ਰੋਹਿਤ ਗੋਇਲ
ਪੱਖੋ ਕੈਂਚੀਆਂ, 4 ਸਤੰਬਰ
ਸਨਅਤੀ ਕਸਬਾ ਪੱਖੋਂ ਕੈਂਚੀਆਂ ਤੋਂ ਬਰਨਾਲਾ ਜਾਣ ਲਈ ਭਾਵੇਂ ਨਵੀਂ ਬਣੀ ਨੈਸ਼ਨਲ ਹਾਈਵੇਅ ਸੜਕ ਦੇ ਪੁਲ ਹੇਠਾਂ ਕਰਾਸਿੰਗ ਦਿੱਤੀ ਗਈ ਹੈ ਅਤੇ 50 ਫ਼ੀਸਦੀ ਵਾਹਨ ਉਸ ਕਰਾਸਿੰਗ ਤੋਂ ਲੰਘ ਵੀ ਰਹੇ ਹਨ ਪਰ ਕਈ ਬੱਸਾਂ ਤੇ ਗੱਡੀਆਂ ਵਾਲੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਬਰਨਾਲਾ ਨੂੰ ਸਿੱਧੇ ਹੀ ਲੰਘ ਜਾਂਦੇ ਹਨ, ਜਿਸ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਹਨ| ਪਿੰਡ ਜਗਜੀਤਪੁਰਾ ਵਾਸੀਆਂ ਦੇ ਖੇਤ ਸੜਕ ਦੇ ਪਾਰ ਹੋਣ ਕਾਰਨ ਉਨ੍ਹਾਂ ਨੂੰ ਮੁੱਖ ਸੜਕ ’ਤੇ ਚੜ੍ਹਨ ਵੇਲੇ ਇਹ ਸਮੱਸਿਆ ਆਉਂਦੀ ਹੈ ਕਿ ਦੋਵਾਂ ਪਾਸਿਆਂ ਤੋਂ ਟਰੈਫ਼ਿਕ ਲੰਘਦੀ ਹੋਣ ਕਰ ਕੇ ਮੁੱਖ ਸੜਕ ’ਤੇ ਚੜ੍ਹਨ ਵੇਲੇ ਜਾਨ ਦਾ ਖੋਅ ਬਣਿਆ ਰਹਿੰਦਾ ਹੈ| ਬੀਤੇ ਦਿਨੀਂ ਉੱਘੇ ਗੀਤਕਾਰ ਸ਼ਹਬਿਾਜ ਧੂਰਕੋਟ ਦੀ ਇਸੇ ਹੀ ਕੱਟ ’ਤੇ ਹੋਏ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਮਗਰੋਂ ਪਿੰਡ ਵਾਸੀਆਂ ਨੇ ਡੀਐੱਸਪੀ ਤਪਾ ਨੂੰ ਸਾਂਝੇ ਤੌਰ ’ਤੇ ਮੰਗ ਪੱਤਰ ਦੇ ਕੇ ਸੜਕ ’ਤੇ ਆਵਾਜਾਈ ਸਹੀ ਢੰਗ ਨਾਲ ਕੀਤੇ ਜਾਣ ਦੀ ਮੰਗ ਕੀਤੀ ਸੀ ਪਰ ਅੱਜ ਵੱਡੀ ਗਿਣਤੀ ਵਿਚ ਇਕੱਤਰ ਪਿੰਡ ਵਾਸੀਆਂ ਨੇ ਆਪਣੇ ਯਤਨ ਕਰ ਕੇ ਪੱਖੋਂ ਕੈਂਚੀਆਂ ਤੇ ਬਰਨਾਲਾ ਜਾਣ ਵਾਲੀ ਸਾਈਡ ’ਤੇ ਭਾਰੀ ਪੱਥਰ ਤੇ ਬੈਰੀਕੇਡ ਲਾ ਕੇ ਸੜਕ ਦੀ ਆਵਾਜਾਈ ਇਕ ਤਰਫੀ ਕਰ ਦਿੱਤੀ| ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਅਜੇ ਵੀ ਇਸ ਦੀ ਉਲੰਘਣਾ ਕੀਤੀ ਗਈ, ਤਾਂ ਸੜਕ ’ਤੇ ਗੱਡੀਆਂ ਦਾ ਘਿਰਾਓ ਕਰਨਗੇ| ਇਸ ਮੌਕੇ ਮਨਜਿੰਦਰ ਸਿੰਘ ਕਲੱਬ ਪ੍ਰਧਾਨ, ਪੰਚ ਜੰਗੀਰ ਸਿੰਘ, ਕੁਲਵੰਤ ਸਿੰਘ ਭੋਲਾ ਸਰਕਲ ਪ੍ਰਧਾਨ, ਕਮਲਜੀਤ ਸਿੰਘ ਆਦਿ ਹਾਜ਼ਰ ਸਨ|