ਅਹਿਮਦਾਬਾਦ: ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਭਲਕੇ ਸ਼ੁੱਕਰਵਾਰ ਨੂੰ ਇਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੀਆਂ ਨਜ਼ਰਾਂ ਲੜੀ ਜਿੱਤਣ ਤੋਂ ਇਲਾਵਾ ਇਸ ਸਾਲ ਭਾਰਤ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਢੁਕਵਾਂ ਮੇਲ ਲੱਭਣ ’ਤੇ ਲੱਗੀਆਂ ਹੋਈਆਂ ਹਨ। ਕਪਤਾਨ ਵਿਰਾਟ ਕੋਹਲੀ ਦਾ ਮੁੱਖ ਟੀਚਾ ਇਸ ਲੜੀ ਜ਼ਰੀਏ ਅਕਤੂਬਰ ਵਿੱਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਮੁੱਖ ਖਿਡਾਰੀਆਂ ਦੀ ਪਛਾਣ ਕਰਨਾ ਹੋਵੇਗਾ। ਲੜੀ ਦੌਰਾਨ ਫਲੈਟ ਪਿੱਚਾਂ ਬਣਨ ਦੀ ਸੰਭਾਵਨਾ ਹੈ, ਅਜਿਹੇ ਵਿੱਚ ਭਾਰਤੀ ਗੇਂਦਬਾਜ਼ਾਂ ਦਾ ਰਾਹ ਸੌਖਾ ਨਹੀਂ ਹੋਵੇਗਾ। 2019 ਵਿਸ਼ਵ ਕੱਪ ਦੇ ਤਜਰਬੇ ਨੂੰ ਦੇਖਦਿਆਂ ਕੋਹਲੀ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਚਾਹੁਣਗੇ ਕਿ ਉਹ ਫ਼ੈਸਲਾ ਕਰ ਲੈਣ ਕਿ ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕੌਣ ਕਰੇਗਾ। ਟੀਮ ਕੋਲ ਲੋਕੇਸ਼ ਰਾਹੁਲ ਅਤੇ ਸਿਖਰ ਧਵਨ ਦੇ ਰੂਪ ਵਿੱਚ ਦੋ ਖਿਡਾਰੀ ਮੌਜੂਦ ਹਨ। ਭਾਰਤ ਕੋਲ ਉਪ ਕਪਤਾਨ ਰੋਹਿਤ ਤੋਂ ਇਲਾਵਾ ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਵਰਗੇ ਹਮਲਾਵਰ ਬੱਲੇਬਾਜ਼ ਹਨ ਜਦਕਿ ਇੰਗਲੈਂਡ ਕੋਲ ਕਪਤਾਨ ਇਓਨ ਮੋਰਗਨ, ਬੈੱਨ ਸਟੋਕਸ, ਜੋਸ ਬਟਲਰ, ਡੇਵਿਡ ਮਲਾਨ ਅਤੇ ਜੇਸਨ ਰੌਏ ਵਰਗੇ ਬੱਲੇਬਾਜ਼ ਹਨ। ਤੇਜ਼ ਗੇਂਦਬਾਜ਼ੀ ਦੀ ਅਗਵਾਈ ਭੁਵਨੇਸ਼ਵਰ ਕੁਮਾਰ ਕਰੇਗਾ ਜਦਕਿ ਸਪਿੰਨਰ ਯੁਜ਼ਵੇਂਦਰ ਚਾਹਲ ਉਸ ਦਾ ਸਾਥ ਦੇਵੇਗਾ। ਇੰਗਲੈਂਡ ਕੋਲ ਜੋਫਰਾ ਆਰਚਰ, ਮਾਰਕ ਵੁੱਡ, ਕ੍ਰਿਸ ਜੌਰਡਨ ਵਰਗੇ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਸਪਿੰਨਰ ਆਦਿਲ ਰਾਸ਼ਿਦ ਵੀ ਹੈ, ਜਿਸ ਕਰਕੇ ਭਾਰਤ ਦੀ ਜਿੱਤ ਦਾ ਰਾਹ ਸੌਖਾ ਨਹੀਂ ਹੋਣ ਵਾਲਾ। -ਪੀਟੀਆਈ