ਆਤਿਸ਼ ਗੁਪਤਾ
ਚੰਡੀਗੜ੍ਹ, 1 ਅਕਤੂਬਰ
ਪੰਜਾਬ ਵਿੱਚ ਘਰੇਲੂ ਇਕਾਂਤਵਾਸ ਅਧੀਨ ਬਿਨਾਂ ਲੱਛਣਾਂ ਵਾਲੇ ਅਤੇ ਹਲਕੇ ਲੱਛਣ ਵਾਲੇ ਕਰੋਨਾ ਮਰੀਜ਼ਾਂ ਦੀ ਰੋਜ਼ਾਨਾ ਟੈਲੀ ਮੋਨੀਟਰਿੰਗ ਰਾਹੀਂ ਜਾਂਚ ਕੀਤੀ ਜਾਵੇਗੀ। ਇਸ ਮੁਹਿੰਮ ਦੀ ਸ਼ੁਰੂਆਤ ਭਲਕੇ ਸ਼ੁੱਕਰਵਾਰ ਤੋਂ ਕੀਤੀ ਜਾਵੇਗੀ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਦੀ ਨਿਯਮਤ ਜਾਂਚ ਲਈ ਪੇਸ਼ੇਵਰ ਹੋਮ ਹੈਲਥਕੇਅਰ ਕੰਪਨੀਆਂ ਦੇ ਇਕ ਸਹਾਇਤਾ ਸਮੂਹ ਦਾ ਸਹਿਯੋਗ ਲਿਆ ਜਾਵੇਗਾ। ਇਸ ਸਮੂਹ ਕੋਲ ਦਿੱਲੀ, ਮੁੰਬਈ, ਚੇਨਈ ਅਤੇ ਕਰਨਾਟਕ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਅਜਿਹੀ ਨਿਗਰਾਨੀ ਦਾ ਲੋੜੀਂਦਾ ਤਜਰਬਾ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਜਾਂਚ ਰੋਜ਼ਾਨਾ ਫੋਨ ਨੰਬਰ 01206679850, 08068972066 ਅਤੇ 04068118722 ਰਾਹੀਂ ਕੀਤੀ ਜਾਵੇਗੀ। ਇਸ ਪ੍ਰਣਾਲੀ ਤਹਿਤ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ਾਂ ਦੀ ਨਿਗਰਾਨੀ ਪਹਿਲ ਦੇ ਅਧਾਰ ’ਤੇ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਨੰਬਰਾਂ ਤੋਂ ਫੋਨ ਆਉਣ ’ਤੇ ਜਵਾਬ ਜ਼ਰੂਰ ਦੇਣ।