ਕਰਮਜੀਤ ਸਿੰਘ ਚਿੱਲਾ
ਬਨੂੜ, 4 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੀਤੇ 547 ਵਿੱਚੋਂ 422 ਚੋਣ ਵਾਅਦੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਮੁਹਾਲੀ ਹਲਕੇ ਦੇ 56 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਵੰਡੀ ਜਾਣ ਵਾਲੀ 13 ਕਰੋੜ ਦੀ ਰਾਸ਼ੀ ਤਹਿਤ ਚੈੱਕ ਵੰਡਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਉਨ੍ਹਾਂ ਪਿੰਡ ਤੰਗੌਰੀ ਦੀਆਂ ਗਲੀਆਂ-ਨਾਲੀਆਂ ਲਈ 25.24 ਲੱਖ, ਨਗਾਰੀ ਦੀ ਫਿਰਨੀ ਲਈ 28.58 ਲੱਖ, ਵਾਲਮੀਕਿ ਭਵਨ ਲਈ 5 ਲੱਖ, ਮੁਸਲਿਮ ਭਾਈਚਾਰੇ ਦੀ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਟ ਸਰਪੰਚ ਭੁਪਿੰਦਰ ਕੁਮਾਰ ਨੂੰ ਭੇਟ ਕੀਤੀ। ਉਨ੍ਹਾਂ ਗੀਗੇਮਾਜਰਾ ਵਿੱਚ ਗਲੀਆਂ ਲਈ 10.50 ਲੱਖ, ਗੰਦੇ ਨਾਲੇ ਵਾਸਤੇ 13 ਲੱਖ, ਸ਼ਮਸ਼ਾਨਘਾਟ ਦੇ ਰਸਤੇ ਲਈ 5.91 ਲੱਖ, ਮਿੱਢੇ ਮਾਜਰਾ ਦੇ ਕਮਿਊਨਿਟੀ ਸੈਂਟਰ ਲਈ 15 ਲੱਖ, ਪਿੰਡ ਬਠਲਾਣਾ ਦੇ ਕਮਿਊਨਿਟੀ ਸੈਂਟਰ ਦੀ ਚਾਰਦੀਵਾਰੀ ਵਾਸਤੇ 17 ਲੱਖ, ਛੱਪੜ ਦੀ ਚਾਰਦੀਵਾਰੀ ਲਈ 5 ਲੱਖ ਅਤੇ ਸ਼ਮਸ਼ਾਨਘਾਟ ਦੇ ਸ਼ੈੱਡ ਵਾਸਤੇ 1.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ।