ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਸਤੰਬਰ
ਆਪਣੀਆਂ ਮੰਗਾਂ ਦੀ ਪੂਰਤੀ ਲਈ ਕਈ ਹਫ਼ਤਿਆਂ ਤੋਂ ਪਟਿਆਲਾ ਵਿਚ ਪੱਕਾ ਮੋਰਚਾ ਲਾਈ ਬੈਠੇ ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕਾਂ ਨੇ ਅੱਜ ਅਧਿਆਪਕ ਦਿਵਸ ਮੌਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਉਹ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਅਧਿਆਪਕਾਂ ਵੱਲੋਂ ਇਹ ਪੱਕਾ ਮੋਰਚਾ ਇੱਥੇ ਸਰਹਿੰਦ ਰੋਡ ’ਤੇ ਸਥਿਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਨੇੜਲੇ ਬੱਸ ਅੱਡੇ ਵਿਚ ਲਾਇਆ ਹੋਇਆ ਹੈ, ਜਿਸ ਦੌਰਾਨ ਉਹ ਪਹਿਲਾਂ ਵੀ ਕਈ ਵਾਰ ਸ਼ਹਿਰ ਵਿੱਚ ਰੋਸ ਮਾਰਚ ਕਰ ਚੁੱਕੇ ਹਨ ਤੇ ਮੁੱਖ ਮੰਤਰੀ ਨਿਵਾਸ ਨੇੜੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਪਰ ਅੱਜ ਅਧਿਆਪਕ ਦਿਵਸ ਦੇ ਮੌਕੇ ‘ਤੇ ਉਨ੍ਹਾਂ ਨੇ ਅੱਜ ਦੇ ਇਸ ਰੋਸ ਮਾਰਚ ਦੌਰਾਨ ਜਿੱਥੇ ਗਲ ਵਿੱਚ ਟਾਇਰ ਪਾਏ ਹੋਏ ਸਨ ਉਥੇ ਹੀ ਸਰਕਾਰ ਵਿਰੋਧੀ ਨਾਅਰਿਆਂ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਸਬੰਧੀ ਬੈਨਰ ਵੀ ਗਲਾਂ ਵਿੱਚ ਪਾਏ ਹੋਏ ਸਨ।