ਮੁੰਬਈ: ਦਿੱਲੀ ਹਾਈ ਕੋਰਟ ਵਿੱਚ 5ਜੀ ਟੈਲੀਕਾਮ ਤਕਨੀਕ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਪਟੀਸ਼ਨ ਪਾਉਣ ਵਾਲੀ ਬੌਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਦੇਸ਼ ਵਾਸੀਆਂ ਨੂੰ ਆਖਿਆ ਕਿ ਉਹ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਬਾਰੇ ਘੋਖ ਕਰਨ। ਅਦਾਕਾਰਾ ਨੇ ਅੱਜ ਸਵੇਰੇ ਸੋਸ਼ਲ ਮੀਡੀਆ ’ਤੇ ਆਖਿਆ ਕਿ 5ਜੀ ਨਾਲ ਰੇਡੀਏਸ਼ਨ ਕਾਫੀ ਤੇਜ਼ੀ ਨਾਲ ਖ਼ਤਰੇ ਦੇ ਨਿਸ਼ਾਨ ਵੱਲ ਵਧੇਗਾ ਅਤੇ ਉਸ ਨੇ ਲੋਕਾਂ ਨੂੰ ਪੁੱਛਿਆ ਕਿ ਅੱਜ 2 ਜੂਨ ਨੂੰ ਹਾਈ ਕੋਰਟ ਵਿੱਚ ਹੋਣ ਵਾਲੀ ਪਹਿਲੀ ਵਰਚੁਅਲ ਸੁਣਵਾਈ ਦੌਰਾਨ ਕੌਣ-ਕੌਣ ਜੁੜੇਗਾ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿਚ ਜੂਹੀ ਨੇ ਆਖਿਆ,‘‘ਲੋਕ ਮੈਨੂੰ ਪੁੱਛ ਰਹੇ ਹਨ ਕਿ ਤੁਸੀਂ ਹੁਣ ਅਚਾਨਕ ਕਿਉਂ ਜਾਗ ਪਏ ਅਤੇ ਕੇਸ ਦਾਇਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਹੁਣ ਨਹੀਂ ਜਾਗੀ। ਮੈਂ ਪਿਛਲੇ 10 ਸਾਲ ਤੋਂ ਰੇਡੀਏਸ਼ਨ, ਮੋਬਾਈਲ ਫੋਨ ਦੀ ਸੁਰੱਖਿਅਤ ਵਰਤੋਂ ਤੇ ਮੋਬਾਈਲ ਟਾਵਰਾਂ ਤੋਂ ਪੈਦਾ ਹੁੰਦੀ ਰੇਡੀਏਸ਼ਨ ਬਾਰੇ ਬੋਲਦੀ ਆ ਰਹੀ ਹਾਂ ਅਤੇ ਜਿੰਨਾ ਸੰਭਵ ਹੋ ਸਕਿਆ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਮੋਬਾਈਲ ਫੋਨ ਰੇਡੀਓ ਤਿਰੰਗਾਂ ’ਤੇ ਕੰਮ ਕਰਦੇ ਹਨ ਜਿਹੜੀਆਂ ਸਾਡੇ ਵਾਤਾਵਰਨ ਵਿੱਚ ਵਧ ਰਹੀਆਂ ਹਨ। ਪਹਿਲਾਂ 1ਜੀ ਤੋਂ 2ਜੀ ਅਤੇ 3ਜੀ ਤੋਂ 4ਜੀ। ਹੁਣ 4ਜੀ ਤੋਂ 5ਜੀ ਨਾਲ ਇਨ੍ਹਾਂ ਤਿਰੰਗਾਂ ਦਾ ਘੇਰਾ ਹੋਰ ਵੱਡਾ ਹੋ ਗਿਆ ਹੈ। ਅਜਿਹੇ ਵਿੱਚ ਰੇਡੀਏਸ਼ਨ ਬਹੁਤ ਤੇਜ਼ੀ ਨਾਲ ਵਧੇਗੀ। ਦੇਖੋ, ਤੁਸੀਂ ਭਲੀਭਾਂਤ ਜਾਣਦੇ ਹੋ ਕਿ ਲੋੜ ਤੱਕ ਸਭ ਠੀਕ ਹੈ ਪਰ ਜਦੋਂ ਇਹ ਲੋੜ ਨਾਲੋਂ ਵੱਧ ਹੋਵੇਗੀ ਤਾਂ ਤੁਹਾਡੇ ਉਪਰ ਇਸ ਦੇ ਮਾੜੇ ਪ੍ਰਭਾਵ ਪੈਣਗੇ।’’ ਅਦਾਕਾਰਾ ਨੇ ਅੱਗੇ ਆਖਿਆ,‘‘ਮੈਂ ਤੁਹਾਨੂੰ ਇਕ ਉਦਾਹਰਨ ਦਿੰਦੀ ਹਾਂ। ਜਦੋਂ ਦਵਾਈਆਂ ਬਾਜ਼ਾਰ ਵਿੱਚ ਆਈਆਂ ਸਨ ਤਾਂ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ 10-15 ਸਾਲ ਤੱਕ ਖੋਜ ਕੀਤੀ ਗਈ ਅਤੇ ਫਿਰ ਉਸ ਨੂੰ ਬਾਜ਼ਾਰ ਵਿਚ ਉਤਾਰਨ ਦੀ ਪ੍ਰਵਾਨਗੀ ਦਿੱਤੀ ਗਈ। ਪਰ ਰੇਡੀਏਸ਼ਨ ਪਿਛਲੇ 20-25 ਸਾਲ ਤੋਂ ਵੱਧ ਸਮੇਂ ਤੋਂ ਵਾਤਾਵਰਨ ’ਚ ਫੈਲਾਈਆਂ ਜਾ ਰਹੀਆਂ ਹਨ ਕੀ ਇਨ੍ਹਾਂ ਬਾਰੇ ਕੋਈ ਖੋਜ ਹੋਈ ਹੈ? ਉਸ ਨੇ ਲੋਕਾਂ ਨੂੰ ਰੇਡੀਏਸ਼ਨ ਬਾਰੇ ਜਾਨਣ ਤੇ ਘੋਖ ਕਰਨ ਦੀ ਅਪੀਲ ਕੀਤੀ।’’ -ਆਈਏਐੱਨਐੈੱਸ