ਲਖਵੀਰ ਸਿੰਘ ਚੀਮਾ
ਟੱਲੇਵਾਲ, 4 ਸਤੰਬਰ
ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਖੇਤਰ ਵਿੱਚ ਦੇਸ਼ ਭਰ ’ਚੋਂ ਨੰਬਰ ਇੱਕ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ ਹਨ। ਸਰਕਾਰੀ ਹਾਈ ਸਕੂਲ ਦੀਵਾਨਾ ਵਿੱਚ 200 ਤੋਂ ਵੱਧ ਬੱਚਿਆਂ ਨੂੰ ਪੜ੍ਹਾਉਣ ਲਈ ਸਿਰਫ਼ 6 ਅਧਿਆਪਕ ਹਨ। ਮੁੱਖ ਵਿਸ਼ੇ ਸਾਇੰਸ, ਗਣਿਤ ਅਤੇ ਹਿੰਦੀ ਦੇ ਅਧਿਆਪਕ ਤੱਕ ਸਕੂਲ ਵਿੱਚ ਨਹੀਂ ਹਨ। ਇਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸਕੂਲ ਦੀਆਂ ਆਸਾਮੀਆਂ ਪੂਰੀਆਂ ਕਰਵਾਉਣ ਲਈ ਬੱਚਿਆਂ ਦੇ ਮਾਪੇ ਵੀ ਲਾਮਬੰਦ ਹੋਏ ਹਨ। ਇਸ ਲਈ ਬਾਕਾਇਦਾ ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਮੈਂਬਰ ਗੁਰਲਾਲ ਸਿੰਘ, ਗੁਰਦੀਪ ਸਿੰਘ ਦੀਵਾਨਾ, ਮਨਪ੍ਰੀਤ ਸਿੰੰਘ ਸੋਹੀਆਂ ਤੋਂ, ਸੁਖਮੰਦਰ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ 14 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਕਰਕੇ ਪੜ੍ਹਾਈ ਠੱਪ ਵਾਂਗ ਹੈ। ਨਿੱਜੀ ਸਕੂਲਾਂ ਤੋਂ ਤੰਗ ਆ ਕੇ ਲੋਕਾਂ ਨੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਏ ਸਨ ਪਰ ਹੁਣ ਸਰਕਾਰੀ ਸਕੂਲ ’ਚ ਪੜ੍ਹਾਈ ਦੇ ਮਾੜੇ ਹਾਲਾਤਾਂ ਤੋਂ ਤੰਗ ਆ ਕੇ ਮਾਪੇ ਬੱਚੇ ਇੱਥੋਂ ਹਟਾਉਣ ਦਾ ਮਨ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਆਈ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਹੈ। ਬੱਚਿਆਂ ਦੇ ਮਾਪਿਆਂ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਅਧਿਆਪਕਾਂ ਦੀਆਂ ਆਸਾਮੀਆਂ ਪੂਰੀਆਂ ਨਾ ਕੀਤੀਆਂ ਤਾਂ ਬੱਚਿਆਂ ਨੂੰ ਨਾਲ ਲੈ ਕੇ ਮਾਪੇ ਸਕੂਲ ਨੂੰ ਜਿੰਦਾ ਲਗਾਉਣ ਲਈ ਮਜਬੂਰ ਹੋਣਗੇ।