ਨਿਹਾਲ ਸਿੰਘ ਉਰਫ਼ ਮਹਾਰਾਜ ਸਿੰਘ
14 ਜੁਲਾਈ ਦੇ ‘ਵਿਰਾਸਤ’ ਪੰਨੇ ’ਤੇ ਸੁਵਰਨ ਸਿੰਘ ਵਿਰਕ ਦੇ ਲੇਖ ‘ਕੂਕਾ ਵਿਦਰੋਹ ਦਾ ਸਿਖ਼ਰ: ਸਾਕਾ ਮਾਲੇਰਕੋਟਲਾ’ ’ਚ ਰੱਬੋਂ ਪਿੰਡ ਦੇ ਜੰਮਪਲ ਨਿਹਾਲ ਸਿੰਘ ਉਰਫ਼ ਮਹਾਰਾਜ ਸਿੰਘ ਦਾ ਜ਼ਿਕਰ ਆਇਆ ਹੈ। ਉਨ੍ਹਾਂ ਦਾ ਨਾਮ ਨਿਹਾਲ ਸਿੰਘ ਤੋਂ ਮਹਾਰਾਜ ਸਿੰਘ ਕਿਵੇਂ ਪਿਆ, ਇਸ ਦਾ ਜਵਾਬ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ’ਚ ਮਿਲਦਾ ਹੈ: ‘ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਚਾਟੜਾ ਨਿਹਾਲ ਸਿੰਘ ਜੋ ਸਾਧ ਸੰਗਤਿ ਦੀ ਵੱਡੇ ਪ੍ਰੇਮਭਾਵ ਨਾਲ ਸੇਵਾ ਕਰਦਾ ਅਤੇ ਆਏ ਸਿੱਖਾਂ ਨੂੰ ਅੰਨਜਲ ਆਦਿ ਦੇਣ ਸਮੇਂ ‘ਲਓ ਮਹਰਾਜ! ਲਓ ਮਹਾਰਾਜ!’ ਸ਼ਬਦ ਬੋਲਿਆ ਕਰਦਾ ਸੀ, ਜਿਸ ਕਾਰਨ ਉਸ ਦਾ ਨਾਉਂ ‘ਮਹਾਰਾਜ ਸਿੰਘ’ ਪ੍ਰਸਿੱਧ ਹੋ ਗਿਆ।’
ਕੁਲਦੀਪ ਸਿੰਘ ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਪਾਣੀ ਦਾ ਸੰਕਟ
12 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦਾ ਲੇਖ ‘ਪਾਣੀ ਦੇ ਵਧ ਰਹੇ ਸੰਕਟ ਲਈ ਜ਼ਿੰਮੇਵਾਰ ਕੌਣ?’ ਪੜ੍ਹਿਆ। ਲੇਖ ਵਿਚਲਾ ਸਰਕਾਰੀ ਅਫ਼ਸਰ ਪਤਾ ਨਹੀਂ ਪੇਂਡੂ ਹੈ ਜਾਂ ਸ਼ਹਿਰੀ ਪਰ ਇਹ ਜ਼ਰੂਰ ਹੈ ਕਿ ਉਸ ਨੂੰ ਪੰਜਾਬ ਦੇ ਪਾਣੀ ਦੇ ਸੰਕਟ ਦਾ ਕੱਚਘਰੜ ਗਿਆਨ ਹੈ। ਪਾਣੀ ਦੇ ਸੰਕਟ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਸਿਰ ਥੋਪੀ ਹਰੀ ਕ੍ਰਾਂਤੀ ਬਹੁਤ ਹੱਦ ਤਕ ਜ਼ਿੰਮੇਵਾਰ ਹੈ। ਮੈਨੂੰ ਨਹੀਂ ਲੱਗਦਾ, ਖੇਤੀ ਖੇਤਰ ਨਾਲ ਸਬੰਧਿਤ ਬਹੁਤੇ ਨੀਤੀ ਘਾੜਿਆਂ ਨੂੰ ਬਲ਼ਦ ਦੇ ਕੰਨ੍ਹ ਕਿਵੇਂ ਮਤਾੜੇ ਜਾਂਦੇ ਹਨ, ਦਾ ਗਿਆਨ ਹੋਵੇ। ਸਹੀ ਲਿਖਿਆ ਹੈ ਕਿ ਬਾਬੇ ਨਾਨਕ ਨੂੰ ਅਰਜੋਈਆਂ ਕਰਨ ਦੀ ਬਜਾਏ ਸਰਕਾਰੀ ਨੀਤੀਆਂ ਨੂੰ ਕੁਦਰਤੀ ਪੱਖੀ ਬਣਾਉਣਾ ਜ਼ਰੂਰੀ ਹੈ।
ਜਗਰੂਪ ਸਿੰਘ, ਲੁਧਿਆਣਾ।
(2)
ਡਾ. ਗਿਆਨ ਸਿੰਘ ਦੇ ਪਾਣੀ ਸੰਕਟ ਬਾਰੇ ਵਿਚਾਰਾਂ ਨਾਲ ਸਹਿਮਤੀ ਹੈ। ਪਾਣੀ ਦੇ ਹੇਠਾਂ ਜਾ ਰਹੇ ਪੱਧਰ ਲਈ ‘ਹਰਾ ਇਨਕਲਾਬ’ ਅਤੇ ‘ਉਦਯੋਗਿਕ ਕ੍ਰਾਂਤੀ’ ਨੇ ਇਕ ਦੂਜੇ ਤੋਂ ਵਧ ਕੇ ਹਿੱਸਾ ਪਾਇਆ ਹੈ। ਵਿਕਾਸ ਨਾਲੋਂ ਵੱਧ ਵਿਨਾਸ਼ ਅਸੀਂ ਅੱਖੀਂ ਦੇਖ ਰਹੇ ਹਾਂ। ਸਰਕਾਰ ਦੀਆਂ ਖੇਤੀ ਨੀਤੀਆਂ ਹਮੇਸ਼ਾ ਪੂੰਜੀਪਤੀਆਂ ਦੇ ਹਿੱਤਾਂ ਲਈ ਹੀ ਹਨ। ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਸਰਕਾਰ ਦੂਜੀਆਂ ਰਵਾਇਤੀ ਫ਼ਸਲਾਂ ਦੇ ਵਾਜਬਿ ਭਾਅ ਦੇਵੇ। ਦੂਜੇ ਬੰਨੇ, ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਪਾਣੀ ਬਿਨਾ ਉਹ ਕੀ ਕਰਨਗੇ?
ਰਜਿੰਦਰਜੀਤ ਸਿੰਘ ਕਾਲਾਬੂਲਾ, ਸ਼ੇਰਪੁਰ (ਸੰਗਰੂਰ)
(3)
ਡਾ. ਗਿਆਨ ਸਿੰਘ ਦਾ ਲੇਖ ‘ਪਾਣੀ ਦੇ ਵਧ ਰਹੇ ਸੰਕਟ ਲਈ ਜ਼ਿੰਮੇਵਾਰ ਕੌਣ?’ ਪੜ੍ਹ ਕੇ ਕੰਬਣੀ ਛਿੜਦੀ ਹੈ। ਉਂਜ ਲੇਖਕ ਨੇ ਇਸ ਸੰਕਟ ਲਈ ਜ਼ਿੰਮੇਵਾਰ ਇਕ ਵਰਗ, ਸਰਕਾਰੀ ਖੇਤੀ ਵਿਗਿਆਨੀਆਂ ਬਾਰੇ ਗੱਲ ਨਹੀਂ ਕੀਤੀ, ਜੋ ਵੱਡੇ ਵੱਡੇ ਸਰਕਾਰੀ ਅਹੁਦੇ ਮਾਣਦੇ ਰਹੇ ਪਰ ਦੋ-ਤਿੰਨ ਦਹਾਕੇ ਪਹਿਲਾਂ ਪਤਾ ਲੱਗੀ ਇਸ ਗੰਭੀਰ ਸਮੱਸਿਆ ਦੇ ਹੱਲ ਬਾਰੇ ਕਦੇ ਗੰਭੀਰ ਹੋਏ ਨਹੀਂ ਦਿਸੇ। ਇਹ ਪਤਾ ਹੋਣ ਦੇ ਬਾਵਜੂਦ ਕਿ ਝੋਨਾ ਪੰਜਾਬ ਦੀ ਜਲਵਾਯੂ ਦੀ ਫ਼ਸਲ ਨਹੀਂ ਹੈ, ਪੰਜਾਬ ਵਿਚ ਲਗਾਉਣ ਤੋਂ ਰੋਕਣ ਲਈ ਉਹ ਫ਼ੌਰੀ ਕਦਮ ਚੁੱਕਣ ਲਈ ਸਰਕਾਰਾਂ ਨੂੰ ਮਨਾਉਂਦੇ ਅਤੇ ਕਿਸਾਨਾਂ ਨੂੰ ਹੋਰ ਬਦਲਵੀਆਂ, ਘੱਟ ਪਾਣੀ ’ਤੇ ਪਲਣ ਵਾਲੀਆਂ ਫ਼ਸਲਾਂ ਲਈ
ਉਤਸ਼ਾਹਿਤ ਕਰਦੇ ਪਰ ਉਨ੍ਹਾਂ ਅਜਿਹਾ ਕੀਤਾ ਨਹੀਂ। ਇਨ੍ਹਾਂ ਲੋਕਾਂ ਨੂੰ ਸਵਾਲ ਫਿਰ ਕੌਣ ਕਰੇਗਾ?
ਜਸਵੰਤ ਰਾਏ, ਚੰਡੀਗੜ੍ਹ
ਬਿਜਲੀ ਸੰਕਟ: ਤੱਥ ਸਹੀ ਨਹੀਂ
ਬਿਜਲੀ ਸੰਕਟ ਬਾਰੇ ਇੰਜ: ਬਲਦੇਵ ਸਿੰਘ ਸਰਾਂ ਦੇ ਲੇਖ (10 ਜੁਲਾਈ) ਸਬੰਧੀ ਇੰਜ: ਹਰਮੇਸ਼ ਕੁਮਾਰ ਦਾ 12 ਜੁਲਾਈ ਨੂੰ ਛਪਿਆ ਖ਼ਤ ਤੱਥ ਆਧਾਰਿਤ ਨਹੀਂ। ਇਹ ਗੱਲ ਸਹੀ ਨਹੀਂ ਕਿ ਇੰਜ: ਸਰਾਂ ਨੇ ਬਠਿੰਡੇ ਥਰਮਲ ਦੀ ਜ਼ਮੀਨ ਸਰਕਾਰ ਨੂੰ ਤੋਹਫ਼ੇ ਵਿਚ ਦਿੱਤੀ। ਸੱਚਾਈ ਇਹ ਹੈ ਕਿ ਉਨ੍ਹਾਂ ਨੇ ਤਾਂ ਸਰਕਾਰ ਦੀ ਇੱਛਾ ਦੇ ਉਲਟ ਫਰਵਰੀ 2020 ਵਿਚ ਬੀਓਡੀਜ਼ ਵੱਲੋਂ ਇਹ ਜ਼ਮੀਨ ਹੁਣ ਦੀ ਨਿਰਧਾਰਿਤ ਕੀਮਤ ਅਤੇ ਪੁੱਡਾ ਨੂੰ 80/20 ਮੁਨਾਫ਼ਾ ਸਕੀਮ ਅਧੀਨ ਦੇਣ ਦਾ ਮਤਾ ਪਾਸ ਕਰਵਾਇਆ। ਦੂਜਾ, ਬਠਿੰਡਾ/ਰੋਪੜ ਥਰਮਲ ਬੰਦ ਤਾਂ ਪਹਿਲੀ ਜਨਵਰੀ 2018 ਵਿਚ ਕੀਤੇ ਗਏ ਸਨ, ਇੰਜ. ਸਰਾਂ ਚੇਅਰਮੈਨ ਜੂਨ 2018 ਵਿਚ ਬਣੇ ਸਨ। ਤੀਜੇ, ਉਨ੍ਹਾਂ ਬਠਿੰਡਾ ਥਰਮਲ ਦੀ ਜਗ੍ਹਾ ’ਤੇ 100 ਮੈਗਾਵਾਟ ਸੋਲਰ ਅਤੇ 60 ਮੈਗਾਵਾਟ ਬਾਇਓਮਾਸ ਪਲਾਂਟ ਲਾਉਣ ਦੀ ਸਕੀਮ ਬਣਾਈ। ਚੌਥੇ, ਰੋਪੜ ਵਿਖੇ ਸੁਪਰ ਕ੍ਰੀਟੀਕਲ ਤਕਨੀਕ ਦੀਆਂ ਯੂਨਿਟਾਂ ਲਾਉਣ ਦੀ ਤਜਵੀਜ਼ ਬੀਓਡੀਜ਼ ਤੋਂ ਪਾਸ ਕਰਵਾ ਕੇ ਸਰਕਾਰ ਕੋਲ ਮਨਜ਼ੂਰੀ ਲਈ ਭੇਜੀ। ਉਂਜ ਵੀ ਟ੍ਰਾਂਸਮਿਸ਼ਨ ਸਮਰੱਥਾ ਪੀਐੱਸਟੀਸੀਐੱਲ ਨੇ ਵਧਾਉਣੀ ਹੁੰਦੀ ਹੈ ਪੀਐੱਸਪੀਸੀਐੱਲ ਨੇ ਨਹੀਂ।
ਗੁਰਸੇਵਕ ਸਿੰਘ ਸੰਧੂ, ਬਠਿੰਡਾ
ਵੰਡ ਦੇ ਦੁਖੜੇ
ਹਰ ਸ਼ਨਿੱਚਰਵਾਰ ਛਪਦੇ ਸਾਂਵਲ ਧਾਮੀ ਦੇ ਲੜੀਵਾਰ ‘ਵੰਡ ਦੇ ਦੁਖੜੇ’ ਦਾ ਇੰਤਜ਼ਾਰ ਰਹਿੰਦਾ ਹੈ। ਸੱਚੀਆਂ ਘਟਨਾਵਾਂ ਦੀ ਤ੍ਰਾਸਦੀ ਜਾਣ ਕੇ ਰੂਹ ਕੰਬ ਉੱਠਦੀ ਹੈ। ਇਹ ਲੇਖਕ ਦਾ ਵੱਡਾ ਹੰਭਲਾ ਹੈ ਜੋ ਵੰਡ ਵਾਲੀ ਖ਼ਤਮ ਹੋ ਰਹੀ ਪੀੜ੍ਹੀ ਰਾਹੀਂ ਇਹ ਪੀੜ ਬਿਆਨ ਕਰ ਰਿਹਾ ਹੈ।
ਸੁਖਬੀਰ ਕੌਰ, ਬਠਿੰਡਾ
ਸਾਂਝੀ ਵਿਰਾਸਤ
ਸ਼ਿਵੰਦਰ ਕੌਰ ਦਾ 14 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਮਿਡਲ ‘ਸੰਦੂਕ ਦਾ ਮਾਲਕਣ’ 1947 ਦੀ ਵੰਡ ਬਾਰੇ ਇੱਧਰੋਂ ਉੱਧਰੋਂ ਵੱਸੇ ਇਕ ਪਰਿਵਾਰ ਨੂੰ ਸੰਦੂਕ ਰਾਹੀਂ ਲੱਭਣ ਦੀ ਅਸਫ਼ਲ ਪਰ ਰੂਹ ਨੂੰ ਝੰਜੋੜਨ ਵਾਲੀ ਦਾਸਤਾਨ ਹੈ। ਇਹ ਮਿਡਲ ਸਿਆਸਤ ਦੀਆਂ ਬੇਰਹਿਮ ਖੇਡਾਂ ਨੂੰ ਚੁਣੌਤੀ ਦਿੰਦਾ ਹੋਇਆ ਇਨਸਾਨੀ ਰਿਸ਼ਤਿਆਂ ਦੀ ਪਵਿੱਤਰਤਾ ਦਾ ਪਰਚਮ ਬੁਲੰਦ ਕਰਦਾ ਹੈ। 74 ਸਾਲ ਪਹਿਲਾਂ ਇੱਧਰ ਛੱਡਿਆ ਸੰਦੂਕ ਇਕ ਤਰ੍ਹਾਂ ਨਾਲ ਅਮਾਨਤ ਦੀ ਸਦੀਵੀ ਯਾਦਗਾਰ ਬਣ ਗਿਆ ਹੈ। ਇਹ ਸੰਦੂਕ ਕਿਸੇ ਅਜਾਇਬ ਘਰ ਵਿਚ ਰੱਖਣਾ ਬਣਦਾ ਹੈ ਜੋ ਦੋਵਾਂ ਮੁਲਕਾਂ ਦੀ ਸਾਂਝੀ ਵਿਰਾਸਤ ਹੈ।
ਕਰਮਜੀਤ ਸਿੰਘ, ਈਮੇਲ