ਨਵੀਂ ਦਿੱਲੀ, 1 ਅਕਤੂਬਰ
ਆਈਪੀਐੱਲ ਦੌਰਾਨ ‘ਬਾਇਓ ਬਬਲ’ ਦਾ ਉਲੰਘਣ ਕਰਨ ’ਤੇ ਸਬੰਧਤ ਖਿਡਾਰੀ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਹ ਨਹੀਂ ਖਿਡਾਰੀ ਦੀ ਸਬੰਧਤ ਟੀਮ ਨੂੰ ਇਕ ਕਰੋੜ ਰੁਪਏ ਦੇ ਜੁਰਮਾਨੇ ਤੋਂ ਇਲਾਵਾ ਅੰਕਾਂ ’ਚ ਵੀ ਕਟੌਤੀ ਝੱਲਣੀ ਪੈ ਸਕਦੀ ਹੈ। ਬੀਸੀਸੀਆਈ ਨੇ ਆਈਪੀਐੱਲ ’ਚ ਸ਼ਾਮਲ ਸਾਰੀਆਂ ਅੱਠ ਟੀਮਾਂ ਨੂੰ ਭੇਜੇ ਨੋਟਿਸ ਵਿੱਚ ਸਾਫ਼ ਕਰ ਦਿੱਤਾ ਹੈ ਕਿ ‘ਬਾਇਓ ਬਬਲ’ ਤੋਂ ਅਣਅਧਿਕਾਰਤ ਰੂਪ ਵਿੱਚ ਬਾਹਰ ਜਾਣ ਲਈ ਖਿਡਾਰੀ ਨੂੰ ਛੇ ਦਿਨਾਂ ਲਈ ਇਕਾਂਤਵਾਸ ਵਿੱਚ ਜਾਣਾ ਹੋਵੇਗਾ। ਜੇਕਰ ਮੁੜ ਇਹੀ ਗ਼ਲਤੀ ਦੁਹਰਾਈ ਜਾਂਦੀ ਹੈ ਤਾਂ ਇਕ ਮੈਚ ਦੀ ਮੁਅੱਤਲੀ ਤੇ ਤੀਜੀ ਵਾਰ ਉਲੰਘਣਾ ’ਤੇ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ ਤੇ ਸਬੰਧਤ ਖਿਡਾਰੀ ਦੀ ਟੀਮ ਨੂੰ ਹੋਰ ਖਿਡਾਰੀ ਵੀ ਨਹੀਂ ਮਿਲੇਗਾ। ਇਹੀ ਨੇਮ ਪਰਿਵਾਰ ਦੇ ਮੈਂਬਰਾਂ ਤੇ ਟੀਮ ਅਧਿਕਾਰੀਆਂ ਲਈ ਵੀ ਹੋਣਗੇ। ਬਾਇਓ ਬਬਲ ਤੋਂ ਭਾਵ ਖਿਡਾਰੀ ਜਾਂ ਟੀਮ ਨੂੰ ਬਾਹਰੀ ਦੁਨੀਆਂ ਤੋਂ ਅੱਡ ਰੱਖਣਾ ਹੈ ਤਾਂ ਕਿ ਕੋਵਿਡ-19 ਲੱਗਣ ਦੇ ਜੋਖ਼ਮ ਨੂੰ ਘਟਾਇਆ ਜਾ ਸਕੇ।