆ, 22 ਜਨਵਰੀ
ਅਖਿਲ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਸੀਐੱਮ ਵਿੰਡੋ ਵਿਚ ਸ਼ਿਕਾਇਤ ਦੇ ਕੇ ਬੀਡੀਪੀਓ ਦਫ਼ਤਰ ਵਿਚ ਮਨਰੇਗਾ ਮਜ਼ਦੂਰਾਂ ਦੇ ਕੰਮਾਂ ਨਾਲ ਸਬੰਧਤ ਮੰਗ ਪੱਤਰ ਦੇਣ ਗਏ ਪ੍ਰਤੀਨਿਧੀਆਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਮੁੱਖ ਮੰਤਰੀ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੇ ਦੋਸ਼ ਨਕਾਰ ਦਿੱਤੇ ਹਨ।
ਪਿੰਡ ਸਹਿਨਾਲ ਨਿਵਾਸੀ ਅਤੇ ਅਖਿਲ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰ ਮੰਗਤ ਰਾਮ ਅਤੇ ਕਾਲਾ ਸਿੰਘ ਨੇ ਸੀਐੱਮ ਵਿੰਡੋ ਵਿਚ ਮੁੱਖ ਮੰਤਰੀ ਦੇ ਨਾਂ ਪੱਤਰ ਭੇਜਣ ਤੋਂ ਬਾਅਦ ਪੱਤਰਕਾਰਾਂ ਨੂੰ ਕਾਪੀਆਂ ਵੰਡਦਿਆਂ ਦੱਸਿਆ ਕਿ ਉਹ ਬੀਤੇ ਦਿਨੀਂ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਸਬੰਧੀ ਮੰਗ ਪੱਤਰ ਦੇਣ ਗਏ। ਜਦੋਂ ਉਨ੍ਹਾਂ ਮੰਗ ਪੱਤਰ ਜਮ੍ਹਾਂ ਕਰਵਾ ਕੇ ਉਸ ਦੀ ਰਸੀਦ ਮੰਗੀ ਤਾਂ ਬੀਡੀਪੀਓ ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਕੀਤਾ ਅਤੇ ਕਿਹਾ ਕਿ ਉਹ ਮਨਰੇਗਾ ਦਾ ਕੰਮ ਆਪਣੀ ਮਰਜ਼ੀ ਨਾਲ ਦੇਣਗੇ। ਉਨ੍ਹਾਂ ਨੂੰ ਮੰਗ ਪੱਤਰ ਜਮ੍ਹਾਂ ਕਰਵਾਉਣ ਦੀ ਰਸੀਦ ਦੇਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ। ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਅਨੁਸਾਰ ਪੰਚਾਇਤਾਂ ਭੰਗ ਹੋਣ ਉਪਰੰਤ ਮਨਰੇਗਾ ਕੰਮ ਵਿਚ ਕਥਿਤ ਰੂਪ ਵਿਚ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ।
ਬੀਡੀਪੀਓ ਸੰਦੀਪ ਭਾਰਦਵਾਜ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਵੀ ਦੁਰਵਿਵਹਾਰ ਨਹੀਂ ਕੀਤਾ ਅਤੇ ਮਨਰੇਗਾ ਤਹਿਤ ਮਜ਼ਦੂਰਾਂ ਨੂੰ ਕੰਮ ਦੇਣ ਲਈ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖ ਦਿੱਤਾ ਹੈ। ਮਨਰੇਗਾ ਮਜ਼ਦੂਰਾਂ ਨੂੰ ਜਲਦੀ ਹੀ ਕੰਮ ਮਿਲ ਜਾਵੇਗਾ।