ਪੱਤਰ ਪ੍ਰੇਰਕ
ਮਾਨਸਾ, 5 ਅਪਰੈਲ
ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਵਿਚ ਵਿਕਣ ਲਈ ਸਰੋਂ ਪੁੱਜਣੀ ਸ਼ੁਰੂ ਹੋ ਗਈ ਹੈ। ਇਸ ਵਾਰ ਤੇਲ ਬੀਜ਼ਾਂ ਦੀਆਂ ਕੀਮਤਾਂ ਵੱਧਣ ਕਾਰਨ ਇਸ ਖੇਤਰ ਵਿੱਚ ਸਰ੍ਹੋਂ ਹੇਠ ਰਕਬਾ ਪਹਿਲਾਂ ਦੇ ਮੁਕਾਬਲੇ ਵੱਧ ਗਿਆ ਸੀ। ਕਿਸਾਨਾਂ ਨੇ ਆਪਣੇ ਘਰਾਂ ਵਿੱਚ ਵਰਤੋਂ ਲਈ ਸਰ੍ਹੋਂ ਦੀਆਂ ਆਡਾਂ ਕਣਕ ਵਿੱਚ ਕੱਢੀਆਂ ਹੋਈਆਂ ਹਨ। ਕਿਸਾਨਾਂ ਨੇ ਸਰ੍ਹੋਂ ਨੂੰ ਅਨਾਜ ਮੰਡੀਆਂ ’ਚ ਵੇਚਣਾ ਵੀ ਸ਼ੁਰੂ ਕਰ ਦਿੱਤਾ ਹੈ। ਅਨਾਜ ਮੰਡੀਆਂ ’ਚ ਪਹੁੰਚਣ ਲੱਗੀ ਸਰ੍ਹੋਂ ਦੀਆਂ ਫਸਲਾਂ ’ਚ ਤੋਰੀਆਰਾਇਆ, ਗੋਭੀ ਸਰ੍ਹੋਂ ਤੇ ਅਮਰੀਕਨ ਸਰ੍ਹੋਂ ਆਉਂਦੀ ਹੈ। ਮਾਰਕਿਟ ਕਮੇਟੀ ਮਾਨਸਾ ਵਿੱਚ ਅੱਜ ਪੁੱਜੀ ਸਰ੍ਹੋਂ ਨੂੰ ਪ੍ਰਾਈਵੇਟ ਵਪਾਰੀਆਂ ਨੇ ਹੱਥੋਂ-ਹੱਥੀ ਖਰੀਦ ਲਿਆ। ਮਾਨਸਾ ਦੇ ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਨੇ ਦੱਸਿਆ ਕਿ ਮੰੰਡੀ ’ਚ ਵਿਕਣ ਲਈ ਆਈ ਸਰ੍ਹੋਂ ਨੂੰ ਪ੍ਰਾਈਵੇਟ ਵਪਾਰੀਆਂ ਨੇ 6200 ਰੁਪਏ ਤੋਂ ਲੈ ਕੇ 6800 ਰੁਪਏ ਪ੍ਰਤੀ ਕੁਇੰਟਲ ਖਰੀਦਿਆ। ਉਨ੍ਹਾਂ ਦੱਸਿਆ ਕਿ ਇੱਕਾ-ਦੁੱਕਾ ਢੇਰੀਆਂ 6000 ਰੁਪਏ ਵੀ ਲੱਗੀਆਂ, ਜੋ ਮਾੜੀ ਕਿਸਮ ਤੇ ਬਰੀਕ ਸਰ੍ਹੋਂ ਦੀਆਂ ਮੰਨੀਆਂ ਗਈਆਂ ਹਨ। ਦੱਖਣੀ ਪੰਜਾਬ ਦੇ ਇਸ ਖੇਤਰ ’ਚ ਬਹੁਤੇ ਕਿਸਾਨ ਸਰ੍ਹੋਂ ਦੀ ਖੇਤੀ ਨਾਲ ਜੁੜੇ ਹੋਏ ਹਨ ਤੇ ਉਹ ਇਥੋਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਤੇ ਨਹਿਰੀ ਪਾਣੀ ਦੀ ਤੋਟ ਕਾਰਨ ਕਣਕ ਦੀ ਬਜਾਏ ਸਰ੍ਹੋਂ ਨੂੰ ਪਹਿਲ ਦਿੰਦੇ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮਾਲਵਾ ਖੇਤਰ ’ਚ ਜੇ ਇਸ ਵਾਰ ਸਰ੍ਹੋਂ ਦੇ ਭਾਅ ਵਧ ਗਏ ਤੇ ਝਾੜ ਵੀ ਵੱਧ ਗਿਆ ਤਾਂ ਅਗਲੇ ਵਰ੍ਹੇ ਤੋਂ ਕਿਸਾਨ ਸਰ੍ਹੋਂ ਹੇਠ ਹੋਰ ਰਕਬਾ ਲਿਆ ਸਕਦੇ ਹਨ। ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਖੇਤੀ ਵਿਭਾਗ ਫ਼ਸਲੀ ਵਿਭਿੰਨਤਾ ਤਹਿਤ ਇਸ ਲਈ ਹੋਰ ਉਪਰਾਲੇ ਵੀ ਕਰੇਗਾ।