ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਦੇ ਸੈਕਟਰ 80 ਅਤੇ 81 ਨੇੜੇ ਚੰਡੀਗੜ੍ਹ ਚੋਈ ਦੇ ਖੇਤਰਾਂ ਵਿੱਚ ਪਿਛਲੇ ਸੱਤ ਦਿਨਾਂ ਤੋਂ ਆਏ ਹੋਏ ਤੇਂਦੂਏ ਨੂੰ ਜੰਗਲੀ ਜੀਵ ਵਿਭਾਗ ਕਾਬੂ ਕਰਨ ਵਿੱਚ ਅਸਮਰੱਥ ਹੈ। ਨੈਸ਼ਨਲ ਐਗਰੀਕਲਚਰ ਬਾਇਓ ਟੈਕਨਾਲੋਜੀ ਇੰਸਟੀਚਿਊਟ ਦੇ ਬਾਹਰਵਾਰ ਪੈਂਦੇ ਖੇਤਰ ਵਿੱਚ ਦੋ ਜੁਲਾਈ ਨੂੰ ਜੰਗਲੀ ਜੀਵ ਵਿਭਾਗ ਨੇ ਇੱਥੇ ਤੇਂਦੂਆ ਹੋਣ ਦੀ ਪੁਸ਼ਟੀ ਕਰਦਿਆਂ ਉਸ ਨੂੰ ਕਾਬੂ ਕਰਨ ਲਈ ਯਤਨ ਆਰੰਭੇ ਸਨ ਤੇ ਸੰਸਥਾ ਦੇ ਨੇੜੇ ਪਿੰਜਰਾ ਵੀ ਲਗਾਇਆ ਸੀ। ਇਸ ਮਗਰੋਂ ਦੋ ਦਿਨ ਤੇਂਦੂਏ ਦੀ ਕੋਈ ਹਰਕਤ ਸਾਹਮਣੇ ਨਹੀਂ ਆਈ। ਲੰਘੇ ਮੰਗਲਵਾਰ ਨੂੰ ਸੰਬਧਿਤ ਸੰਸਥਾ ਦੇ ਬਾਹਰਵਾਰ ਤੇਂਦੂਏ ਦੀਆਂ ਤਸਵੀਰਾਂ ਮੁੜ ਕੈਮਰੇ ਵਿੱਚ ਕੈਦ ਹੋਣ ਮਗਰੋਂ ਵਿਭਾਗੀ ਟੀਮ ਨੇ ਤੇਂਦੂਏ ਦੀ ਬਾਰੀਕੀ ਨਾਲ ਭਾਲ ਆਰੰਭ ਦਿੱਤੀ ਹੈ। ਵਿਭਾਗ ਦੇ ਰੇਂਜ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗੀ ਟੀਮਾਂ ਲਗਾਤਾਰ ਸਾਰੇ ਮਾਮਲੇ ਉੱਤੇ ਨਜ਼ਰ ਰੱਖ ਰਹੀਆਂ ਹਨ ਤੇ ਤੇਂਦੂਏ ਦੀ ਭਾਲ ਕਰ ਰਹੀਆਂ ਹਨ।