ਪੱਤਰ ਪ੍ਰੇਰਕ
ਚੰਡੀਗੜ੍ਹ, 26 ਨਵੰਬਰ
ਜਨਤਕ ਖੇਤਰ ਵਾਲੇ ਬੈਂਕਾਂ ਦੇ ਹੋਣ ਜਾ ਰਹੇ ਸੰਭਾਵੀ ਨਿੱਜੀਕਰਨ ਖ਼ਿਲਾਫ਼ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਇਕਜੁੱਟ ਹੋ ਗਏ ਹਨ। ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈੱਡਰੇਸ਼ਨ ਦੇ ਬੈਨਰ ਹੇਠ ਬੈਂਕ ਅਫ਼ਸਰਾਂ ਵੱਲੋਂ ਮਨੀਮਾਜਰਾ ਹਾਊਸਿੰਗ ਬੋਰਡ ਲਾਈਟਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਨਫੈੱਡਰੇਸ਼ਨ ਦੀ ਟ੍ਰਾਈਸਿਟੀ ਯੂਨਿਟ ਦੇ ਪ੍ਰਦਰਸ਼ਨ ਵਿੱਚ ਗੱਲਬਾਤ ਕਰਦਿਆਂ ਟੀਐੱਸ ਸੱਗੂ, ਹਰਵਿੰਦਰ ਸਿੰਘ, ਨਰੇਸ਼ ਪਾਲ, ਸੁਦੇਸ਼ ਵਸ਼ਿਸ਼ਟ, ਪ੍ਰੇਮ ਪਵਾਰ, ਵਿਕਾਸ ਵਰਮਾ, ਨਿਰਮਲ ਸੇਤੀਆ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਜਨਤਕ ਖੇਤਰ ਦੇ ਦੋ ਹੋਰ ਬੈਂਕਾਂ ਦਾ ਨਿੱਜੀਕਰਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਦਾ ਇਹ ਨਿੱਜੀਕਰਨ ਵਾਲਾ ਕਦਮ ਕਰਮਚਾਰੀ ਅਤੇ ਜਨਤਾ ਵਿਰੋਧੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕੇਂਦਰ ਸਰਕਾਰ ਖਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਲਈ 29 ਨੂੰ ਸੈਕਟਰ 8 ਤੇ 9 ਦੀਆਂ ਲਾਈਟਾਂ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ 30 ਨਵੰਬਰ ਨੂੰ ਜੰਤਰ-ਮੰਤਰ ਚੌਕ ’ਤੇ ਧਰਨਾ ਦਿੱਤਾ ਜਾਵੇਗਾ।