ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਨਵੰਬਰ
ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਮਾਲ ਗੱਡੀਆਂ ਨਾ ਭੇਜਣ ਦੇ ਫ਼ੈਸਲੇ ਮਗਰੋਂ ਬਾਰਦਾਨਾ ਨਾ ਆਉਣ ਕਰਕੇ ਮੰਡੀਆਂ ’ਚ ਝੋਨੇ ਦੀ ਖਰੀਦ ਰੁਕਣ ਦਾ ਖ਼ਦਸ਼ਾ ਹੈ। ਸੜਕੀ ਆਵਾਜਾਈ ਰਾਹੀਂ ਲਿਆਂਦਾ ਜਾ ਰਿਹਾ ਬਾਰਦਾਨਾ ਫਰੀਦਾਬਾਦ (ਹਰਿਆਣਾ) ਵਿੱਚ ਰੋਕ ਦੇਣ ਨਾਲ ਪੰਜਾਬ ’ਚ ਝੋਨਾ ਖਰੀਦ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਮਾਲ ਗੱਡੀਆਂ ਨਾ ਚਲਾਉਣ ਕਰਕੇ ਸੂਬੇ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਅਤੇ ਨਵੀਂ ਫ਼ਸਲ ਨੂੰ ਭੰਡਾਰ ਕਰਨ ਵਿੱਚ ਮੁਸੀਬਤ ਖੜ੍ਹੀ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਸੂਬੇ ਦੀ ਆਰਥਿਕਤਾ ਅਤੇ ਕਿਸਾਨੀ ਨੂੰ ਵੱਡੀ ਸੱਟ ਵੱਜ ਸਕਦੀ ਹੈ।
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਬਾਰਦਾਨਾ ਕੋਲਕਾਤਾ ਤੋਂ ਆਉਂਦਾ ਹੈ, ਜੋ ਰੇਲ ਆਵਾਜਾਈ ਬੰਦ ਹੋਣ ਕਰਕੇ ਨਹੀਂ ਆ ਰਿਹਾ। ਕੁਝ ਬਾਰਦਾਨਾ ਸੜਕੀ ਆਵਾਜਾਈ ਰਾਹੀਂ ਲਿਆਂਦਾ ਜਾ ਰਿਹਾ ਸੀ, ਉਹ ਵੀ ਫਰੀਦਾਬਾਦ ਵਿੱਚ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਅਗਲੇ ਕੁਝ ਦਿਨ ਹੋਰ ਬਾਰਦਾਨਾ ਨਾ ਆਇਆ ਤਾਂ ਹੋਰਨਾਂ ਜ਼ਿਲ੍ਹਿਆਂ ਵਾਂਗ ਮੋਗਾ ਵਿੱਚ ਵੀ ਝੋਨੇ ਦੀ ਖਰੀਦ ਦਾ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵਾਰ 13 ਲੱਖ ਮੀਟਰਕ ਟਨ ਝੋਨੇ ਦੀ ਸਰਕਾਰੀ ਖਰੀਦ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚੋਂ 8 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਪਰ ਹੁਣ ਝੋਨੇ ਨੂੰ ਸੰਭਾਲਣ ਲਈ ਬਾਰਦਾਨੇ ਦੀ ਕਮੀ ਹੋ ਗਈ ਹੈ।