ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਅਗਸਤ
ਕੌਮਾਂਤਰੀ ਹਵਾਈ ਅੱਡਾ ਦਾ ਨਾਂ ਹਲਵਾਰਾ ਦੇ ਨਾਮਕਰਨ ਦਾ ਮਾਮਲਾ ਇਕ ਵਾਰ ਮੁੜ ਗਰਮਾਇਆ ਹੈ, ਅੱਜ ਪਿੰਡ ਐਤੀਆਣਾ ਦੀ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਪ੍ਰਸਤਾਵ ਅਨੁਸਾਰ ਮੰਗ ਪੱਤਰ ਐੱਸ.ਡੀ.ਐੱਮ ਰਾਏਕੋਟ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਹਵਾਈ ਅੱਡੇ ਦਾ ਟਰਮੀਨਲ ਬਣਾਉਣ ਲਈ 162 ਏਕੜ ਜ਼ਮੀਨ ਐਤੀਆਣਾ ਦੇ ਕਿਸਾਨਾਂ ਤੋਂ ਗ੍ਰਹਿਣ ਕੀਤੀ ਗਈ ਹੈ ਤਾਂ ਹਵਾਈ ਅੱਡੇ ਦਾ ਨਾਮ ਵੀ ਪਿੰਡ ਐਤੀਆਣਾ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ ਹੈ। ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਮੰਗ ਪੱਤਰ ਐੱਸ.ਡੀ.ਐੱਮ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਨੂੰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਹੀ ਮੰਗ ਪੱਤਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਪਰਲੀਨ ਕੌਰ ਕਾਲੇਕਾ ਅਤੇ ਗਲਾਡਾ ਦੇ ਪ੍ਰਬੰਧਕੀ ਅਫ਼ਸਰ ਨੂੰ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਇਹ ਮੰਗ ਕਰਦੇ ਆ ਰਹੇ ਹਾਂ, ਪਰ ਬਾਵਜੂਦ ਭਰੋਸਿਆਂ ਦੇ ਇਹ ਵਾਅਦਾਖ਼ਿਲਾਫ਼ੀ ਕੀਤੀ ਗਈ ਹੈ।