ਮੁੰਬਈ, 11 ਮਾਰਚ
ਇੰਟੀਰੀਅਰ ਡਿਜ਼ਾਈਨਰ ਅਨਵਯ ਨਾਇਕ ਦੇ ਪਰਿਵਾਰ ਨੇ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਕੇਸ ਦੀ ਜਾਂਚ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਅਨਵਯ ਨੇ 2018 ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ ਅਤੇ ਖੁਦਕੁਸ਼ੀ ਦੇ ਮਾਮਲੇ ’ਚ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਦੋ ਹੋਰਾਂ ਨੂੰ ਪਿਛਲੇ ਸਾਲ 4 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਦਿਨਾਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਉਂਜ ਭਾਜਪਾ ਦਾ ਦਾਅਵਾ ਹੈ ਕਿ ਸੁਪਰੀਮ ਕੋਰਟ ਨੇ ਇਸ ਕੇਸ ’ਚ ਪਹਿਲਾਂ ਹੀ ਫ਼ੈਸਲਾ ਸੁਣਾ ਦਿੱਤਾ ਹੈ ਅਤੇ ਪਿਛਲੀ ਸਰਕਾਰ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਅਨਵਯ ਨਾਇਕ ਦੀ ਧੀ ਅਦਨਯਾ ਅਤੇ ਪਤਨੀ ਅਕਸ਼ਤਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਏ ਹਨ ਕਿ ਅਨਵਯ ਦੀ ਖੁਦਕੁਸ਼ੀ ਕੇਸ ਨੂੰ ਪਿਛਲੀ ਸਰਕਾਰ ਨੇ 100 ਫ਼ੀਸਦੀ ਦਬਾਇਆ ਹੈ ਅਤੇ ਇਸ ਕੇਸ ਦੀ ਨਵੇਂ ਸਿਰੇ ਤੋਂ ਜਾਂਚ ਹੋਣੀ ਚਾਹੀਦੀ ਹੈ। ਅਦਨਯਾ ਨੇ ਕਿਹਾ ਕਿ ਤਤਕਾਲੀ ਜਾਂਚ ਅਧਿਕਾਰੀ ਨੇ ਕੇਸ ਬੰਦ ਕਰਨ ਵਾਲੇ ਫਾਰਮ ’ਤੇ ਜਬਰੀ ਉਨ੍ਹਾਂ ਦੇ ਦਸਤਖ਼ਤ ਲੈਣ ਦੀ ਕੋਸ਼ਿਸ਼ ਕੀਤੀ ਸੀ। ਅਕਸ਼ਤਾ ਨਾਇਕ ਨੇ ਕਿਹਾ ਕਿ ਇਹ ਕਿਸ ਦੀ ਸ਼ਹਿ ’ਤੇ ਹੋ ਰਿਹਾ ਸੀ ਅਤੇ ਪੁਲੀਸ ਨੂੰ ਪਿਛਲੀ ਸਰਕਾਰ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਸੂਬਾ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜਿਸ ਦਾ ਪਰਿਵਾਰ ਨੇ ਸਵਾਗਤ ਕੀਤਾ ਹੈ।
ਅਦਨਯਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਉਸ ਦੇ ਪਿਤਾ ਦੇ ਕੇਸ ’ਚ ਸਿਰਫ਼ ਅੰਤਰਿਮ ਜ਼ਮਾਨਤ ਦਿੱਤੀ ਹੈ ਅਤੇ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ। -ਪੀਟੀਆਈ