ਰਾਮ ਸ਼ਰਨ ਸੂਦ
ਅਮਲੋਹ, 7 ਜੂਨ
ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਜੰਗਲਾਤ ਅਤੇ ਸਮਾਜ ਭਲਾਈ ਵਿਭਾਗ ਦੇ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਵਿਜੀਲੈਂਸ ਵਿਭਾਗ ਮੁਹਾਲੀ ਦੀ ਟੀਮ ਨੇ ਅੱਜ ਸਵੇਰੇ ਉਸ ਦੇ ਅਮਲੋਹ ਸਥਿਤ ਨਿਵਾਸ ਸਥਾਨ ਤੋਂ ਅੱਜ ਤੜਕੇ 3 ਵਜੇ ਦੇ ਕਰੀਬ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ। ਉਸ ਦੇ ਨਾਲ ਖੰਨਾ ਦੇ ਜਲੰਧਰ ਵਿਚ ਛਪਦੇ ਅਖ਼ਬਾਰ ਦਾ ਪੱਤਰਕਾਰ ਅਤੇ ਜੰਗਲਾਤ ਵਿਭਾਗ ਦਾ ਮੁਲਾਜ਼ਮ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਵਿਜੀਲੈਂਸ ਦੀ ਟੀਮ ਨੇ ਇਸ ਗ੍ਰਿਫ਼ਤਾਰੀ ਸਮੇਂ ਇਸ ਮਾਮਲੇ ਨੂੰ ਬਹੁਤ ਹੀ ਗੁਪਤ ਰੱਖਿਆ ਅਤੇ ਅਮਲੋਹ ਪੁਲੀਸ ਨੂੰ ਵੀ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ। ਵਿਜੀਲੈਂਸ ਟੀਮ ਨੇ ਗ੍ਰਿਫ਼ਤਾਰੀ ਸਮੇਂ ਧਰਮਸੋਤ ਦੀ ਅਮਲੋਹ ਸਥਿਤ ਕੋਠੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਕਈ ਕਰਮਚਾਰੀ ਕੋਠੀ ਦੇ ਉੱਪਰ ਵੀ ਮੌਜੂਦ ਸਨ। ਧਰਮਸੋਤ ਦੀ ਗ੍ਰਿਫਤਾਰੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਕੁਝ ਘੰਟੇ ਪਹਿਲਾਂ ਹੋਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਨਸਾ ਸਥਿਤ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਹੈਮੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਇਹ ਜਾਣਕਾਰੀ ਮਿਲੀ ਸੀ ਕਿ ਧਰਮਸੋਤ ਦੇ ਮੰਤਰੀ ਹੁੰਦਿਆਂ ਇਨ੍ਹਾਂ ਦੋਵਾਂ ਨੇ ਜੰਗਲਾਤ ਵਿਭਾਗ ਵਿੱਚ ਹੋਈਆਂ ਕਥਿਤ ਗਲਤੀਆਂ ਦੇ ਵੇਰਵੇ ਮੁਹੱਈਆ ਕਰਵਾਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਰੈਲ ਵਿੱਚ ਧਰਮਸੋਤ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ।