ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ
ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੌਮੇ ਖੇਡ ਦਿਵਸ ਮੌਕੇ ਵੀ ਮੁਕਤਸਰ ਦੇ ਇਕਲੌਤੇ ਇਨਡੋਰ ਖੇਡ ਸਟੇਡੀਅਮ ਦੀ ਕਿਸੇ ਨੇ ਸਾਰ ਨਹੀਂ ਲਈ। ਇਹ ਸਟੇਡੀਅਮ 2006 ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਿਆ ਸੀ ਪਰ ਇਥੇ ਸਿਰਫ ਇਕ ਵਾਰ ਸੂਬਾ ਪੱਧਰ ’ਤੇ ਤਲਵਾਰਬਾਜ਼ੀ ਮੁਕਾਬਲੇ ਹੋਏ ਹਨ। ਮੁੜ ਕਿਸੇ ਨੇ ਇਸ ਦੀ ਵਰਤੋਂ ਵੱਲ ਗੌਰ ਨਹੀਂ ਕੀਤਾ। ਇਸ ਕਰਕੇ ਇਹ ਉਜੜ ਗਿਆ ਹੈ ਅਤੇ ਨਸ਼ੱਈਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਬੂਹੇ-ਬਾਰੀਆਂ ਦੇ ਸ਼ੀਸ਼ੇ ਟੁੱਟੇ ਪਏ ਹਨ। ਛੱਤ ਵਿੱਚ ਮਘੋਰੇ ਹੋ ਗਏ ਹਨ। ਟੂਟੀਆਂ ਤੇ ਬਿਜਲੀ ਦੀ ਫਿਟਿੰਗ ਚੋਰੀ ਹੋ ਗਈ ਹੈ। ਸਾਲ 2019 ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸਦੇ ਨਵੀਂਨੀਕਰਨ ਦਾ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਅਜੇ ਤੱਕ ਨਵੀਂਨੀਕਰਨ ਦੇ ਨਾਂ ’ਤੇ ਇੱਕ ਇੱਟ ਵੀ ਨਹੀਂ ਲੱਗੀ, ਹਾਲਾਂਕਿ ਜ਼ਿਲ੍ਹੇ ਵਿੱਚ ਇਨਡੋਰ ਖੇਡਾਂ ਜਿਮਨਾਸਟਿਕ ਦਾ ਕੋਚ ਵੀ ਮੌਜੂਦ ਹੈ ਪਰ ਐਥਲੇਟਿਕਸ ਦੇ ਕੋਚ ਦੀ ਅਸਾਮੀ ਖਾਲੀ ਪਈ ਹੈ। ਜ਼ਿਲ੍ਹਾ ਖੇਡ ਅਫ਼ਸਰ ਨੇ ਉਨ੍ਹਾਂ ਦੱਸਿਆ ਕਿ 70 ਲੱਖ ਦੀ ਗਰਾਂਟ ਆ ਗਈ ਹੈ ਅਤੇ ਜਲਦੀ ਹੀ ਪੰਜਾਬ ਮੰਡੀ ਬੋਰਡ ਰਾਹੀਂ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਮੁਕਤਸਰ ਦੀ ਮੁੱਕੇਬਾਜ਼ੀ ਖੇਡ ਨੂੰ ਸਮਰਪਿਤ ਇਕ ਸੰਸਥਾ ਵੱਲੋਂ ਮੰਗ ਕੀਤੀ ਗਈ ਹੈ ਕਿ ਇਨਡੋਰ ਸਟੇਡੀਅਮ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਖਿਡਾਰੀ ਇਸਦੀ ਸੁਚੱਜੀ ਵਰਤੋਂ ਕਰ ਸਕਣ।