ਪਾਲ ਸਿੰਘ ਨੌਲੀ
ਜਲੰਧਰ, 25 ਦਸੰਬਰ
ਪੰਜਾਬ ਕਾਂਗਰਸ ਵਿਚ ਭਾਵੇਂ ਕਾਟੋ-ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਪਰ ਮੁੱਖ ਮੰਤਰੀ ਬਦਲਣ ਦੇ ਨਾਲ ਕਾਂਗਰਸੀ ਆਗੂਆਂ ਦੀਆਂ ਵਾਛਾਂ ਖਿੜੀਆਂ ਹੋਈਆਂ ਹਨ। ਹਰ ਹਲਕੇ ’ਤੇ ਟਿਕਟ ਲਈ ਮਾਰੋ-ਮਾਰੀ ਚੱਲ ਰਹੀ ਹੈ। ਨਕੋਦਰ ਵਿਧਾਨ ਸਭਾ ਹਲਕਾ, ਜਿਥੇ ਪਹਿਲਾਂ ਕੋਈ ਉਮੀਦਵਾਰ ਨਹੀਂ ਸੀ ਲੱਭਦਾ ਹੁੰਦਾ ਉਥੇ ਹੁਣ ਚੋਣ ਲੜਨ ਲਈ ਦਰਜਨ ਦੇ ਕਰੀਬ ਆਗੂ ਆਪਣਾ ਦਾਅਵਾ ਜਿਤਾ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਜਗਬੀਰ ਸਿੰਘ ਬਰਾੜ ਨੇ ਚੋਣ ਲੜੀ ਸੀ। ਜਦੋਂ ਉਹ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਤਾਂ ਕਾਂਗਰਸੀਆਂ ਨੇ ਖੁਸ਼ੀ ਵਿਚ ਲੱਡੂ ਵੰਡੇ ਸਨ। ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਦਾਅਵੇਦਾਰਾਂ ਦੀ ਕਤਾਰ ਵਿਚ ਚਾਰ ਵਾਰ ਜੇਤੂ ਰਹੇ ਅਮਰਜੀਤ ਸਿੰਘ ਸਮਰਾ, ਜ਼ਿਲ੍ਹਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ, ਮੌਜੂਦਾ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਰਮਨਜੀਤ ਸਿੰਘ ਰੈਣੀ, ਅਰਵਿੰਦ ਸ਼ਰਮਾ, ਅਸ਼ਵਨ ਭੱਲਾ, ਕੇਵਲ ਸਿੰਘ ਤੱਖਰ ਤੇ ਜਸਵੀਰ ਸਿੰਘ ਉੱਪਲ ਸ਼ਾਮਲ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਇਥੋਂ ਤੀਜੇ ਸਥਾਨ ’ਤੇ ਰਹੀ ਸੀ। ਅਸਲ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਾਲੇ ਹੋਇਆ ਸੀ। ਇਸ ਹਲਕੇ ਦੀ ਚਾਰ ਵਾਰ ਨੁਮਾਇੰਦਗੀ ਕਰ ਚੁੱਕੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਮੁੜ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਬਣ ਕੇ ਉੱਭਰੇ ਹਨ। ਹਾਲਾਂਕਿ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਦੀ ਸਰਗਰਮੀ ਘੱਟ ਹੈ ਪਰ ਇਸ ਸਮੇਂ ਉਹ ਹਲਕੇ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ। ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਵੀ ਆਪਣੀ ਟਿਕਟ ਦੀ ਦਾਅਵੇਦਾਰੀ ਨਕੋਦਰ ਤੋਂ ਜਿਤਾਈ ਹੈ। ਆਲ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨਕੋਦਰ ਹਲਕੇ ਤੋਂ ਟਿਕਟ ਦੇ ਚਾਹਵਾਨ ਹਨ ਤੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਆਗੂਆਂ ਨੂੰ ਘੇਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਤੇ ਨਕੋਦਰ ਤੋਂ ਆਪਣੇ ਸਮਰਥਕਾਂ ਨੂੰ ਲਿਆ ਕੇ ਭਾਜਪਾ ਦੇ ਐੱਮਪੀ ਹੰਸ ਰਾਜ ਹੰਸ ਤੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਅੱਗੇ ਧਰਨੇ ਲਾਏ ਸਨ। ਅਸ਼ਵਨ ਭੱਲਾ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਹੈ ਤੇ ਉਹ ਵੀ ਨਕੋਦਰ ਤੋਂ ਟਿਕਟ ਦਾ ਚਾਹਵਾਨ ਹੈ। ਜ਼ਿਲ੍ਹਾ ਕਾਂਗਰਸ (ਦਿਹਾਤੀ) ਦੇ ਨਵੇਂ ਬਣੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਵੀ ਇਸ ਹਲਕੇ ਤੋਂ ਚੋਣ ਲੜਨ ਦੇ ਇਛੁੱਕ ਦੱਸੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਰਮਨਜੀਤ ਸਿੰਘ ਰੈਣੀ, ਅਰਵਿੰਦ ਸ਼ਰਮਾ, ਜਸਵੀਰ ਸਿੰਘ ਉੱਪਲ, ਕੇਵਲ ਸਿੰਘ ਤੱਖਰ, ਬਲਜੀਤ ਸਿੰਘ ਜੌਹਲ, ਗੌਰਵ ਜੈਨ ਤੇ ਗੁਰਦੀਪ ਸਿੰਘ ਦੀਪਾ ਨੇ ਵੀ ਇਲਾਕੇ ਵਿਚ ਸਰਗਰਮੀ ਵਧਾ ਦਿੱਤੀ ਹੈ।