ਜੈਪੁਰ: ਪ੍ਰਜਾਪਤੀ ਬ੍ਰਹਮਕੁਮਾਰੀ ਦੀ ਪ੍ਰਮੁੱਖ ਰਾਜਯੋਗਿਨੀ ਦਾਦੀ ਹਿਰਦੇ ਮੋਹਿਨੀ ਦਾ ਅੱਜ ਮੁੰਬਈ ਦੇ ਇੱਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਨ੍ਹਾਂ ਦਾ ਸਸਕਾਰ 13 ਮਾਰਚ ਨੂੰ ਕੀਤਾ ਜਾਵੇਗਾ। ਬ੍ਰਹਮਕੁਮਾਰੀ ਦੇ ਸੂਚਨਾ ਨਿਰਦੇਸ਼ਕ ਬੀਕੇ ਕਰੁਨਾ ਨੇ ਦੱਸਿਆ ਕਿ ਹਿਰਦੇ ਮੋਹਿਨੀ ਦਾ ਪਿਛਲੇ 15 ਦਿਨ ਤੋਂ ਮੁੰਬਈ ਦੇ ਸੈਫੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮਕੁਮਾਰੀ ਦੀ ਪ੍ਰਮੁੱਖ ਦਾਦੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਾਜਿਕ ਸ਼ਕਤੀਕਰਨ ਅਤੇ ਮਨੁੱਖੀ ਦੁੱਖਾਂ ਨੂੰ ਘੱਟ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਲਈ ਯਾਦ ਰੱਖਿਆ ਜਾਵੇਗਾ। -ਪੀਟੀਆਈ