ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 4 ਸਤੰਬਰ
ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਚ ਨਸ਼ੀਲੇ ਪਦਾਰਥ ਨਾਲ ਹੋਈ ਸਕੇ ਭਰਾਵਾਂ ਦੀ ਮੌਤ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਜਿਸ ਦੇ ਸਬੰਧ ਵਿੱਚ ਅੱਜ ਪਿੰਡ ਮਹਿਰਾਜ ਦੀ ਦਾਣਾ ਮੰਡੀ ਵਿਖੇ ਨਸ਼ਿਆਂ ਖ਼ਿਲਾਫ਼ ਪਿੰਡ ਦੇ ਕਲੱਬਾਂ, ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ, ਲੋਕ ਅਧਿਕਾਰ ਲਹਿਰ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਨਸ਼ੇ ਦੇ ਮੁੱਦੇ ’ਤੇ ਸੁੱਤੀ ਹੋਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਇੱਕ ਭਰਵੀਂ ਰੈਲੀ ਕੀਤੀ ਗਈ। ਲੋਕ ਅਧਿਕਾਰ ਲਹਿਰ ਵੱਲੋਂ ਬਲਵਿੰਦਰ ਸਿੰਘ ਨੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ ਅਤੇ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡਣ ਦੀ ਅਪੀਲ ਕੀਤੀ। ਲੱਖਾ ਸਿਧਾਣਾ ਨੇ ਕਿਹਾ ਭਵਿੱਖ ਵਿੱਚ ਨਸ਼ਿਆਂ ਨੂੰ ਰੋਕਣ ਲਈ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣੇ ਪੈਣਗੇ।