ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਨਵੰਬਰ
ਇੱਥੋਂ ਦੇ ਵਾਰਡ ਨੰਬਰ-14 ਵਿੱਚ ਮਾੜੂ ਦਾਸ ਦੀ ਸਮਾਧ ਨੇੜੇ ਪਿਛਲੇ ਲੰਬੇ ਸਮੇਂ ਤੋਂ ਖੜ੍ਹਦੇ ਗੰਦੇ ਪਾਣੀ ਅਤੇ ਗੰਦਗੀ ਤੋਂ ਇਲਾਕੇ ਦੇ ਲੋਕ ਅਤੇ ਦੁਕਾਨਦਾਰ ਪ੍ਰੇਸ਼ਾਨ ਹਨ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਗੰਦਗੀ ਨੇੜੇ ਲੜਕੀਆਂ ਦਾ ਕਾਲਜ ਵੀ ਹੈ, ਜਿੱਥੇ ਵਿਦਿਆਰਥਣਾਂ ਨੂੰ ਗੰਦੀ ਬਦਬੂ ਕਾਰਨ ਰਹਿਣਾ ਮੁਸ਼ਕਲ ਹੁੰਦਾ ਹੈ। ਇਸ ਮੌਕੇ ਗੌਤਮ ਵਸ਼ਿਸ਼ਟ, ਮੋਹਿਤ ਸੋਨੀ, ਅਮਿਤ ਸੋਨੂੰ, ਓਮ ਪ੍ਰਕਾਸ਼, ਬਿੱਲਾ ਸਿੰਘ ਅਤੇ ਇਕਬਾਲ ਸਿੰਘ ਨੇ ਨਗਰ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਸ ਸਬੰਧੀ ਕਈ ਵਾਰ ਕੌਂਸਲਰ ਅਤੇ ਕੌਂਸਲ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ ਹੈ, ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦ ਤੋਂ ਜਲਦ ਪਾਣੀ ਦੀ ਨਿਕਾਸੀ ਦਾ ਹੱਲ ਨਾ ਕੀਤਾ ਗਿਆਂ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਸਬੰਧੀ ਕੌਂਸਲਰ ਸੰਦੀਪ ਘਈ ਨੇ ਕਿਹਾ ਕਿ ਇਹ ਗੰਦਾ ਪਾਣੀ ਇਕ ਨਿੱਜੀ ਪਲਾਂਟ ਦਾ ਹੈ, ਜਿਸ ਕਾਰਨ ਇਸ ਦੀ ਸਫਾਈ ਨਹੀਂ ਹੋ ਰਹੀ। ਇਸ ਸਬੰਧੀ ਕਈ ਵਾਰ ਮੁੱਦਾ ਕੌਂਸਲ ਮੀਟਿੰਗ ਵਿਚ ਉਠਾਇਆ ਗਿਆ ਹੈ ਅਤੇ ਸਫ਼ਾਈ ਲਈ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ।