ਮਨਦੀਪ ਰਿੰਪੀ
ਕਿੰਨੀ ਦੇਰ ਤੋਂ ਉਡੀਕ ਰਹੀ ਹਾਂ, ਪਰ ਉਡੀਕ ਹੈ ਕਿ ਮੁੱਕਣ ਦਾ ਨਾਂ ਨਹੀਂ ਲੈ ਰਹੀ। ਹੁਣ ਤਾਂ ਇੰਜ ਲੱਗਦਾ ਜਿਵੇਂ ਸਦੀਆਂ ਬੀਤ ਗਈਆਂ ਹੋਣ ਇਸ ਬੈਂਚ ’ਤੇ ਬੈਠੀ-ਬੈਠੀ ਨੂੰ। ਕਦੇ-ਕਦੇ ਤਾਂ ਇੰਜ ਲੱਗਦਾ ਹੈ ਜਿਵੇਂ ਇਸ ਲੱਕੜ ਦੇ ਬੈਂਚ ਵਾਂਗੂੰ ਮੈਂ ਵੀ ਬੇਜਾਨ ਬਣ ਜਾਣਾ ਇਸੇ ਥਾਂ ’ਤੇ। ਮੇਰੀਆਂ ਸੋਚਾਂ ਵਾਂਗੂੰ ਅੱਖਾਂ ਵੀ ਚਾਰ ਚੁਫ਼ੇਰੇ ਘੁੰਮ ਰਹੀਆਂ ਨੇ। ਦੂਰ ਤਕ ਨਿਗ੍ਹਾ ਜਾਂਦੀ ਤੇ ਫਿਰ ਪਲਾਂ ਵਿਚ ਪਰਤ ਕੇ ਦਰਵਾਜ਼ੇ ਦੇ ਪਰਦਿਆਂ ’ਤੇ ਆ ਕੇ ਲਟਕ ਜਾਂਦੀ ਹੈ।
ਮੈਂ ਕਮਰੇ ਦੇ ਬਾਹਰ ਬੈਠੀ ਡਾਕਟਰ ਨੂੰ ਉਡੀਕ ਰਹੀ ਹਾਂ। ਕਿੰਨਾ ਟਾਈਮ ਹੋ ਗਿਆ, ਪਰ ਅੱਜ ਡਾਕਟਰ ਰਾਊਂਡ ’ਤੇ ਹਾਲੇ ਤੱਕ ਨਹੀਂ ਆਇਆ। ਫਿਰ ਸੋਚਣ ਲੱਗਦੀ ਹਾਂ ਕਿ ਸ਼ਾਇਦ ਜਦੋਂ ਮੈਂ ਬਾਹਰ ਫ਼ੋਨ ਸੁਣ ਰਹੀ ਸਾਂ ਉਦੋਂ ਹੀ ਤਾਂ ਨਹੀਂ ਡਾਕਟਰ ਵੇਖ ਕੇ ਚਲਾ ਗਿਆ? ਜਾਂ ਹੋ ਸਕਦਾ ਹੈ ਜਦੋਂ ਮੈਂ ਕੁਰਸੀ ’ਤੇ ਬੈਠੀ-ਬੈਠੀ ਦੋ ਘੜੀਆਂ ਲਈ ਸੌਂ ਗਈ ਸੀ ਉਦੋਂ ਡਾਕਟਰ ਵੇਖ ਗਿਆ ਹੋਵੇ। ਜਦੋਂ-ਜਦੋਂ ਕਮਰੇ ਦੇ ਪਰਦੇ ਹਿੱਲਦੇ ਮੇਰਾ ਮਨ ਸਹਿਮ ਜਾਂਦਾ। ਪੂਰੇ ਚਾਰ ਮਹੀਨੇ ਹੋਣ ਨੂੰ ਆਏ ਨੇ ਰਾਜਵੀਰ ਨੂੰ ਇਸ ਹਸਪਤਾਲ ਦੇ ਇਸ ਕਮਰੇ ’ਚ ਇਸ ਬੈੱਡ ’ਤੇ ਪਏ ਨੂੰ। ਇਹ ਚਾਰ ਮਹੀਨੇ ਮੇਰੇ ਲਈ ਚਾਰ ਯੁੱਗਾਂ ਨਾਲੋਂ ਘੱਟ ਨਹੀਂ। ਪਰ ਪਤਾ ਨਹੀਂ ਹਾਲੇ ਹੋਰ ਕਿੰਨੇ ਮਹੀਨੇ ਇਸੇ ਤਰ੍ਹਾਂ ਉਸ ਦੇ ਠੀਕ ਹੋਣ ਦੀ ਉਡੀਕ ’ਚ ਲੰਘ ਜਾਣੇ ਨੇ। ਮੈਂ ਇਕ ਆਸ ਚੁੱਕੀ ਫਿਰਦੀ ਹਾਂ ਆਪਣੇ ਮੋਢਿਆਂ ’ਤੇ। ਸਵੇਰੇ-ਸ਼ਾਮ ਉਸ ਦੇ ਠੀਕ ਹੋਣ ਦੀ ਆਸ। ਮੁੜ ਮੇਰੀ ਜ਼ਿੰਦਗੀ ’ਚ ਪਰਤ ਆਉਣ ਦੀ ਆਸ। ਹਾਲੇ ਤਾਂ ਅਸੀਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣੀ ਸੀ, ਪਰ ਸਾਨੂੰ ਕੀ ਪਤਾ ਸੀ ਕਿ ਇਹ ਵਰ੍ਹੇਗੰਢ ਇੰਜ ਹਸਪਤਾਲ ਵਿੱਚ ਇਸ ਤਰ੍ਹਾਂ ਲੰਘ ਜਾਵੇਗੀ।
ਵਿਆਹ ਤੋਂ ਬਾਅਦ ਅਸੀਂ ਕਿੰਨੇ ਸੁਫ਼ਨੇ ਸਜਾਏ ਸਨ। ਸੱਚ! ਵਿਆਹ ਤੋਂ ਬਾਅਦ ਹੀ ਨਹੀਂ, ਵਿਆਹ ਤੋਂ ਪਹਿਲਾਂ ਵੀ। ਪਿਛਲੇ ਸੱਤ ਸਾਲਾਂ ਤੋਂ ਜਾਣਦੇ ਸਾਂ ਅਸੀਂ ਇੱਕ-ਦੂਜੇ ਨੂੰ। ਪਹਿਲੇ ਦੋ ਕੁ ਸਾਲ ਤਾਂ ਇੱਕ-ਦੂਜੇ ਨੂੰ ਦੂਰੋਂ ਆਉਂਦੇ-ਜਾਂਦੇ ਵੇਖਦਿਆਂ ਜਾਂ ਇੱਕ-ਦੂਜੇ ਬਾਰੇ ਸੋਚਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਲੰਘ ਗਏ। ਅਗਲੇ ਦੋ ਕੁ ਸਾਲ ਇਕ-ਦੂਜੇ ਨੂੰ ਪਰਖਦਿਆਂ, ਰੁੱਸਦੇ-ਮਨਾਉਂਦਿਆਂ ਤੇ ਤਿੰਨ ਕੁ ਸਾਲ ਆਪੋ-ਆਪਣੇ ਘਰਦਿਆਂ ਨੂੰ ਸਮਝਾਉਂਦਿਆਂ ਕਿ ਅਸੀਂ ਦੋਵੇਂ ਖ਼ੁਸ਼ ਰਹਾਂਗੇ ਇੱਕ-ਦੂਜੇ ਨਾਲ। ਭਾਵੇਂ ਮੇਰੇ ਘਰਦਿਆਂ ਨੇ ਨਾਂਹ-ਨੁੱਕਰ ਕਰਦਿਆਂ ਵੀ ਆਪਣੀ ਧੀ ਦੀ ਖ਼ੁਸ਼ੀ ਲਈ ਹਾਮੀ ਸੌਖਿਆਂ ਹੀ ਭਰ ਦਿੱਤੀ, ਪਰ ਰਾਜਵੀਰ ਦੇ ਘਰਦਿਆਂ ਨੇ ਸਾਡੇ ਦੋਵਾਂ ਦੇ ਤਰਲਿਆਂ-ਮਿੰਨਤਾਂ ਨੂੰ ਹਮੇਸ਼ਾ ਨਾਂਹ ਦੇ ਵੱਟਿਆਂ ਨਾਲ ਹੀ ਨਿਵਾਜਿਆ। ਉਹ ਮੈਨੂੰ ਆਪਣੇ ਖ਼ਾਨਦਾਨ ਦੀਆਂ ਧੀਆਂ-ਬਹੂਆਂ ਵਰਗੀ ਨਹੀਂ ਸਨ ਸਮਝਦੇ।
ਉਹ ਆਖਦੇ, ‘‘ਸਟੇਟਸ ਨਾਂ ਦੀ ਵੀ ਕੋਈ ਚੀਜ਼ ਹੁੰਦੀ ਐ! ਸਾਈਕਲਾਂ ਦੇ ਪੈਂਚਰ ਲਾਉਣ ਵਾਲੇ ਦੀ ਧੀ ਨੂੰ ਆਪਣੇ ਘਰ ਦੀ ਨੂੰਹ ਕਿਵੇਂ ਬਣਾ ਲਈਏ?’’ ਦੱਸੋ ਭਲਾ ਕੀ ਗ਼ਰੀਬ ਬੰਦੇ ਦੀ ਕੋਈ ਇੱਜ਼ਤ ਨਹੀਂ? ਕੋਈ ਆਤਮ ਸਨਮਾਨ ਨਹੀਂ? ਮੈਂ ਉਨ੍ਹਾਂ ਦੀ ਇਸ ਗੱਲ ਦਾ ਮੋੜਵਾਂ ਜਵਾਬ ਉਦੋਂ ਤਾਂ ਨਹੀਂ ਸਾਂ ਦੇ ਸਕੀ, ਪਰ ਬੈਂਕ ਦਾ ਟੈਸਟ ਕਲੀਅਰ ਕਰ ਅਤੇ ਨੌਕਰੀ ਪ੍ਰਾਪਤ ਕਰ ਕੇ ਉਨ੍ਹਾਂ ਦੀ ਇਸ ਬੇਤੁਕੀ ਦਲੀਲ ਦੇ ਮੂੰਹ ’ਤੇ ਕਰਾਰੀ ਚਪੇੜ ਜ਼ਰੂਰ ਜੜ ਦਿੱਤੀ ਸੀ।
ਜਦੋਂ ਮੈਨੂੰ ਬੈਂਕ ’ਚ ਨੌਕਰੀ ਮਿਲੀ ਰਾਜਵੀਰ ਨੇ ਮੁੜ ਆਪਣੇ ਘਰਦਿਆਂ ’ਤੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਦੋਂ ਉਸ ਦੇ ਪਿਉ ਦੀ ਦਲੀਲ ਸੀ ਕਿ ਸਾਡੇ ਘਰ ਦੀਆਂ ਧੀਆਂ-ਨੂੰਹਾਂ ਨੌਕਰੀ ਨਹੀਂ ਕਰਦੀਆਂ। ਸਾਡੇ ਘਰ ਦੇ ਮਰਦ ਐਨਾ ਕੁ ਕਮਾ ਲੈਂਦੇ ਨੇ ਕਿ ਉਨ੍ਹਾਂ ਨੂੰ ਭੁੱਖੀਆਂ ਨਹੀਂ ਮਰਨ ਦਿੰਦੇ। ਭਲਾ ਅੱਜ ਦੇ ਜ਼ਮਾਨੇ ’ਚ ਕੁੜੀਆਂ ਦਾ ਨੌਕਰੀ ਕਰਨਾ ਮਾੜਾ ਕਿਧਰੋਂ ਹੋ ਗਿਆ? ਸਾਡੇ ਵਿਆਹ ਦੀ ਬੁਨਿਆਦ ਰਾਜਵੀਰ ਦੇ ਪਿਉ ਦੀ ਪਹਿਲੀ ਤੇ ਆਖ਼ਰੀ ਸ਼ਰਤ ’ਤੇ ਰੱਖੀ ਗਈ ਕਿ ਮੈਂ ਨੌਕਰੀ ਛੱਡ ਦਿਆਂਗੀ ਤੇ ਮੁੜ ਕਦੇ ਨੌਕਰੀ ਨਹੀਂ ਕਰਾਂਗੀ। ਮੇਰੇ ਘਰਦਿਆਂ ਨੇ ਬਹੁਤ ਸਮਝਾਇਆ ਕਿ ਅਜਿਹੀ ਗ਼ਲਤੀ ਨਾ ਕਰ ਬੈਠੀਂ, ਪਰ ਮੈਨੂੰ ਉਦੋਂ ਆਪਣੇ ਘਰਦਿਆਂ ਦੀਆਂ ਗੱਲਾਂ ਪਤਾ ਨਹੀਂ ਕਿਉਂ ਕੌੜੀਆਂ ਹੀ ਜਾਪਦੀਆਂ ਸਨ ਤੇ ਮੈਂ ਰਾਜਵੀਰ ਦੇ ਪਿਆਰ ’ਚ ਐਨੀ ਕਮਲੀ ਹੋ ਗਈ ਕਿ ਜਿਹੜੀ ਨੌਕਰੀ ਲਈ ਰਾਤਾਂ ਜਾਗ-ਜਾਗ ਕੇ ਲੰਘਾਈਆਂ ਸਨ ਉਸ ਨੌਕਰੀ ਨੂੰ ਛੱਡਣ ਲੱਗਿਆਂ ਭੋਰਾ ਦੇਰ ਨਾ ਲਾਈ। ਉਦੋਂ ਮੇਰੇ ਲਈ ਰਾਜਵੀਰ ਤੋਂ ਵਧ ਕੇ ਕੁਝ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹੈ। ਪਰ ਜੇਕਰ ਮੈਂ ਉਦੋਂ ਨੌਕਰੀ ਛੱਡਣ ਦਾ ਫ਼ੈਸਲਾ ਲੈਣ ਵਿਚ ਐਨੀ ਕਾਹਲ਼ੀ ਨਾ ਕਰਦੀ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੋਣੇ ਸਨ। ਮੈਂ ਅੱਜ ਵਾਂਗੂੰ ਇੰਨੀ ਵਿਚਾਰੀ ਤਾਂ ਕਦੇ ਵੀ ਨਹੀਂ ਸੀ ਹੋਣਾ।
ਮੈਂ ਆਪਣੀ ਨੌਕਰੀ ਦੀ ਬਲੀ ਤਾਂ ਦੇ ਦਿੱਤੀ। ਇੱਕ ਚੰਗੇ ਖ਼ਾਨਦਾਨ ਦੀ ਨੂੰਹ ਬਣਨ ਲਈ, ਪਰ ਫਿਰ ਵੀ ਮੈਂ ਸਾਈਕਲ ਪੈਂਚਰ ਲਾਉਣ ਵਾਲੇ ਦੀ ਧੀ ਹੀ ਰਹੀ। ਵਿਆਹ ਤੋਂ ਮਹੀਨਾ ਕੁ ਬਾਅਦ ਹੀ ਸਹੁਰਾ ਸਾਹਿਬ ਨੇ ਰਾਜਵੀਰ ਨੂੰ ਕਿਰਾਏ ’ਤੇ ਅੱਡ ਕਮਰਾ ਲੈ ਕੇ ਰਹਿਣ ਦਾ ਹੁਕਮ ਚਾੜ੍ਹ ਦਿੱਤਾ ਕਿਉਂਕਿ ਮੇਰੀ ਮੌਜੂਦਗੀ ਘਰ ਵਿੱਚ ਸਭ ਨੂੰ ਚੁੱਭਦੀ ਸੀ, ਉਨ੍ਹਾਂ ਦੇ ਸਟੇਟਸ ਦੇ ਹਿਸਾਬ-ਕਿਤਾਬ ਅਨੁਸਾਰ। ਰਾਜਵੀਰ ਨੇ ਵੀ ਘਰ ਵਿੱਚ ਬਹੁਤੇ ਕਾਟੋ ਕਲੇਸ਼ ਤੋਂ ਡਰਦਿਆਂ ਛੇਤੀ ਹੀ ਕਿਰਾਏ ’ਤੇ ਕਮਰਾ ਲੱਭ ਲਿਆ। ਮੈਨੂੰ ਉਮੀਦ ਸੀ ਕਿ ਰਾਜਵੀਰ ਦੀ ਮਾਂ ਉਂਝ ਭਾਵੇਂ ਕਿੰਨੀ ਵੀ ਸਖ਼ਤ ਹੈ, ਪਰ ਪੁੱਤ ਦਾ ਦੂਰ ਰਹਿਣਾ ਕਦੇ ਨਹੀਂ ਸਹਾਰ ਸਕੇਗੀ। ਘਰ ਛੱਡਣ ਤੋਂ ਪਹਿਲਾਂ ਆਪਣਾ ਇੱਕੜ-ਦੁੱਕੜ ਸਾਮਾਨ ਬੰਨ੍ਹਦੇ ਸਮੇਂ ਮੈਨੂੰ ਉਹਦੀ ਮਾਂ ਦੇ ਚਿਹਰੇ ’ਤੇ ਉਨ੍ਹਾਂ ਲਕੀਰਾਂ ਵਿੱਚੋਂ ਕੋਈ ਵੀ ਪ੍ਰੇਸ਼ਾਨੀ ਦੀ ਲਕੀਰ ਨਜ਼ਰ ਨਾ ਆਈ ਜਿਹੜੀਆਂ ਅਕਸਰ ਇੱਕ ਪੁੱਤ ਦੇ ਦੂਰ ਹੋਣ ਦੇ ਫ਼ਿਕਰਾਂ ਮਾਰੀ ਮਾਂ ਦੇ ਚਿਹਰੇ ’ਤੇ ਉੱਘੜ ਆਉਂਦੀਆਂ ਨੇ। ਛੇਤੀ ਹੀ ਮੇਰੀ ਹੈਰਾਨੀ ਦੂਰ ਹੋ ਗਈ ਜਦੋਂ ਮੈਨੂੰ ਪਤਾ ਲੱਗਿਆ ਰਾਜਵੀਰ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਕੌੜਾ ਦੁੱਖਦਾਈ ਸੱਚ ਕਿ ਰਾਜਵੀਰ ਦੀ ਮਾਂ ਉਸ ਦੀ ਮਤਰੇਈ ਮਾਂ ਹੈ। ਇਹ ਸੁਣ ਕੇ ਮੈਂ ਹੈਰਾਨੀ ਦੀ ਦਲਦਲ ਵਿੱਚ ਧਸ ਗਈ ਕਿ ਰਾਜਵੀਰ ਦੀ ਮਾਂ ਨੂੰ ਉਹਦਾ ਪਿਉ ਅਕਸਰ ਤਲਾਕ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ ਕਿ ਉਹ ਉਨ੍ਹਾਂ ਦੇ ਟਾਈਪ ਦੀ ਨਹੀਂ ਹੈ। ਉਹ ਸੱਚਮੁੱਚ ਹੀ ਉਨ੍ਹਾਂ ਦੇ ਟਾਈਪ ਦੀ ਨਹੀਂ ਸੀ ਜਿਹੜੀ ਤਲਾਕ ਦੇ ਡਰ ਨਾਲ ਐਨੀ ਡਿਪਰੈਸ਼ਨ ਵਿੱਚ ਚਲੀ ਗਈ ਕਿ ਆਪਣੇ ਘਰ ਵਿੱਚ ਹੀ ਫ਼ਾਹਾ ਲੈ ਕੇ ਮਰ ਗਈ। ਉਦੋਂ ਰਾਜਵੀਰ ਮਸਾਂ ਹੀ ਪੰਜ ਕੁ ਸਾਲਾਂ ਦਾ ਸੀ।
ਰਾਜਵੀਰ ਦੀ ਮਾਂ ਦੇ ਮਰਨ ਦੀ ਦੇਰ ਸੀ ਕਿ ਰਾਜਵੀਰ ਦੇ ਪਿਉ ਨੇ ਦੂਜਾ ਵਿਆਹ ਕਰਵਾ ਲਿਆ ਆਪਣੇ ਟਾਈਪ ਦੀ ਕੁੜੀ ਨਾਲ। ਰਾਜਬੀਰ ਇਸ ਨਵੀਂ ਮਾਂ ਵਿੱਚ ਆਪਣੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਪਰ ਉਹਨੂੰ ਉਹਦੀ ਪਹਿਲਾਂ ਵਾਲੀ ਮਾਂ ਉਹਦੇ ਵਿੱਚ ਕਦੇ ਨਾ ਲੱਭੀ ਪਰ ਫੇਰ ਵੀ ਉਹਨੇ ਕਦੇ ਵੀ ਆਪਣੀ ਇਸ ਮਾਂ ਨੂੰ ਮਤਰੇਈ ਨਾ ਸਮਝਿਆ। ਸ਼ਾਇਦ ਇਸੇ ਲਈ ਐਨੇ ਸਾਲਾਂ ਵਿਚ ਵੀ ਐਨਾ ਕੌੜਾ ਸੱਚ ਮੈਨੂੰ ਨਹੀਂ ਸੀ ਦੱਸਿਆ। ਮੈਂ ਹੈਰਾਨ ਸਾਂ ਕਿ ਕਿਵੇਂ ਉਹ ਅੰਦਰ ਹੀ ਅੰਦਰ ਐਨੇ ਡਰਾਉਣੇ ਸੱਚ ਨੂੰ ਦੱਬ ਕੇ ਬੈਠਾ ਰਿਹਾ।
ਅਸੀਂ ਕਿਰਾਏ ’ਤੇ ਆ ਗਏ ਅਤੇ ਉਹਦੇ ਪਿਓ ਨੇ ਸਾਰੇ ਰਿਸ਼ਤੇ ਸਾਡੇ ਨਾਲੋਂ ਖ਼ਤਮ ਕਰ ਲਏ। ਮੈਂ ਮੁੜ ਨੌਕਰੀ ਲਈ ਦਫ਼ਤਰਾਂ ਦੇ ਧੱਕੇ ਖਾਣ ਲੱਗੀ। ਰਾਜਵੀਰ ਵੀ ਵਿਹਲਾ ਸੀ ਕਿਉਂਕਿ ਪਿਓ ਨੂੰ ਆਪਣੇ ਵੱਡੇ ਸ਼ੋਅਰੂਮ ਵਿੱਚ ਆਪਣਾ ਪੁੱਤ ਹੁਣ ਕੌੜਾ ਲੱਗਦਾ ਸੀ ਜਿਹੜਾ ਬਿਨਾਂ ਕਿਸੇ ਸਟੇਟਸ ਦੇ ਖ਼ਾਨਦਾਨ ਦੀ ਧੀ ਨਾ ਰਹਿ ਰਿਹਾ ਸੀ। ਪਿਓ ਨੇ ਉਹਨੂੰ ਸ਼ੋਅਰੂਮ ਵਿਚ ਆਉਣ ਤੋਂ ਵਰਜ ਦਿੱਤਾ ਤੇ ਰਾਜਵੀਰ ਨੇ ਵੀ ਮੁੜ ਕਦੇ ਉਸ ਸ਼ੀਸ਼ਿਆਂ ਵਾਲੀ ਇਮਾਰਤ ਵਿੱਚ ਪੈਰ ਨਾ ਧਰਿਆ। ਮੈਂ ਔਖਿਆਂ-ਸੌਖਿਆਂ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਪ੍ਰਾਪਤ ਕਰ ਹੀ ਲਈ। ਭਲਾ ਪੰਜ ਹਜ਼ਾਰ ਰੁਪਏ ’ਚ ਘਰ ਦਾ ਗੁਜ਼ਾਰਾ ਕਿੱਥੇ ਤੁਰਦੈ? ਆਪਣੇ ਗਹਿਣੇ ਗੱਟੇ ਵੇਚ ਤੇ ਕੁਝ ਮਾਪਿਆਂ ਤੋਂ ਹੱਥ ਉਧਾਰ ਫੜ ਰਾਜਵੀਰ ਨਾਲ ਮਿਲ ਕੇ ਇੱਕ ਛੋਟੀ ਜਿਹੀ ਦੁਕਾਨ ਦਾ ਜੁਗਾੜ ਵੀ ਕਰ ਲਿਆ। ਹੁਣ ਦਾਲ ਫ਼ੁਲਕਾ ਤੁਰਦਾ ਵੇਖ ਖ਼ੁਸ਼ ਸਾਂ ਅਸੀਂ। ਸਾਡੀ ਛੋਟੀ ਜਿਹੀ ਦੁਨੀਆਂ ਦੇ ਅਸੀਂ ਕਿਸੇ ਬੇਗ਼ਮ ਬਾਦਸ਼ਾਹ ਤੋਂ ਘੱਟ ਨਹੀਂ ਸਾਂ।
ਸ਼ਾਇਦ ਕਿਸਮਤ ਨੇ ਸਾਡਾ ਹੋਰ ਇਮਤਿਹਾਨ ਲੈਣਾ ਸੀ, ਰਾਜਵੀਰ ਦਾ ਐਕਸੀਡੈਂਟ ਹੋ ਗਿਆ। ਉਹ ਸਵੇਰੇ ਚੰਗਾ ਭਲਾ ਸੀ ਤੇ ਸ਼ਾਮ ਨੂੰ ਬੇਸੁੱਧ ਹਸਪਤਾਲ ਦੇ ਬੈੱਡ ’ਤੇ ਜਾ ਪਹੁੰਚਿਆ। ਚਾਰ ਮਹੀਨਿਆਂ ’ਚ ਹਸਪਤਾਲ ਦਾ ਬਿੱਲ ਚੁਕਾਉਂਦਿਆਂ-ਚੁਕਾਉਂਦਿਆਂ ਸਭ ਕੁਝ ਵਿਕ ਗਿਆ ਤੇ ਹੁਣ ਹੱਥ ਪੱਲੇ ਕੁਝ ਨਹੀਂ ਸੀ ਬਚਿਆ।
ਮੈਂ ਆਪਣੀਆਂ ਸੋਚਾਂ ’ਚੋਂ ਪਰਤ ਆਈ ਜਦੋਂ ਅਚਾਨਕ ਆਪਣੇ ਮੋਢੇ ’ਤੇ ਕਿਸੇ ਦੀ ਛੋਹ ਮਹਿਸੂਸ ਕੀਤੀ। ਮੈਂ ਤ੍ਰਭਕ ਕੇ ਉੱਠ ਖੜ੍ਹੀ ਹੋਈ ਅਤੇ ਜਦੋਂ ਘੁੰਮ ਕੇ ਵੇਖਿਆ ਤਾਂ ਹਰਗੁਣ ਨੂੰ ਵੇਖ ਹੈਰਾਨੀ ਨਾਲ ਭਰ ਗਈ। ਮੇਰੇ ਮੂੰਹੋਂ ਇੱਕੋ ਸਾਹ ਕਿੰਨੇ ਪ੍ਰਸ਼ਨ ਉੱਘੜੇ, ‘‘ਤੁਸੀਂ? ਤੁਹਾਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ…! ਮੈਂ ਤੁਹਾਨੂੰ ਕਿੰਨੀ ਵਾਰ ਆਖ ਚੁੱਕੀ ਹਾਂ ਕਿ ਹੁਣ ਮੇਰਾ ਵਿਚਾਰ ਬਦਲ ਗਿਆ ਹੈ… ਉਦੋਂ ਮੇਰਾ ਦਿਮਾਗ਼ ਖ਼ਰਾਬ ਹੋ ਗਿਆ ਸੀ ਜਿਹੜਾ ਮੈਂ ਤੁਹਾਨੂੰ ਫ਼ੋਨ ਲਾ ਬੈਠੀ… ਹੁਣ ਮੈਨੂੰ ਹੋਰ ਤੰਗ ਨਾ ਕਰੋ… ਮੈਂ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਾਂ।’’ ਮੈਂ ਲਗਾਤਾਰ ਆਪਣੇ ਕੰਬਦੇ ਬੁੱਲ੍ਹਾਂ ਨਾਲ ਕੁਝ ਨਾ ਕੁਝ ਬੋਲ ਰਹੀ ਸਾਂ ਤੇ ਉਸ ਦੀਆਂ ਪੱਥਰ ਬਣੀਆਂ ਅੱਖਾਂ ਬਿਨਾਂ ਕਿਸੇ ਹਿੱਲ-ਜੁੱਲ ਦੇ ਮੈਨੂੰ ਘੂਰ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਮੈਨੂੰ ਸੁਣ ਵੀ ਰਹੀ ਹੈ ਜਾਂ ਨਹੀਂ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਹੋਰ ਹੀ ਦੁਨੀਆਂ ਵਿੱਚ ਗੁਆਚੀ ਹੋਵੇ।
ਹੁਣ ਮੈਂ ਆਪਣੇ ਦੋਵਾਂ ਹੱਥਾਂ ਨਾਲ ਉਸ ਦੇ ਮੋਢਿਆਂ ਨੂੰ ਜ਼ੋਰ ਨਾਲ ਹਲੂਣਿਆਂ ਅਤੇ ਉਹ ਮੇਰੇ ਵਾਂਗੂੰ ਤ੍ਰਭਕ ਗਈ। ਉਸ ਦੀਆਂ ਅੱਖਾਂ ’ਚੋਂ ਵੀ ਅੱਥਰੂ ਵਹਿਣ ਲੱਗੇ। ਮੈਂ ਉਸ ਨੂੰ ਬੈਂਚ ’ਤੇ ਬਿਠਾ ਦਿਲਾਸੇ ਦੇਣ ਲੱਗੀ। ਉਸ ਦੇ ਹਟਕੋਰੇ ਮੇਰੇ ਕੰਨ ਦੇ ਪਰਦਿਆਂ ਨਾਲ ਟਕਰਾ ਕੇ ਮੇਰੇ ਕਾਲਜੇ ਨੂੰ ਚੀਰਨ ਲੱਗੇ। ਉਹ ਬਿਨਾਂ ਕੁਝ ਆਖਿਆਂ ਮੇਰੇ ਮੂਹਰੇ ਮੁੜ-ਮੁੜ ਹੱਥ ਬੰਨ੍ਹ ਰਹੀ ਸੀ ਤੇ ਮੈਂ ਚਾਹੁੰਦੇ ਹੋਏ ਵੀ ਕੁਝ ਵੀ ਬੋਲਣ ਤੋਂ ਅਸਮਰੱਥ ਜਾਪ ਰਹੀ ਸਾਂ। ਮੈਨੂੰ ਇੰਜ ਲੱਗਿਆ ਜਿਵੇਂ ਉਹ ਮੇਰੇ ਨਾਲੋਂ ਵੀ ਵੱਧ ਵਿਚਾਰੀ ਹੋਵੇ। ਮੈਂ ਕੋਲ ਪਈ ਕੁਰਸੀ ’ਤੇ ਠੰਢਾ ਹਉਕਾ ਭਰ ਚੁੱਪ-ਚਾਪ ਅੱਖਾਂ ਮੀਟ ਕੇ ਬੈਠ ਗਈ। ਕੁਝ ਚਿਰ ਬਾਅਦ ਉਹਦੇ ਹਟਕੋਰਿਆਂ ਦੀ ਆਵਾਜ਼ ਮੁੱਕ ਗਈ ਤੇ ਮੈਂ ਅੱਖਾਂ ਖੋਲ੍ਹ ਉਹਨੂੰ ਵੇਖਣ ਲੱਗੀ। ਉਹ ਬਿਨਾਂ ਕੁਝ ਆਖਿਆਂ ਉੱਥੋਂ ਉੱਠ ਕੇ ਤੁਰ ਪਈ। ਹੁਣ ਮੈਂ ਉਹਨੂੰ ਰੋਕਣਾ ਚਾਹੁੰਦੀ ਸਾਂ। ਉਹਦੇ ਨਾਲ ਦੋ-ਚਾਰ ਗੱਲਾਂ ਦੀ ਸਾਂਝ ਪਾਉਣਾ ਚਾਹੁੰਦੀ ਸਾਂ, ਪਰ ਮੇਰੇ ਸੰਘ ਵਿੱਚੋਂ ਚਾਹੁੰਦੇ ਹੋਏ ਵੀ ਕੋਈ ਸ਼ਬਦ ਨਾ ਨਿਕਲਿਆ। ਮੈਂ ਉਹਨੂੰ ਜਾਂਦਿਆਂ ਹੋਇਆਂ ਦੂਰ ਤੱਕ ਤੱਕਦੀ ਰਹੀ। ਜਦੋਂ ਉਹ ਮੈਨੂੰ ਦਿਸਦੋਂ ਬੰਦ ਹੋ ਗਈ ਤਾਂ ਮੇਰੀ ਨਿਗ੍ਹਾ ਮੁੜ ਕਮਰੇ ਦੇ ਪਰਦਿਆਂ ’ਤੇ ਆ ਲਟਕੀ।
ਹੁਣ ਮੈਂ ਥੋੜ੍ਹੇ ਦਿਨ ਪਹਿਲਾਂ ਦੀਆਂ ਯਾਦਾਂ ਨਾਲ ਘੁਲਣ ਲੱਗੀ ਜਦੋਂ ਰਾਜਵੀਰ ਦੇ ਇਲਾਜ ਲਈ ਰੁਪਏ ਇਕੱਠੇ ਕਰਨ ਲਈ ਬਹੁਤ ਭੱਜ-ਦੌੜ ਤੋਂ ਬਾਅਦ ਵੀ ਬੇਵਸੀ ਦੀ ਬੁੱਕਲ ਵਿੱਚ ਬੈਠੀ ਝੱਲਿਆਂ ਵਾਂਗੂੰ ਡਾਕਟਰਾਂ ਦੇ ਤਰਲੇ ਮਿੰਨਤਾਂ ਕਰ ਰਹੀ ਸਾਂ ਇਲਾਜ ਲਈ। ਰੁਪਇਆਂ ਦੀ ਥੁੜ੍ਹ ਨੇ ਮੇਰੀਆਂ ਰਾਤਾਂ ਦੀਆਂ ਨੀਂਦਾਂ ਨੂੰ ਭਿਆਨਕ ਸੁਫ਼ਨਿਆਂ ਦੇ ਪਰਛਾਵਿਆਂ ਹੇਠ ਦੱਬ ਦਿੱਤਾ। ਦਿਨ ਰਾਤ ਮੈਂ ਇਹੋ ਸੋਚ-ਸੋਚ ਕਮਲੀ ਹੋਈ ਪਈ ਸਾਂ ਕਿ ਕਿਧਰੇ ਮੇਰਾ ਸੁਹਾਗ ਇਲਾਜ ਪੱਖੋਂ ਰੁਪਇਆਂ ਦੀ ਘਾਟ ਦਾ ਸ਼ਿਕਾਰ ਨਾ ਹੋ ਜਾਵੇ। ਮੇਰੀ ਬੇਵਸੀ ਨੂੰ ਵੇਖ ਹਸਪਤਾਲ ਦੀ ਨਿਰਮਲਾ ਨਾਂ ਦੀ ਇੱਕ ਨਰਸ ਨੇ ਸੁਝਾਅ ਦਿੱਤਾ ਕਿ ਤੁਹਾਡੇ ਪਤੀ ਦਾ ਇਲਾਜ ਮੁਫ਼ਤ ਹੋ ਸਕਦਾ ਹੈ ਜੇਕਰ ਤੁਸੀਂ ਕਿਸੇ ਦੀ ਮਦਦ ਕਰੋ। ਮੈਂ ਬਿਨਾਂ ਕੁਝ ਸੋਚਿਆਂ ਉਸ ਨਰਸ ਦੀਆਂ ਗੱਲਾਂ ਸੁਣ ਦਿੱਤੇ ਫ਼ੋਨ ਨੰਬਰ ’ਤੇ ਫ਼ੋਨ ਲਾ ਬੈਠੀ। ਇਹ ਫ਼ੋਨ ਨੰਬਰ ਇਸੇ ਹਰਗੁਣ ਨਾਂ ਦੀ ਔਰਤ ਦਾ ਸੀ। ਮੇਰੇ ਫ਼ੋਨ ਕਰਨ ਤੋਂ ਬਾਅਦ ਉਹ ਔਰਤ ਝੱਟ ਮੈਨੂੰ ਹਸਪਤਾਲ ਮਿਲਣ ਆ ਪਹੁੰਚੀ। ਮੇਰੇ ਪਤੀ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦੀ ਸਹਿਮਤੀ ਉਸ ਦੀ ਇੱਕ ਸ਼ਰਤ ’ਤੇ ਟਿਕੀ ਹੋਈ ਸੀ। ਉਹ ਸ਼ਰਤ ਸੀ ਕਿ ਮੈਂ ਸਰੋਗੇਟ ਮਦਰ ਬਣਾਂ ਉਸ ਦੀ ਔਲਾਦ ਦੀ। ਉਦੋਂ ਮੈਨੂੰ ਰਾਜਵੀਰ ਦੇ ਇਲਾਜ ਤੋਂ ਬਿਨਾਂ ਕੁਝ ਨਹੀਂ ਸੀ ਸੁੱਝ ਰਿਹਾ। ਮੈਂ ਹਾਮੀ ਭਰਨ ਲੱਗਿਆਂ ਭੋਰਾ ਦੇਰ ਨਾ ਲਾਈ। ਮੈਨੂੰ ਇਸ ਹਾਮੀ ਨਾਲ ਉਸ ਦੀਆਂ ਸੁੰਨੀਆਂ ਅੱਖਾਂ ਵਿਚ ਅਚਾਨਕ ਚਮਕ ਦੀ ਲਹਿਰ ਦੌੜਦੀ ਨਜ਼ਰ ਆਈ।
ਮੈਂ ਉਸ ਨੂੰ ਹਾਮੀ ਤਾਂ ਭਰ ਦਿੱਤੀ, ਪਰ ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਮੈਂ ਸੋਚਾਂ ਵਿਚ ਪਈ ਰਹੀ ਕਿ ਮੈਂ ਕਿਸੇ ਦੇ ਬੱਚੇ ਨੂੰ ਆਪਣੀ ਕੁੱਖ ਵਿੱਚ ਕਿਵੇਂ ਰੱਖ ਸਕਦੀ ਹਾਂ? ਮੇਰੀ ਕੁੱਖ ’ਤੇ ਪਹਿਲਾ ਅਧਿਕਾਰ ਤਾਂ ਮੇਰੇ ਬੱਚੇ ਦਾ ਹੋਵੇਗਾ। ਮੈਂ ਉਸ ਦਾ ਅਧਿਕਾਰ ਕਿਸੇ ਹੋਰ ਦੇ ਬੱਚੇ ਨਾਲ ਕਿਵੇਂ ਵੰਡ ਸਕਦੀ ਹਾਂ? ਮੈਂ ਸਾਰੀ ਰਾਤ ਆਪਣੀਆਂ ਸੋਚਾਂ ਵਿੱਚ ਉਲਝੀ ਰਹੀ ਅਤੇ ਅਗਲੇ ਦਿਨ ਤੜਕੇ ਉਸ ਨੂੰ ਫ਼ੋਨ ’ਤੇ ਕੋਰਾ ਜਵਾਬ ਦੇ ਦਿੱਤਾ ਕਿ ਮੈਂ ਉਸ ਦੇ ਬੱਚੇ ਨੂੰ ਆਪਣੀ ਕੁੱਖ ਨਹੀਂ ਦੇ ਸਕਦੀ। ਉਹ ਫ਼ੋਨ ’ਤੇ ਮੇਰੀਆਂ ਮਿੰਨਤਾਂ ਕਰਨ ਲੱਗੀ, ਪਰ ਮੈਂ ਆਪਣਾ ਮਨ ਪੱਕਾ ਕਰ ਲਿਆ ਸੀ। ਸ਼ਾਇਦ ਇਸੇ ਲਈ ਅੱਜ ਫੇਰ ਇਹ ਮੇਰੀਆਂ ਮਿੰਨਤਾਂ ਕਰਨ ਆਈ ਸੀ।
ਰਾਜਵੀਰ ਨੂੰ ਮੇਰੀ ਜ਼ਰੂਰਤ ਸੀ। ਹੁਣ ਸਾਰਾ ਦਿਨ ਮੈਂ ਰਾਜਵੀਰ ਦੇ ਕਮਰੇ ਦੇ ਬਾਹਰ ਬੈਠੀ ਰਹਿੰਦੀ। ਆਉਂਦੇ-ਜਾਂਦੇ ਡਾਕਟਰਾਂ ਤੇ ਨਰਸਾਂ ਤੋਂ ਪੁੱਛਦੀ ਰਹਿੰਦੀ ਕਿ ਹੁਣ ਰਾਜਵੀਰ ਕਿਵੇਂ ਹੈ? ਉਹ ਸਾਰੇ ਮੈਨੂੰ ਦਿਲਾਸਾ ਦੇ ਤੁਰ ਜਾਂਦੇ। ਮੈਂ ਹੁਣ ਹੈਰਾਨ ਸਾਂ ਕਿ ਚਾਰ ਮਹੀਨਿਆਂ ਤੋਂ ਕਿਸੇ ਨੇ ਵੀ ਹੁਣ ਕੋਈ ਰੁਪਿਆ ਜਮ੍ਹਾਂ ਕਰਾਉਣ ਲਈ ਜ਼ੋਰ ਨਹੀਂ ਪਾਇਆ। ਪਹਿਲੇ ਤਿੰਨ ਮਹੀਨੇ ਤਾਂ ਨਰਸਾਂ ਨੇ ਬਹੁਤ ਪ੍ਰੇਸ਼ਾਨ ਕੀਤਾ। ਦਿਨ ਚੜ੍ਹਦੇ ਸਾਰ ਪੈਸੇ ਜਮ੍ਹਾ ਕਰਵਾਉਣ ਲਈ ਰੌਲ਼ਾ ਪਾ ਦਿੰਦੀਆਂ ਸਨ। ਮੈਨੂੰ ਵੀ ਸਾਰੀ-ਸਾਰੀ ਰਾਤ ਫ਼ਿਕਰ ਲੱਗੀ ਰਹਿੰਦੀ ਕਿ ਸਵੇਰੇ ਪਤਾ ਨਹੀਂ ਕਿੰਨੇ ਦਾ ਬਿਲ ਤਿਆਰ ਖੜ੍ਹਾ ਹੋਵੇਗਾ। ਹੁਣ ਜਦੋਂ ਮੈਂ ਨਰਸਾਂ ਨੂੰ ਬਿੱਲ ਬਾਰੇ ਪੁੱਛਦੀ ਤਾਂ ਨਰਸਾਂ ਆਖ ਦਿੰਦੀਆਂ, ‘‘ਮੈਡਮ! ਤੁਸੀਂ ਫ਼ਿਕਰ ਨਾ ਕਰੋ।’’ ਹੁਣ ਸੱਤ ਮਹੀਨੇ ਹੋ ਗਏ ਰਾਜਵੀਰ ਨੂੰ ਇਸ ਹਸਪਤਾਲ ਵਿਚ। ਹੁਣ ਰਾਜਵੀਰ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਬਹੁਤ ਸੁਧਾਰ ਹੈ । ਮੈਂ ਅੱਜ ਰਾਜਵੀਰ ਦੇ ਕੋਲ ਬੈਠੀ ਹਾਂ। ਉਸ ਨੂੰ ਵੇਖ ਰਹੀ ਹਾਂ ਤੇ ਉਹ ਮੈਨੂੰ। ਹੁਣ ਮੇਰਾ ਰੱਬ ’ਤੇ ਵਿਸ਼ਵਾਸ ਪੱਕਾ ਹੋ ਗਿਆ। ਅੱਜ ਡਾਕਟਰ ਵੀ ਮੇਰੇ ਲਈ ਕਿਸੇ ਰੱਬ ਤੋਂ ਘੱਟ ਨਹੀਂ। ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਛੁੱਟੀ ਮਿਲ ਜਾਵੇਗੀ।
ਮੈਨੂੰ ਹੁਣ ਇਲਾਜ ’ਤੇ ਆਏ ਖਰਚੇ ਦੇ ਬਿਲ ਦਾ ਡਰ ਅੱਡੀਆਂ ਚੁੱਕ-ਚੁੱਕ ਡਰਾ ਰਿਹਾ। ਮੈਂ ਨਰਸ ਤੋਂ ਖਰਚੇ ਦੇ ਬਿੱਲ ਬਾਰੇ ਡਰਦੀ-ਡਰਦੀ ਨੇ ਪੁੱਛਿਆ ਤਾਂ ਕਿ ਭੁਗਤਾਨ ਦਾ ਪ੍ਰਬੰਧ ਕਰ ਸਕਾਂ। ਅੱਜ ਨਿਰਮਲਾ ਨਰਸ ਦੀ ਥਾਂ ਕੋਈ ਨਵੀਂ ਨਰਸ ਹੈ। ਉਹਨੇ ਕੰਪਿਊਟਰ ਵਿੱਚ ਵੇਖ ਕੇ ਦੱਸਿਆ ਕਿ ਤੁਹਾਡਾ ਕੁੱਲ ਬਾਈ ਲੱਖ ਦਾ ਖਰਚ ਆਇਆ ਤੁਹਾਡੇ ਪਤੀ ਦੇ ਇਲਾਜ ’ਤੇ। ਜਦੋਂ ਉਹਨੇ ਇੰਜ ਕਿਹਾ ਤਾਂ ਇੰਨੀ ਭਾਰੀ ਰਕਮ ਸੁਣ ਕੇ ਮੈਨੂੰ ਅਟੈਕ ਆਉਣ ਨੂੰ ਕਰੇ। ਫੇਰ ਉਹ ਬਿੱਲ ਵੇਖਦੇ ਹੋਏ ਕਹਿਣ ਲੱਗੀ, ਪਰ ਤੁਹਾਡੇ ਬਿੱਲ ਦਾ ਭੁਗਤਾਨ ਹੋ ਚੁੱਕਿਆ ਹੈ। ਮੈਂ ਹੈਰਾਨੀ ਨਾਲ ਭਰ ਗਈ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਭੁਗਤਾਨ ਕਿਸ ਨੇ ਕੀਤਾ ਤਾਂ ਉਸ ਦਾ ਉੱਤਰ ਸੁਣ ਕੇ ਮੈਂ ਧੁਰ ਅੰਦਰ ਤਕ ਕੰਬ ਗਈ। ਉਹ ‘ਹਰਗੁਣ’ ਆਖ ਬੰਦ ਫਾਈਲਾਂ ਫਰੋਲਣ ਲੱਗੀ। ਮੈਂ ਹਰਗੁਣ ਬਾਰੇ ਸੋਚਣ ਲੱਗੀ ਕਿ ਮੈਂ ਤਾਂ ਉਸ ਨੂੰ ਕੋਰਾ ਜਵਾਬ ਦੇ ਦਿੱਤਾ ਸੀ ਕਿ ਮੈਂ ਉਸ ਦੇ ਬੱਚੇ ਨੂੰ ਆਪਣੀ ਕੁੱਖ ਨਹੀਂ ਦੇ ਸਕਦੀ ਫੇਰ ਉਹਨੇ ਮੇਰੇ ਪਤੀ ਦੇ ਇਲਾਜ ਦਾ ਸਾਰਾ ਖਰਚਾ ਕਿਉਂ ਝੱਲਿਆ।
ਮੇਰੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਉੱਠਣ ਲੱਗੇ। ਇੱਕ ਪਾਸੇ ਤਾਂ ਉਹ ਮੈਨੂੰ ਕਿਸੇ ਦੇਵੀ ਤੋਂ ਘੱਟ ਨਹੀਂ ਸੀ ਜਾਪ ਰਹੀ ਜਿਹਨੇ ਮੇਰੇ ਸੁਹਾਗ ਨੂੰ ਨਵਾਂ ਜੀਵਨ ਦਿੱਤਾ ਪਰ ਦੂਜੇ ਪਾਸੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਮੇਰੀ ਮਦਦ ਕਰ ਕੇ ਮੇਰੀ ਕੁੱਖ ਨੂੰ ਖਰੀਦਣਾ ਚਾਹੁੰਦੀ ਹੈ। ਮੈਂ ਮਨ ਹੀ ਮਨ ਫ਼ੈਸਲਾ ਕੀਤਾ ਕਿ ਮੈਂ ਕਿਸੇ ਵੀ ਹਾਲਤ ਵਿਚ ਆਪਣੀ ਕੁੱਖ ਦਾ ਸੌਦਾ ਨਹੀਂ ਹੋਣ ਦਿਆਂਗੀ। ਮੇਰੇ ਲਈ ਇਹ ਮੇਰੇ ਆਤਮ ਸਨਮਾਨ ਦਾ ਚਿੰਨ੍ਹ ਬਣ ਗਿਆ। ਮੈਨੂੰ ਹਰਗੁਣ ਦੇ ਦੋਹਰੇ ਚਿਹਰੇ ਨਜ਼ਰ ਆ ਰਹੇ ਸਨ। ਇਕ ਚਿਹਰੇ ’ਤੇ ਮਾਸੂਮੀਅਤ ਝਲਕ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਬੇਵਸੀ ਦੇ ਅੱਥਰੂ ਤੇ ਮੱਥੇ ’ਤੇ ਫ਼ਿਕਰਾਂ ਦੀਆਂ ਅਨੇਕਾਂ ਲਕੀਰਾਂ ਉੱਭਰੀਆਂ ਹੋਈਆਂ ਸਨ। ਮੈਨੂੰ ਉਸ ’ਤੇ ਬਹੁਤ ਤਰਸ ਆ ਰਿਹਾ ਸੀ। ਉਸ ਲਈ ਆਪਾ ਵਾਰਨ ਨੂੰ ਜੀਅ ਕਰ ਰਿਹਾ ਸੀ, ਪਰ ਉਹਦਾ ਦੂਸਰਾ ਚਿਹਰਾ ਮੈਨੂੰ ਬਹੁਤ ਖ਼ਤਰਨਾਕ ਤੇ ਡਰਾਉਣਾ ਲੱਗ ਰਿਹਾ ਸੀ। ਜਿਸ ਦੀਆਂ ਸ਼ੈਤਾਨ ਅੱਖਾਂ ਵਿੱਚ ਹੰਕਾਰ ਦੀ ਝਲਕ ਉਛਾਲੇ ਮਾਰ ਰਹੀ ਹੋਵੇ। ਜਿਹਦੇ ਬੁੱਲ੍ਹ ਕਿਸੇ ਦੀ ਬੇਵਸੀ ਲਾਚਾਰੀ ’ਤੇ ਮੁਸਕਰਾ ਰਹੇ ਹੋਣ। ਇਸ ਚਿਹਰੇ ਨੂੰ ਵੇਖ ਮੇਰੀਆਂ ਮੁੱਠੀਆਂ ਆਪਣੇ ਆਪ ਮੀਚੀਆਂ ਗਈਆਂ ਤੇ ਮੇਰਾ ਮਨ ਉਹਦੇ ਲਈ ਨਫ਼ਰਤ ਨਾਲ ਭਰ ਗਿਆ।
ਮੈਂ ਹਾਲੇ ਇਨ੍ਹਾਂ ਦੋ ਚਿਹਰਿਆਂ ਦੇ ਖਿਆਲਾਂ ਵਿੱਚ ਹੀ ਉਲਝੀ ਹੋਈ ਸਾਂ ਐਨੇ ਨੂੰ ਨਿਰਮਲਾ ਨਰਸ ਕਮਰੇ ਅੰਦਰ ਦਾਖ਼ਲ ਹੋਈ। ਮੈਂ ਉਹਨੂੰ ਵੇਖ ਗੁੱਸੇ ਨਾਲ ਚੀਕ ਪਈ, ‘‘ਤੁਸੀਂ ਤੇ ਤੁਹਾਡੀ ਸਹੇਲੀ ਦੋਵੇਂ ਇੰਜ ਕਿਵੇਂ ਕਿਸੇ ਦੇ ਜਜ਼ਬਾਤ ਨਾਲ ਖੇਡ ਸਕਦੀਆਂ? ਮੰਨਿਆ ਕਿ ਮੈਂ ਬਹੁਤ ਭਾਵੁਕ ਹੋ ਗਈ ਸਾਂ। ਉਦੋਂ ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ। ਮੇਰੇ ਪਤੀ ਦੀ ਜ਼ਿੰਦਗੀ ਸਾਹਮਣੇ ਮੇਰਾ ਦਿਲ ਦਿਮਾਗ਼ ਕੰਮ ਕਰਨਾ ਬੰਦ ਹੋ ਗਿਆ ਸੀ। ਮੈਂ ਆਪਣੇ ਪਤੀ ਦੀ ਨਾਜ਼ੁਕ ਹਾਲਤ ਨੂੰ ਵੇਖ ਤੁਹਾਡੇ ਦੋਵਾਂ ਦੇ ਜਾਲ ਵਿੱਚ ਫਸ ਗਈ ਸਾਂ।’’
ਨਿਰਮਲਾ ਨਰਸ ਹੈਰਾਨੀ ਨਾਲ ਮੇਰੇ ਵੱਲ ਵੇਖ ਰਹੀ ਸੀ। ਉਹ ਬਿਨਾਂ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਦਿੱਤਿਆਂ ਇੱਕ ਫਾਈਲ ਚੁੱਕ ਕਮਰੇ ’ਚੋਂ ਬਾਹਰ ਤੁਰ ਪਈ। ਮੈਂ ਉਹਨੂੰ ਪਿੱਛੋਂ ਬਾਹੋਂ ਫੜ ਰੋਕ ਲਿਆ। ‘‘ਮੈਂ ਤੁਹਾਡੀ ਸਹੇਲੀ ਨੂੰ ਜੁਆਬ ਦੇ ਦਿੱਤਾ ਸੀ ਕਿ ਮੈਂ ਉਹਦੇ ਬੱਚੇ ਨੂੰ ਆਪਣੀ ਕੁੱਖ ਨਹੀਂ ਦੇ ਸਕਦੀ। ਫੇਰ ਵੀ ਉਹਨੇ ਮੇਰੇ ’ਤੇ ਇਹ ਅਹਿਸਾਨ ਕਿਉਂ ਕੀਤਾ ਮੇਰੇ ਪਤੀ ਦੇ ਇਲਾਜ ਦਾ ਸਾਰਾ ਖਰਚਾ ਚੁੱਕ ਕੇ। ਉਹ ਕੀ ਸੋਚਦੀ ਹੈ ਕਿ ਉਹ ਮੇਰੀ ਕੁੱਖ ਨੂੰ ਇਸ ਤਰ੍ਹਾਂ ਖ਼ਰੀਦ ਲਏਗੀ? ਨਹੀਂ ਮੈਂ ਉਹਦੇ ਵਰਗੀ ਮੱਕਾਰ ਔਰਤ ਨੂੰ ਆਪਣੀ ਕੁੱਖ ਨਹੀਂ ਦੇ ਸਕਦੀ।’’
ਨਿਰਮਲਾ ਨਰਸ ਹੁਣ ਵੀ ਚੁੱਪ ਖੜ੍ਹੀ ਮੇਰੀਆਂ ਗੱਲਾਂ ਸੁਣ ਰਹੀ ਸੀ। ਮੈਂ ਉਹਨੂੰ ਰੋਂਦੀ-ਰੋਂਦੀ ਨੇ ਹਲੂਣਿਆ ਤੇ ਮੁੜ ਆਪਣੇ ਸੁਆਲ ਦੁਹਰਾਏ। ਹੁਣ ਉਹ ਰੋ ਪਈ ਤੇ ਆਖਣ ਲੱਗੀ, ‘‘ਉਹਦੇ ਵਿਆਹ ਨੂੰ ਪੰਦਰਾਂ ਵਰ੍ਹੇ ਹੋ ਗਏ ਸਨ, ਪਰ ਉਸ ਦੀ ਕੁੱਖ ਨੂੰ ਭਾਗ ਲੱਗਦੇ-ਲੱਗਦੇ ਰਹਿ ਜਾਂਦੇ ਜਦੋਂ ਉਸ ਦਾ ਬੱਚਾ ਕੁਝ ਕੁ ਮਹੀਨਿਆਂ ਬਾਅਦ ਹੀ ਉਸ ਦੀ ਕੁੱਖ ਵਿੱਚ ਦਮ ਤੋੜ ਦਿੰਦਾ। ਉਹ ਇਲਾਜ ਕਰਵਾ-ਕਰਵਾ ਥੱਕ ਗਈ ਸੀ, ਪਰ ਮਾਂ ਬਣਨ ਦਾ ਸੁਖ ਨਾ ਲੈ ਸਕੀ। ਉਹਦੇ ਕੰਨ ਤਰਸ ਰਹੇ ਸਨ ਮਾਂ ਸ਼ਬਦ ਸੁਣਨ ਲਈ। ਟੈਸਟ ਟਿਊਬ ਬੇਬੀ ਵੀ ਸਿਰੇ ਨਾ ਚੜ੍ਹਦਾ ਵੇਖ ਹੁਣ ਡਾਕਟਰਾਂ ਨੇ ਇੱਕੋ-ਇੱਕ ਤੇ ਆਖ਼ਰੀ ਉਮੀਦ ਸਰੋਗੇਸੀ ਬਾਰੇ ਉਸ ਨੂੰ ਦੱਸਿਆ ਜਿਸ ਕਾਰਨ ਉਸ ਦੇ ਮਾਂ ਬਣਨ ਦੇ ਸੁੱਤੇ ਸੁਫ਼ਨੇ ਮੁੜ ਜਾਗ ਪਏ। ਜਦੋਂ ਮੈਨੂੰ ਤੇਰੇ ਪਤੀ ਦੇ ਇਲਾਜ ਲਈ ਪੈਸਿਆਂ ਦੀ ਲੋੜ ਬਾਰੇ ਪਤਾ ਲੱਗਿਆ ਅਸੀਂ ਦੋਵਾਂ ਨੇ ਤੇਰੇ ਨਾਲ ਗੱਲ ਕੀਤੀ ਉਦੋਂ ਤੁੂੰ ਮੰਨ ਗਈ। ਮੈਨੂੰ ਖ਼ੁਸ਼ੀ ਸੀ ਤੁਸੀਂ ਦੋਵਾਂ ਨੇ ਇੱਕ ਦੂਜੇ ਦੀ ਮੱਦਦ ਕਰਨ ਦਾ ਫ਼ੈਸਲਾ ਕਰ ਆਪੋ-ਆਪਣੀ ਬੇਵੱਸੀ ਦਾ ਹੱਲ ਲੱਭ ਲਿਆ ਹੈ। ਭਾਵੇਂ ਇਹ ਖ਼ੁਸ਼ੀ ਬਹੁਤੇ ਦਿਨ ਨਾ ਠਹਿਰ ਸਕੀ। ਤੁੂੰ ਉਸ ਨੂੰ ਜਵਾਬ ਦੇ ਦਿੱਤਾ ਕਿ ਮੈਂ ਆਪਣੀ ਕੁੱਖ ਨਹੀਂ ਦਿਆਂਗੀ ਪਰ ਫੇਰ ਵੀ ਉਹ ਆਪਣੇ ਫ਼ੈਸਲੇ ’ਤੇ ਅੜੀ ਰਹੀ ਕਿ ਉਹ ਤੇਰੇ ਪਤੀ ਦਾ ਇਲਾਜ ਜ਼ਰੂਰ ਕਰਵਾਏਗੀ। ਉਹਨੇ ਮਾਂ ਬਣਨ ਲਈ ਆਪਣਾ ਘਰ ਵੇਚਿਆ ਸੀ ਤੇ ਉਹੀ ਪੈਸਾ ਤੇਰੇ ਪਤੀ ਦੇ ਇਲਾਜ ’ਤੇ ਲਾ ਦਿੱਤਾ। ਭਾਵੇਂ ਮੈਂ ਉਹਨੂੰ ਟੋਕਿਆ ਵੀ ਸੀ ਕਿ ਜਦੋਂ ਉਹ ਤੇਰੀ ਮਦਦ ਨਹੀਂ ਕਰ ਰਹੀ ਤਾਂ ਤੈਨੂੰ ਕੀ ਲੋੜ ਪਈ ਕਿਸੇ ਲਈ ਆਪਣਾ ਸਭ ਕੁਝ ਦਾਅ ’ਤੇ ਲਾਉਣ ਦੀ। ਉਹਦਾ ਕਹਿਣਾ ਸੀ ਕਿ ਮੈਂ ਤਾਂ ਅਧੂਰੀ ਹਾਂ ਪਰ ਜੇਕਰ ਮੇਰੇ ਕਾਰਨ ਕਿਸੇ ਦੀ ਜ਼ਿੰਦਗੀ ਦੀਆਂ ਖ਼ੁਸ਼ੀਆਂ ਪੂਰੀਆਂ ਹੋ ਜਾਣ ਤਾਂ ਸ਼ਾਇਦ ਮੇਰੀ ਜ਼ਿੰਦਗੀ ਸਫ਼ਲ ਹੋ ਜਾਵੇ।’’
ਨਿਰਮਲਾ ਨਰਸ ਦੀਆਂ ਗੱਲਾਂ ਸੁਣ ਮੈਂ ਹਰਗੁਣ ਲਈ ਮੋਹ ਨਾਲ ਭਰ ਗਈ। ਹੁਣ ਮੈਂ ਮਨ ਹੀ ਮਨ ਫ਼ੈਸਲਾ ਕਰ ਲਿਆ ਕਿ ਮੈਂ ਉਸ ਦੇ ਬੱਚੇ ਨੂੰ ਆਪਣੀ ਕੁੱਖ ਜ਼ਰੂਰ ਦਿਆਂਗੀ। ਮੈਂ ਛੇਤੀ ਤੋਂ ਛੇਤੀ ਹਰਗੁਣ ਨੂੰ ਮਿਲਣਾ ਚਾਹੁੰਦੀ ਸਾਂ। ਮੈਂ ਆਪਣੇ ਆਪ ’ਤੇ ਬਹੁਤ ਸ਼ਰਮਿੰਦਾ ਸਾਂ, ਪਰ ਇਹ ਸੋਚ ਕੇ ਖ਼ੁਸ਼ ਸਾਂ ਕਿ ਮੈਂ ਇੱਕ ਨੇਕ ਔਰਤ ਦੇ ਬੱਚੇ ਨੂੰ ਆਪਣੀ ਕੁੱਖ ਦੇ ਰਹੀਂ ਹਾਂ। ਮੈਂ ਨਿਰਮਲਾ ਨਰਸ ਕੋਲੋਂ ਹਰਗੁਣ ਦੇ ਘਰ ਦਾ ਸਿਰਨਾਵਾਂ ਪੁੱਛਿਆ ਤਾਂ ਉਹ ਅੱਖਾਂ ਭਰ ਕੇ ਆਖਣ ਲੱਗੀ, ‘‘ਹੁਣ ਉਸ ਦਾ ਮੇਰੇ ਕੋਲ ਕੋਈ ਸਿਰਨਾਵਾਂ ਨਹੀਂ… ਉਹ ਦੋ ਦਿਨ ਪਹਿਲਾਂ ਆਪਣੇ ਪਤੀ ਨਾਲ ਆਪਣਾ ਕਿਰਾਏ ’ਤੇ ਲਿਆ ਘਰ ਛੱਡ ਕੇ ਕਿਧਰੇ ਹੋਰ ਚਲੇ ਗਈ। ਮੈਂ ਉਸ ਦੇ ਆਂਢ-ਗੁਆਂਢ ਕੋਲੋਂ ਉਸ ਬਾਰੇ ਪਤਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਿਸੇ ਨੂੰ ਵੀ ਉਹਦੇ ਬਾਰੇ ਕੁਝ ਨਹੀਂ ਪਤਾ ਕਿ ਹੁਣ ਉਹ ਕਿੱਥੇ ਰਹਿੰਦੀ ਹੈ… ਦੋ ਦਿਨ ਤੋਂ ਉਹਦਾ ਫ਼ੋਨ ਵੀ ਬੰਦ ਆ ਰਿਹਾ ਹੈ।’’
ਨਿਰਮਲਾ ਨਰਸ ਦੀ ਗੱਲ ਸੁਣ ਮੇਰੇ ਮੂੰਹੋਂ ਨਿਕਲਿਆ, ‘‘ਉਹ ਅਧੂਰੀ ਨਹੀਂ… ਉਹ ਕਿਵੇਂ ਅਧੂਰੀ ਹੋ ਸਕਦੀ ਹੈ ਜਿਹੜੀ ਦੂਜਿਆਂ ਦੀਆਂ ਖ਼ੁਸ਼ੀਆਂ ਨੂੰ ਪੂਰਾ ਕਰੇ।’’ ਹੁਣ ਹੋਰ ਕੁਝ ਵੀ ਬੋਲਣ ਸੁਣਨ ਤੋਂ ਅਸਮਰੱਥ ਮੈਂ ਉੱਥੇ ਹੀ ਬੈਠ ਗਈ।
ਸੰਪਰਕ: 98143-85918