ਐੱਨਪੀ. ਧਵਨ
ਪਠਾਨਕੋਟ, 5 ਅਪਰੈਲ
ਪੰਜਾਬ ਸਰਕਾਰ ਨੇ ਪਠਾਨਕੋਟ ਡਿਪੂ ਕੋਲ ਨਵੀਆਂ ਬੱਸਾਂ ਤਾਂ ਭੇਜ ਦਿੱਤੀਆਂ ਹਨ ਪਰ ਉਨ੍ਹਾਂ ਨੂੰ ਚਲਾਉਣ ਲਈ ਡਰਾਈਵਰਾਂ ਅਤੇ ਕੰਡਕਟਰਾਂ ਦੀ ਥੁੜ੍ਹ ਹੋਣ ਕਾਰਨ ਕਈ ਬੱਸਾਂ ਨੂੰ ਡਿਪੂ ਦੇ ਯਾਰਡ ਵਿੱਚ ਹੀ ਖੜ੍ਹਾ ਕਰਨਾ ਪੈ ਰਿਹਾ ਹੈ। ਜਿਸ ਨਾਲ ਇੱਕ ਪਾਸੇ ਤਾਂ ਯਾਤਰੀਆਂ ਨੂੰ ਬੱਸ ਸੁਵਿਧਾ ਤੋਂ ਵਿਰਵੇ ਰਹਿਣਾ ਪੈ ਰਿਹਾ ਹੈ, ਉਥੇ ਦੂਸਰੇ ਪਾਸੇ ਰੋਡਵੇਜ਼ ਦੇ ਡਿਪੂ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਪਠਾਨਕੋਟ ਰੋਡਵੇਜ਼ ਡਿਪੂ ਨੂੰ 38 ਨਵੀਆਂ ਬੱਸਾਂ ਮਿਲਣ ਨਾਲ ਕੁੱਲ 130 ਬੱਸਾਂ ਹੋ ਗਈਆਂ ਹਨ। ਜਦ ਇਨ੍ਹਾਂ ਬੱੱਸਾਂ ਨੂੰ ਚਲਾਉਣ ਲਈ ਡਰਾਈਵਰਾਂ ਅਤੇ ਕੰਡਕਟਰਾਂ ਦੀ ਕਾਫੀ ਥੁੜ੍ਹ ਹੈ। ਨਤੀਜਾ ਇਹ ਹੈ ਕਿ ਨਵੀਆਂ ਬੱਸਾਂ ਯਾਰਡ ਵਿੱਚ ਖੜ੍ਹੀਆਂ ਕਰਨੀਆਂ ਪੈ ਰਹੀਆਂ ਹਨ। ਡਿਪੂ ਪ੍ਰਬੰਧਕ ਨਾ ਚਾਹੁੰਦੇ ਹੋਏ ਵੀ ਰੋਜ਼ਾਨਾ 15-20 ਰੂਟਾਂ ਉੱਤੇ ਬੱਸਾਂ ਨਹੀਂ ਚਲਾ ਰਹੇ। ਸੂਤਰਾਂ ਅਨੁਸਾਰ ਡਰਾਈਵਰਾਂ ਦੀ ਕਮੀ ਕਾਰਨ ਬੜੀ ਮੁਸ਼ਕਲ ਨਾਲ 55 ਰੂਟ ਚੱਲ ਰਹੇ ਹਨ ਜਦ ਕਿ ਰੋਜ਼ਾਨਾ 70 ਤੋਂ 75 ਰੂਟ ਚੱਲਣੇ ਚਾਹੀਦੇ ਹਨ। ਡਰਾਈਵਰਾਂ ਦੀ ਕਮੀ ਕਾਰਨ ਡਿਪੂ ਨੂੰ ਮਜ਼ਬੂਰਨ ਦਿੱਲੀ ਦੇ 5, ਚੰਡੀਗੜ੍ਹ ਦੇ 4, ਹਿਮਾਚਲ ਪ੍ਰਦੇਸ਼ ਦੇ 5, ਜੰਮੂ ਦੇ 2 ਰੂਟਾਂ ਸਮੇਤ 4-5 ਲੋਕਲ ਰੂਟ ਮਿਸ ਕਰਨੇ ਪੈ ਰਹੇ ਹਨ। ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਦੇ ਜਨਰਲ ਮੈਨੇਜਰ ਦਰਸ਼ਨ ਸਿੰਘ ਗਿੱਲ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਡਿਪੂ ਦੇ ਕੋਲ 92 ਡਰਾਈਵਰਾਂ ਅਤੇ 40 ਦੇ ਕਰੀਬ ਕੰਡਕਟਰਾਂ ਦੀ ਕਮੀ ਹੈ। ਡਰਾਈਵਰਾਂ ਦੀ ਕਮੀ ਨੂੰ ਲੈ ਕੇ ਉਨ੍ਹਾਂ ਪਿਛਲੀ ਚੰਨੀ ਸਰਕਾਰ ਦੇ ਇਲਾਵਾ ਹੁਣ ਨਵੀਂ ਸਰਕਾਰ ਨੂੰ ਵੀ ਲਿਖਤੀ ਰੂਪ ਵਿੱਚ ਭੇਜ ਦਿੱਤਾ ਹੈ।
ਟਰਾਂਸਪੋਰਟ ਮੰਤਰੀ ਭੁੱਲਰ ਨੇ ਨਵੀਆਂ ਬੱਸਾਂ ਕੀਤੀਆਂ ਰਵਾਨਾ
ਪੱਟੀ(ਬੇਅੰਤ ਸਿੰਘ ਸੰਧੂ): ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬ ਰੋਡਵੇਜ਼ ਡਿਪੂ ਪੱਟੀ ਦੀਆਂ 18 ਨਵੀਂਆਂ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਬੱਸ ਅੱਡਾ ਪੱਟੀ ਅੰਦਰੋਂ ਵੱਖ-ਵੱਖ ਰੂਟਾਂ ਉਪਰ ਰਵਾਨਾ ਕੀਤਾ ਗਿਆ। ਪਹਿਲਾਂ ਵੀ ਸੂਬਾ ਸਰਕਾਰ ਵੱਲੋਂ 10 ਨਵੀਂਆਂ ਬੱਸਾਂ ਪੱਟੀ ਡਿਪੂ ਅੰਦਰ ਦਿੱਤੀਆ ਗਈਆ ਹਨ। ਇਸ ਮੌਕੇ ਭੁੱਲਰ ਨੇ ਕਿਹਾ ਟਰਾਂਸਪੋਰਟ ਵਿਭਾਗ ਅੰਦਰ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਅਮਨਦੀਪ ਕੌਰ ਡਾਇਰੈਕਟਰ ਟਰਾਂਸਪੋਰਟ ਆਦਿ ਹਾਜ਼ਰ ਸਨ।