ਪੱਤਰ ਪ੍ਰੇਰਕ
ਅੰਮ੍ਰਿਤਸਰ, 1 ਨਵੰਬਰ
ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਨੇ ਅੱਜ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ’ਤੇ ਕਿਸੇ ਵੱਡੇ ਕਾਰਪੋਰੇਟ ਅਦਾਰੇ ਵੱਲੋਂ ਵਸਤਾਂ ਦੇ ਭੇਜੇ ਟਰੱਕ ਕਬਜ਼ੇ ਵਿੱਚ ਲੈ ਲਏ। ਕਿਸਾਨਾਂ ਨੇ ਦੋਸ਼ ਲਾਇਆ ਕਿ ਕਿਸੇ ਵੱਡੇ ਕਾਰਪੋਰੇਟ ਘਰਾਣੇ ਦੇ ਇਹ ਟਰੱਕ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਲੈ ਕੇ ਆਏ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ ਪਰ ਇਨ੍ਹਾਂ ਕੋਈ ਟੈਕਸ ਨਹੀਂ ਭਰਿਆ।
ਪਿੰਡ ਰਾਜੇਵਾਲਾ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਚਾਰ ਵਜੇ ਦੇ ਕਰੀਬ ਜੀਟੀ ਰੋਡ ’ਤੇ ਸਥਿਤ ਨਿੱਜਰ ਟੌਲ ਪਲਾਜ਼ਾ ਨੇੜਿਓਂ ਇਨ੍ਹਾਂ ਟਰੱਕਾਂ ਨੂੰ ਕਾਬੂ ਕੀਤਾ ਤਾਂ ਪਤਾ ਲੱਗਿਆ ਕਿ ਮੋਦੀ ਸਰਕਾਰ ਦੇ ਨਜ਼ਦੀਕੀ ਕਾਰਪੋਰੇਟ ਘਰਾਣੇ ਵੱਲੋਂ ਇਹ ਸਾਮਾਨ ਸਿੱਧਾ ਦੁਕਾਨਾਂ ’ਤੇ ਭੇਜਿਆ ਜਾ ਰਿਹਾ ਹੈ। ਆਗੂ ਨੇ ਐਲਾਨ ਕੀਤਾ ਕਿ ਜਦੋਂ ਤਕ ਅੰਬਾਲਾ ਨੇੜੇ ਯੂਰੀਆ ਖਾਦ ਦੇ ਰੋਕੇ ਹੋਏ ਤਿੰਨ ਟਰੱਕਾਂ ਨੂੰ ਇੱਥੇ ਨਹੀਂ ਭੇਜਿਆ ਜਾਂਦਾ, ਉਦੋਂ ਤਕ ਇਨ੍ਹਾਂ ਟਰੱਕਾਂ ਨੂੰ ਨਹੀਂ ਛੱਡਿਆ ਜਾਵੇਗਾ।
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸਟੇਟ ਪ੍ਰੈੱਸ ਸਕੱਤਰ ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਕਾਗਜ਼ ਚੈੱਕ ਕਰਨ ਮਗਰੋਂ ਇਹ ਸਪੱਸ਼ਟ ਹੋਇਆ ਕਿ ਟਰੱਕ ’ਚ ਪਏ ਸਾਮਾਨ ਵਿਚੋਂ ਕਿਸੇ ਵੀ ਵਸਤੂ ਦਾ ਕੋਈ ਟੈਕਸ ਨਹੀਂ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ 50 ਲੱਖ ਦੀ ਕੀਮਤ ਦੇ ਇਸ ਸਾਮਾਨ ਦਾ ਜੀਐੱਸਟੀ ਵੀ ਨਹੀਂ ਲਿਆ ਗਿਆ। ਟਰੱਕ ’ਚੋਂ ਮਿਲੇ ਕਿਸੇ ਵੀ ਕਾਗਜ਼ ’ਤੇ ਨਾ ਕੇਂਦਰ ਅਤੇ ਨਾ ਸਟੇਟ ਦੇ ਜੀਐੱਸਟੀ ਦਾ ਕੋਈ ਜ਼ਿਕਰ ਹੈ। ਇਸ ਤੋਂ ਵੱਧ ਹੈਰਾਨੀ ਦੀ ਗੱਲ ਹੈ ਕਿ ਅੰਤਰਰਾਜੀ ਸਰਹੱਦ ’ਤੇ ਪੁਲੀਸ ਵੱਲੋਂ ਇਨ੍ਹਾਂ ਟਰੱਕਾਂ ਨੂੰ ਚੈੱਕ ਵੀ ਨਹੀਂ ਕੀਤਾ ਗਿਆ।