ਪੱਤਰ ਪ੍ਰੇਰਕ
ਅਮਲੋਹ, 6 ਅਗਸਤ
ਬਲਾਕ ਸਮਿਤੀ ਅਮਲੋਹ ਦੀ ਇੱਕ ਮੀਟਿੰਗ ਚੇਅਰਪਰਸਨ ਜਸਵੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਪਹੁੰਚੇ। ਮੀਟਿੰਗ ਵਿਚ ਹਾਜ਼ਰੀਨ ਮੈਂਬਰਾਂ ਨੇ ਕਾਂਗਰਸੀ ਪੰਚਾਇਤਾਂ ਅਤੇ ਸਮਿਤੀ ਮੈਂਬਰਾਂ ਨਾਲ ਸਹੀ ਵਿਵਹਾਰ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡ ਲਾਡਪੁਰ ਵਿਚ ਲੋੜਵੰਦਾਂ ਲਈ ਕੱਟੇ ਪਲਾਟਾਂ ਦੀ ਪੰਚਾਇਤ ਦੀ ਸਹਿਮਤੀ ਵਗੈਰ ਬੋਲੀ ਕਰ ਦਿੱਤੀ ਗਈ। ਇਸੇ ਤਰ੍ਹਾਂ ਪਿੰਡ ਮਛਰਾਏ ਖ਼ੁਰਦ ਵਿਚ ਵੀ ਪੰਚਾਇਤ ਨੂੰ ਵਗ਼ੈਰ ਪੁੱਛੇ ਬੋਲੀ ਕਰਵਾਉਣ ਦਾ ਦੋਸ਼ ਲਾਇਆ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਸਾਹਮਣੇ ਆਈਆਂ ਮੁਸ਼ਕਲਾਂ ਦਾ ਵੀ ਅਗਲੇ ਦਿਨਾਂ ਵਿਚ ਹੱਲ ਕਰ ਲਿਆ ਜਾਵੇਗਾ। ਇਸ ਉਪਰੰਤ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਸਮਿਤੀ ਮੈਂਬਰਾਂ ਵੱਲੋਂ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਇਸ ਸ਼ਰਤ ’ਤੇ ਸਹਿਮਤੀ ਦਿੱਤੀ ਗਈ ਕਿ ਉਨ੍ਹਾਂ ਨੂੰ ਜਸ਼ਨਾਂ ਵਿਚ ਸੱਦਾ ਪੱਤਰ ਭੇਜ ਕੇ ਬਣਦਾ ਸਨਮਾਨ ਦਿੱਤਾ ਜਾਵੇਗਾ।