ਅਮਰ ਗਰਗ ਕਲਮਦਾਨ
ਕਿਸਾਨ ਪਰਿਵਾਰ ਦੇ ਪੁੱਤਰ ਗੁਰਦੀਪ ਸਿੰਘ ਨੂੰ ਪਿਆਰ ਨਾਲ ਸਾਰੇ ਗੋਗੀ ਕਹਿੰਦੇ ਸਨ। ਉਹ ਅੱਠਵੀਂ ਜਮਾਤ ਵਿਚ ਹੋਇਆ ਸੀ। ਬਾਪੂ ਕਰਨੈਲ ਸਿੰਘ ਖੇਤੀ ਤਾਂ ਕਰਦਾ ਸੀ, ਪਰ ਨਸ਼ੇ ਦਾ ਆਦੀ ਹੋਣ ਕਾਰਨ ਫ਼ਸਲ ਵਿਚੋਂ ਕਮਾਈ ਤਾਂ ਕੀ ਹੋਣੀ ਸੀ, ਆਈ ਛਿਮਾਹੀ ਕਰਜ਼ਾ ਚੜ੍ਹਦਾ ਜਾ ਰਿਹਾ ਸੀ। ਸਰਪੰਚ ਹਰਨੇਕ ਸਿੰਘ ਉਸ ਦਾ ਆੜ੍ਹਤੀਆ ਸੀ। ਕਰਨੈਲ ਸਿੰਘ ਦੀ ਵੀਹ ਵਿੱਘੇ ਜ਼ਮੀਨ ਵੇਖ ਕੇ ਕਰਜ਼ੇ ਦੇ ਖੁੱਲ੍ਹੇ ਗੱਫੇ ਦੇ ਦਿੰਦਾ ਸੀ। ਭਾਵੇਂ ਘਰ ਵਿਚ ਕਪਾਹ ਦਾ ਢੇਰ ਲੱਗ ਜਾਂਦਾ ਸੀ, ਪਰ ਗੋਗੀ ਦੀ ਬੇਬੇ ਸੰਤੋ ਆਪਣੀ ਰਜਾਈ ਨਹੀਂ ਸੀ ਬਣਾ ਸਕੀ। ‘‘ਬੇੇਬੇ, ਖੇਸ ਜੋੜਨ ਨਾਲ ਠੰਢ ਨਹੀਂ ਰੁਕਦੀ, ਤੂੰ ਮੇਰੇ ਵਾਲੀ ਰਜਾਈ ਲੈ ਲਾ, ਇਹ ਖੇਸਾਂ ਦਾ ਜੋੜਾ ਮੈਨੂੰ ਦੇ ਦੇ।’’ ਗੋਗੀ ਬੋਲਿਆ। ‘‘ਨਹੀਂ ਪੁੱਤ, ਮੈਂ ਤਾਂ ਬਿਲਕੁਲ ਠੀਕ ਹਾਂ, ਜਵਾਕਾਂ ਨੂੰ ਠੰਢ ਜ਼ਿਆਦਾ ਲੱਗਦੀ ਹੈ।’’ ਗੋਗੀ ਰਾਤ ਨੂੰ ਉੱਠਿਆ, ਪੇਟੀ ਤੋਂ ਦੋੜਾ ਉਤਾਰ ਕੇ ਬੇਬੇ ’ਤੇ ਦੇ ਦਿੱਤਾ।
‘‘ਆਹ ਕੀ ਕਰੀ ਜਾਨਾ, ਸ਼ਲਗਮਾਂ ਨੂੰ ਬਿਨਾਂ ਛਿੱਲੇ ਹੀ ਚੀਰੀ ਜਾਨਾ। ਜੇ ਸਬਜ਼ੀ ਖਾਣੀ ਹੈ ਤਾਂ ਮੈਂ ਬਣਾ ਦਿੰਦੀ ਹਾਂ,’’ ਸੰਤੋ ਬੋਲੀ। ‘‘ਬੇਬੇ, ਮੈਂ ਇਹ ਸ਼ਲਗਮ ਤੇਰੇ ਲਈ ਚੀਰ ਰਿਹਾ ਹਾਂ। ਅੱਜ ਸਾਡੇ ਮਾਸਟਰ ਜੀ ਨੇ ਦੱਸਿਆ ਹੈ ਬਈ ਸ਼ਲਗਮਾਂ ਨੂੰ ਪਾਣੀ ’ਚ ਉਬਾਲ ਕੇ ਅਤੇ ਉਸ ਪਾਣੀ ਨਾਲ ਪੈਰ ਧੋਣ ਨਾਲ ਬਿਆਈਆਂ ਠੀਕ ਹੋ ਜਾਂਦੀਆਂ ਹਨ। ਤੂੰ ਦੇਖੀਂ ਦੋ ਦਿਨਾਂ ’ਚ ਤੇਰੀਆਂ ਬਿਆਈਆਂ ਠੀਕ ਹੋ ਜਾਣਗੀਆਂ।’’ ਗੋਗੀ ਗਰਮ ਪਾਣੀ ਵਿਚ ਦਸ-ਬਾਰਾਂ ਡੀਜ਼ਲ ਦੀਆਂ ਬੂੰਦਾਂ ਪਾ ਕੇ ਬੇਬੇ ਦੇ ਪੈਰ ਧੋਂਦਾ ਹੈ।
ਬੇੇਬੇ ਨੂੰ ਘੁੱਟ ਕੇ ਜੱਫੀ ਪਾ ਕੇ ਉਹ ਕਹਿਣ ਲੱਗਾ, ‘‘ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਦਵਾਈ ਪੀ ਕੇ ਤੈਥੋਂ ਪਹਿਲਾਂ ਮਰ ਜਾਵਾਂਗਾ। ਫੇਰ ਰੱਬ ਕੋਲ ਜਾ ਕੇ ਇਕੱਠੇ ਹੋ ਜਾਵਾਂਗੇ।’’ ਸੰਤੋ ਕਹਿਣ ਲੱਗੀ, ‘‘ਇਉਂ ਨਹੀਂ ਕਹੀਦਾ। ਮੈਂ ਤਾਂ ਆਪਣੀ ਜ਼ਿੰਦਗੀ ਹੰਢਾ ਲਈ ਹੈ, ਤੇਰੀ ਤਾਂ ਹਾਲੇ ਸ਼ੁਰੂ ਹੋਈ ਹੈ। ਪੂਰੇ ਲਾਡਾਂ ਚਾਵਾਂ ਨਾਲ ਤੇਰਾ ਵਿਆਹ ਕਰੂੰਗੀ।’’ ਗੋਗੀ ਬੋਲਿਆ, ‘‘ਬੇਬੇ, ਤੇਰੇ ਸੰਦੂਕ ’ਚ ਇੱਕ ਘੱਗਰਾ ਅਤੇ ਕੁੜਤੀ ਪਈ ਹੈ। ਤੂੰ ਕਦੇ ਪਾਇਆ ਤਾਂ ਹੈ ਨੀ। ਇੱਕ ਦਿਨ ਪਾ ਹੀ ਲੈ। ਮੈਂ ਤੈਨੂੰ ਘੱਗਰੇ ’ਚ ਵੇਖਣਾ ਚਾਹੁੰਨਾ।’’
‘‘ਸੰਤਾਂ ਦੀ ਬਰਸੀ ਵੇਲੇ ਡੇਰੇ ’ਚ ਮੱਥਾ ਟੇਕਣ ਜਾਊਂ, ਉਸ ਦਿਨ ਪਾ ਲਵਾਂਗੀ, ਦੇਖ ਲਵੀਂ,’’ ਸੰਤੋ ਨੇ ਕਿਹਾ।
ਉੱਧਰ ਕਰਨੈਲ ਸਿੰਘ ਉੱਪਰ ਕਰਜ਼ਾ ਵਧਦਾ ਜਾ ਰਿਹਾ ਸੀ। ਸਰਪੰਚ ਹਰਨੇਕ ਸਿੰਘ ਸਮਝਾਉਂਦਿਆਂ ਕਹਿਣ ਲੱਗਾ, ‘‘ਕੈਲਿਆ, ਵੇਖ ਜੇ ਤੂੰ ਅੱਜ ਜ਼ਮੀਨ ਦੇ ਦੇਵੇਂਗਾ ਤਾਂ ਕਰਜ਼ਾ ਉਤਾਰ ਕੇ ਪੰਜ ਵਿੱਘੇ ਬਚ ਜਾਊਗੀ। ਜੇ ਤੂੰ ਦੋ ਸਾਲ ਹੋਰ ਨਾ ਤਾਰਿਆ ਤਾਂ ਰਹਿੰਦੀ ਪੰਜ ਵਿੱਘੇ ਵੀ ਚਲੀ ਜਾਵੇਗੀ। ਮੈਂ ਤਾਂ ਤੇਰੇ ਗੋਗੀ ਬਾਰੇ ਸੋਚ ਰਿਹਾ ਹਾਂ, ਕਿਤੇ ਇਹ ਬਿਲਕੁਲ ਬੇਜ਼ਮੀਨਾ ਹੀ ਨਾ ਰਹਿ ਜਾਵੇ।’’ ਕਰਨੈਲ ਸਿੰਘ ਕਈ ਦਿਨ ਗੁੰਮ-ਸੁੰਮ ਹੋਇਆ ਸੋਚਦਾ ਰਿਹਾ। ਆਖ਼ਰ ਨੂੰ ਫ਼ੈਸਲਾ ਕਰ ਲਿਆ, ਪੰਦਰਾਂ ਵਿੱਘੇ ਜ਼ਮੀਨ ਸਰਪੰਚ ਨੂੰ ਦੇ ਦਿੱਤੀ। ਗੋਗੀ ਤਾਂ ਹਾਲੇ ਨਿਆਣਾ ਸੀ। ਕਰਨੈਲ ਸਿੰਘ ਨੇ ਸੰਤੋ ਨੂੰ ਆਪਣੀਆਂ ਦਲੀਲਾਂ ਨਾਲ ਸਹਿਮਤ ਕਰਵਾ ਲਿਆ।
ਕਰਨੈਲ ਸਿੰਘ ਦਾ ਮਨ ਹੁਣ ਖੇਤੀ ਤੋਂ ਉਚਾਟ ਰਹਿਣ ਲੱਗਿਆ। ਨਸ਼ਾ ਵੀ ਵਧ ਗਿਆ ਸੀ। ਚੜ੍ਹਦੇ ਸਿਆਲ ਹੀ ਮੰਜੇ ’ਚ ਪੈ ਗਿਆ। ਖੰਘ ਇੰਨੀ ਵਿਗੜ ਗਈ, ਮਰ ਕੇ ਹੀ ਖਹਿੜਾ ਛੁੱਟਿਆ। ਗੋਗੀ ਨੂੰ ਦੇਖਦੇ ਹੋਏ ਸੰਤੋ ਕਰਨੈਲ ਸਿੰਘ ਦੇ ਵਿਛੋੜੇ ਦਾ ਦੁੱਖ ਭੁੱਲ ਗਈ।
ਉੱਧਰ ਗੋਗੀ 10ਵੀਂ ਵਿਚ ਹੋ ਗਿਆ ਸੀ। ਪੜ੍ਹਨ ਵਿਚ ਹੁਸ਼ਿਆਰ ਸੀ। ਬੱਸ ਘਰਦੀਆਂ ਮੁਸੀਬਤਾਂ ਹੀ ਪਿੱਛੇ ਨੂੰ ਖਿੱਚ ਰਹੀਆਂ ਸਨ। ਸੰਤੋ ਬੋਲੀ, ‘‘ਪੁੱਤ ਹੁਣ ਆਪਣੇ ਕੋਲ ਪੰਜ ਵਿੱਲੇ ਜ਼ਮੀਨ ਹੈ। ਮੈਂ ਚਾਹੁੰਦੀ ਹਾਂ ਤੂੰ ਅੱਗੇ ਪੜ੍ਹਾਈ ਕਰੇਂ। ਜੇ ਲੋੜ ਪਈ ਤਾਂ ਇਹ ਜ਼ਮੀਨ ਤੇਰੀ ਪੜ੍ਹਾਈ ਵਿਚ ਖਰਚ ਕਰ ਦੇਵਾਂਗੀ। ਤੂੰ ਪੜ੍ਹ ਲਿਖ ਕੇ ਕੋਈ ਅਫ਼ਸਰ ਬਣ ਜਾਣਾ, ਚਾਹੇ ਬਾਹਰ ਨੂੰ ਚਲੇ ਜਾਣਾ।’’ ‘‘ਨਹੀਂ ਬੇਬੇ, ਮੈਂ ਤੈਨੂੰ ਇੱਥੇ ਇਕੱਲੀ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ।’’ ਗੋਗੀ ਕਹਿਣ ਲੱਗਾ।
ਅਗਲੇ ਦਿਨ ਗੋਗੀ ਭੱਜਿਆ ਆਇਆ। ਆਪਣੀ ਬੇਬੇ ਨੂੰ ਜੱਫੀ ’ਚ ਲੈ ਕੇ ਬੋਲਿਆ, ‘‘ਬੇਬੇ, ਅੱਜ ਮੇਰਾ ਨਤੀਜਾ ਆ ਗਿਆ। ਸਾਰੇ ਸਕੂਲ ’ਚੋਂ ਪਹਿਲੇ ਨੰਬਰ ’ਤੇ ਆਇਆ ਹਾਂ।’’ ‘‘ਪੁੱਤ ਮੈਂ ਤਾਂ ਬਹੁਤ ਖ਼ੁਸ਼ ਹਾਂ। ਤੂੰ ਇਸੇ ਤਰ੍ਹਾਂ ਹੀ ਪੜ੍ਹਦਾ ਰਹੇਂ,’’ ਸੰਤੋ ਕਹਿਣ ਲੱਗੀ।
ਹਾਲੇ ਗੋਗੀ ਅੱਗੇ ਦੀ ਪੜ੍ਹਾਈ ਲਈ ਤਿਆਰੀ ਕਰ ਹੀ ਰਿਹਾ ਸੀ ਕਿ ਸੰਤੋ ਨੂੰ ਇੱਕ ਭਿਅੰਕਰ ਬਿਮਾਰੀ ਨੇ ਘੇਰ ਲਿਆ। ਇਹ ਬਿਮਾਰੀ ਪਿੰਡ ਦੀਆਂ ਕਈ ਔਰਤਾਂ ਨੂੰ ਹੋ ਚੁੱਕੀ ਸੀ। ਗੋਗੀ ਆਪਣੀ ਬੇਬੇ ਨੂੰ ਕਈ ਡਾਕਟਰਾਂ ਕੋਲ ਲੈ ਕੇ ਗਿਆ। ਸਾਰੇ ਹੀ ਡਾਕਟਰਾਂ ਨੇ ਛਾਤੀ ਦਾ ਕੈਂਸਰ ਦੱਸਿਆ। ਡਾਕਟਰਾਂ ਨੇ ਆਪਰੇਸ਼ਨ ਕਰ ਕੇ ਉਸ ਨੂੰ ਬਚਾ ਲਿਆ। ਸਿਰ ਦੇ ਸਾਰੇ ਵਾਲ ਵੀ ਝੜ ਗਏ। ਗੋਗੀ ਭਾਵੇਂ ਹਾਲੇ ਬੱਚਾ ਸੀ, ਪਰ ਉਸ ਦਾ ਦਿਲ ਭਾਰੀ ਦੁੱਖ ਵਿਚ ਡੁੱਬ ਚੁੱਕਾ ਸੀ। ਉਸ ਲਈ ਉਸ ਦੀ ਬੇਬੇ ਜਿਉਂਦਾ-ਜਾਗਦਾ ਰੱਬ ਸੀ।
ਹਸਪਤਾਲ ਵਿਚੋਂ ਬੇਬੇ ਨੂੰ ਘਰ ਆਇਆਂ ਇੱਕ ਮਹੀਨਾ ਹੋ ਚੁੱਕਾ ਸੀ। ਬੇਬੇ ਦਾ ਦਿਲ ਬੈਠਿਆ ਜਾ ਰਿਹਾ ਸੀ। ਗੋਗੀ ਸਵੇਰ ਦਾ ਨਿਕਲਿਆ, ਹਾਲੇ ਤੱਕ ਘਰ ਨਹੀਂ ਆਇਆ, ਸੂਰਜ ਵੀ ਡੁੱਬ ਗਿਆ। ਆਂਢ-ਗੁਆਂਢ ਤੋਂ ਵੀ ਪੁੱਛਿਆ, ਕੋਈ ਪਤਾ ਨਾ ਲੱਗਿਆ। ਸ਼ਾਮ ਦੇ ਸੱਤ ਵੱਜ ਚੁੱਕੇ ਸਨ। ਮੁੂੰਹ-ਪੈਰ ਮਿੱਟੀ ਨਾਲ ਲਬਿੜੇ, ਗੋਗੀ ਆਪਣੀ ਬੇਬੇ ਨਾਲ ਆ ਕੇ ਲਿਪਟ ਗਿਆ।
ਬੇਬੇ ਆਕੜ ਕੇ ਬੋਲੀ, ‘‘ਪਹਿਲਾਂ ਇਹ ਦੱਸ ਕਿੱਥੇ ਚਲਾ ਗਿਆ ਸੀ? ਤੂੰ ਕੀ ਜਾਣੇ ਮਾਂ ਦੇ ਦਿਲ ਨੂੰ, ਦਿਨ ਵਿਚ ਕਈ ਵਾਰ ਰੋਣਾ ਨਿਕਲ ਗਿਆ।’’ ‘‘ਬੇਬੇ ਤੇਰੇ ਕੋਲ ਝੂਠ ਨਹੀਂ ਬੋਲਦਾ, ਸਰਪੰਚਾਂ ਦੇ ਟਰੈਕਟਰ ’ਤੇ ਲੱਗ ਗਿਆ ਹਾਂ। ਦੇਖ ਆਪਣੇ ’ਤੇ ਕਰਜ਼ਾ ਹੀ ਕਰਜ਼ਾ ਚੜ੍ਹਦਾ ਜਾ ਰਿਹਾ ਹੈ। ਪੰਜ ਵਿੱਘਿਆਂ ਨਾਲ ਇੰਨਾ ਕਰਜ਼ਾ ਨਹੀਂ ਉਤਰ ਸਕਦਾ, ਬਾਪੂ ਵੇਲੇ ਦਾ ਵੀ ਖੜ੍ਹਾ ਹੈ।’’ ‘‘ਪੁੱਤ, ਮੇਰੇ ਤਾਂ ਸਾਰੇ ਅਰਮਾਨ ਮਿੱਟੀ ’ਚ ਮਿਲ ਗਏ, ਮੈਂ ਤੈਨੂੰ ਅਫ਼ਸਰ ਦੇਖਣਾ ਚਾਹੁੰਦੀ ਸੀ।’’ ‘‘ਨਹੀਂ ਬੇਬੇ, ਸਰਪੰਚਾਂ ਕੋਲੋਂ ਜੋ ਪੈਸੇ ਮਿਲਣਗੇ, ਮੈਂ ਤੇਰੇ ’ਤੇ ਖਰਚ ਕਰਾਂਗਾ। ਮੈਂ ਇੰਨੀ ਕਮਾਈ ਕਰਾਂਗਾ ਤੇਰੇ ਸਾਰੇ ਦੁੱਖ ਤੋੜ ਦਿਆਂਗਾ।’’
ਗੋਗੀ ਨੂੰ ਟਰੈਕਟਰ ’ਤੇ ਲੱਗਿਆਂ ਛੇ ਮਹੀਨੇ ਹੋ ਚੱਲੇ ਸਨ। ਸੰਤੋ ਦੇ ਵਾਲ ਮੁੜ ਆ ਗਏ ਸਨ। ਸਰਪੰਚਾਂ ਦਾ ਵੱਡਾ ਬਾਪੂ ਗੋਗੀ ਨੂੰ ਕਹਿਣ ਲੱਗਾ, ‘‘ਮੈਨੂੰ ਪਿੰਡ ਵਾਲੇ ਬੈਂਕ ਵਿਚ ਲੈ ਕੇ ਚੱਲ, ਪੈਸੇ ਕਢਾਉਣੇ ਹਨ, ਕਹਿੰਦੇ ਨੇ ਜੇ ਨਾ ਕਢਵਾਏ ਤਾਂ ਦੂਜੀ ਵਾਰ ਨਹੀਂ ਆਉਂਦੇ।’’ ਦਿੱਲੀ ਬਾਰਡਰ ’ਤੇ ਕਿਸਾਨ ਮੋਰਚਾ ਚੱਲ ਰਿਹਾ ਸੀ। ਮੋਰਚੇ ਲਈ ਪਿੰਡਾਂ ਵਿਚੋਂ ਦੁੱਧ, ਸਬਜ਼ੀਆਂ ਅਤੇ ਆਟਾ-ਚੌਲ ਲੋਕ ਟਰਾਲੀਆਂ ਵਿਚ ਲੱਦ ਕੇ ਲਿਜਾ ਰਹੇ ਸਨ।
ਸੂਰਜ ਢਲ ਚੁੱਕਾ ਸੀ। ਗੋਗੀ ਆਪਣੀ ਬੇਬੇ ਨੂੰ ਕਹਿਣ ਲੱਗਾ, ‘‘ਬੇਬੇ, ਕੱਲ੍ਹ ਨੂੰ ਅਸੀਂ ਸਬਜ਼ੀਆਂ ਲੈ ਕੇ ਬਾਰਡਰ ’ਤੇ ਜਾਣਾ ਹੈ। ਮੈਨੂੰ ਦੋ ਦਿਨ ਲੱਗਣਗੇ। ਕੰਪਨੀਆਂ ਵਾਲੇ ਰੋਕਣੇ ਨੇ, ਨਹੀਂ ਤਾਂ ਪੰਜਾਬ ਨੂੰ ਖਾ ਜਾਣਗੇ।’’ ‘‘ਪੁੱਤ, ਪਿੰਡ-ਪਿੰਡ ਜਿਹੜੀਆਂ ਦੇਸੀ ਕੰਪਨੀਆਂ ਬੈਠੀਆਂ ਨੇ ਉਨ੍ਹਾਂ ਨੂੰ ਕੌਣ ਰੋਕੂ? ਆਪਾਂ ਨੂੰ ਤਾਂ ਇਨ੍ਹਾਂ ਦੇਸੀ ਕੰਪਨੀਆਂ ਨੇ ਖਾ ਲਿਆ। ਇਉਂ ਕਰੀਂ ਸੰਭਲ ਕੇ ਜਾਈਂ। ਮੈਨੂੰ ਦੇਖਣ ਨੂੰ ਤਾਂ ਤੂੰ ਹੀ ਹੈਂ।’’ ‘‘ਬੇਬੇ, ਮੈਂ ਸਰਪੰਚ ਦਾ ਕਹਿਣਾ ਨਹੀਂ ਮੋੜ ਸਕਦਾ, ਨਾਲੇ ਸਾਰਾ ਪਿੰਡ ਜਾ ਆਇਆ, ਮੈਂ ਹੀ ਰਹਿ ਗਿਆ। ਸਰਪੰਚ ਵੀ ਨਾਲ ਜਾ ਰਿਹਾ ਹੈ।’’
ਚਿੜੀਆਂ ਦੀ ਚੀਂ-ਚੀਂ ਹੋਣ ਲੱਗ ਪਈ ਸੀ। ਹਾਲੇ ਵੀ ਹਨੇਰਾ ਪਸਰਿਆ ਸੀ। ਗੋਗੀ ਤਿਆਰ ਹੋ ਕੇ ਸਰਪੰਚਾਂ ਦੇ ਪਹੁੰਚ ਗਿਆ। ਸਰਪੰਚ ਬੋਲਿਆ, ‘‘ਆ ਗਿਆ ਗੋਗੀ, ਬੋਲ ਕਿਹੜਾ ਟਰੈਕਟਰ ਹੱਕਣਾ ਹੈ?’’ ‘‘ਸਰਦਾਰ ਜੀ, ਵੱਡਾ ਅਰਜਨ ਹੀ ਲੈ ਕੇ ਚੱਲਾਂਗੇ,’’ ਗੋਗੀ ਬੋਲਿਆ। ‘‘ਦੇਖ ਹਾਲੇ ਪਿਛਲੇ ਮਹੀਨੇ ਹੀ ਕਢਵਾਇਆ ਹੈ, ਸੰਭਲ ਕੇ ਚਲਾਉਣਾ ਪਊ,’’ ਸਰਪੰਚ ਕਹਿਣ ਲੱਗਾ। ‘‘ਮੇਰੀ ਡਰਾਈਵਰੀ ਤਾਂ ਤੁਸੀਂ ਦੇਖ ਹੀ ਲਈ ਹੈ। ਤੁਸੀਂ ਫ਼ਿਕਰ ਨਾ ਕਰੋ। ਨਾਲੇ ਤੁਹਾਡੇ ਨਾਲ ਤਾਂ ਵੱਡਾ ਟਰੈਕਟਰ ਹੀ ਜਚੇਗਾ,’’ ਉਸ ਨੇ ਜਵਾਬ ਦਿੱਤਾ।
ਦੁਪਹਿਰ ਚੜ੍ਹ ਚੁੱਕੀ ਸੀ, ਪਰ ਸੂਰਜ ਬੱਦਲਾਂ ਵਿਚ ਛੁਪਿਆ ਸੀ। ਹਲਕੀ-ਹਲਕੀ ਬੂੰਦਾ-ਬਾਂਦੀ ਹੋ ਰਹੀ ਸੀ। ਇਕ ਘੰਟੇ ਦਾ ਸਫ਼ਰ ਬਾਕੀ ਸੀ। ਹਰਨੇਕ ਸਿੰਘ ਨੇ ਟਰੈਕਟਰ ਰੁਕਵਾਇਆ, ਕਹਿਣ ਲੱਗਾ, ‘‘ਹਵਾ ਬਹੁਤ ਤਿੱਖੀ ਚੱਲ ਰਹੀ ਹੈ, ਮੈਂ ਤਾਂ ਟਰਾਲੀ ’ਚ ਬੈਠਦਾ ਹਾਂ।’’
ਹੋਰ ਬਹੁਤ ਸਾਰੇ ਟਰੈਕਟਰ ਅੱਗੇ ਵਧ ਰਹੇ ਸਨ। ਟਰੈਕਟਰ ਇਕਹਿਰੇ ਪੁਲ ਉਪਰ ਚੜ੍ਹ ਰਿਹਾ ਸੀ। ਅਚਾਨਕ ਇਕ ਟਰਾਲਾ ਸਿੱਧਾ ਹੀ ਗੋਗੀ ਦੇ ਟਰੈਕਟਰ ਵਿਚ ਆ ਵੱਜਾ। ਟਰੈਕਟਰ ਦਾ ਚੂਰ-ਚੂਰ ਹੋ ਗਿਆ। ਸਰਪੰਚ ਟਰਾਲੀ ’ਚ ਸਬਜ਼ੀਆਂ ਕੋਲ ਬੈਠਾ ਸੀ ਤਾਂ ਬਚ ਗਿਆ, ਪਰ ਟਰੈਕਟਰ ਅਤੇ ਗੋਗੀ ਪੂਰੀ ਤਰ੍ਹਾਂ ਮਿੱਧੇ ਗਏ। ਗੋਗੀ ਦੀ ਫੋਟੋ ਦੂਜੇ ਸ਼ਹੀਦ ਕਿਸਾਨਾਂ ਨਾਲ ਜੁੜ ਗਈ। ਜਦੋਂ ਸੰਤੋ ਕੋਲ ਖ਼ਬਰ ਪਹੁੰਚੀ ਤਾਂ ਉਹ ਸੁੰਨ ਹੋ ਗਈ। ਉਸ ਦਾ ਸਭ ਕੁਝ ਲੁੱਟ ਚੁੱਕਾ ਸੀ।
ਸਸਕਾਰ ਵੇਲੇ ‘ਸ਼ਹੀਦ ਕਿਸਾਨ ਗੋਗੀ ਅਮਰ ਰਹੇ’ ਦੇ ਨਾਅਰੇ ਲੱਗ ਰਹੇ ਸਨ। ਸੰਤੇ ਨੇ ਜ਼ੋਰ ਲਾ ਰੱਖਿਆ ਸੀ ਕਿ ਲੋਕ ਉਸ ਨੂੰ ਬਲ ਰਹੀ ਚਿਤਾ ਵੱਲ ਜਾਣ ਦੇਣ। ਉਸ ਦਾ ਕੋਈ ਵੱਸ ਨਹੀਂ ਚੱਲ ਰਿਹਾ ਸੀ।
ਅਗਲੇ ਦਿਨ ਜਦੋਂ ਖਾਨਦਾਨ ਦੇ ਲੋਕ ਫੁੱਲ ਚੁੱਕਣ ਗਏ ਤਾਂ ਦੂਰੋਂ ਦੇਖਿਆ, ਕੋਈ ਔਰਤ ਜਾਮਨੀ ਘੱਗਰਾ ਪਾਈ ਚਿਤਾ ਕੋਲ ਕੁਝ ਬੋਲ ਰਹੀ ਸੀ। ਨੇੜੇ ਜਾ ਕੇ ਦੇਖਿਆ, ਇਹ ਸੰਤੋ ਸੀ ਜੋ ਹਨੇਰੇ ਹੀ ਉੱਥੇ ਪਹੁੰਚ ਗਈ ਸੀ। ਰੋਂਦੀ ਹੋਈ ਬੋਲ ਰਹੀ ਸੀ, ‘‘ਪੁੱਤ, ਮੈਂ ਘੱਗਰਾ ਤੇ ਕੁੜਤੀ ਪਾ ਕੇ ਆਈ ਹਾਂ। ਉੱਠ ਦੇਖ ਤੇਰੀ ਬੇਬੇ ਕਿੰਨੀ ਸੋਹਣੀ ਲੱਗ ਰਹੀ ਹੈ।’’ ਚਿਤਾ ਦੀ ਰਾਖ ਨਾਲ ਮੂੰਹ ਕਾਲਾ ਕਰ ਰੱਖਿਆ ਸੀ। ਲੋਕਾਂ ਨੇ ਉਸ ਨੂੰ ਸੰਭਾਲਿਆ।
ਤਿੰਨ ਦਿਨਾਂ ਬਾਅਦ ਸਰਪੰਚ ਸੰਤੋ ਦੇ ਘਰ ਆਇਆ। ਕਹਿਣ ਲੱਗਾ, ‘‘ਸਾਰਾ ਪਿੰਡ ਤੇੇਰੇ ਨਾਲ ਹੈ, ਦੁੱਖ ਆਪਣੀ ਥਾਂ ਹਨ, ਪਰ ਦੁਨੀਆਦਾਰੀ ਤਾਂ ਚਲਦੀ ਰਹਿੰਦੀ ਹੈ। ਇਹ ਟਰੈਕਟਰ ਅਸੀਂ ਇਕ ਮਹੀਨਾ ਪਹਿਲਾਂ ਹੀ ਕਢਵਾਇਆ ਸੀ। ਬੜੇ ਚਾਅ ਨਾਲ ਲਿਆ ਸੀ। ਮੈਂ ਗੋਗੀ ਨੂੰ ਬਥੇਰਾ ਕਿਹਾ ਬਈ ਰਾਣਾ ਟਰੈਕਟਰ ਲੈ ਚਲਦੇ ਹਾਂ। ਮੰਨਿਆ ਹੀ ਨਹੀਂ। ਆਹ ਲੈ ਇਨ੍ਹਾਂ ਕਾਗਜ਼ਾਂ ’ਤੇ ਅੰਗੂਠਾ ਲਗਾ ਦੇ। ਪੰਜ ਵਿੱਘੇ ਜ਼ਮੀਨ ਨਾਲ, ਨਾਲੇ ਤਾਂ ਕੈਲੇ ਵੇਲੇ ਦਾ ਕਰਜ਼ਾ ਉੱਤਰ ਜਾਊ, ਨਾਲੇ ਅਸੀਂ ਨਵਾਂ ਟਰੈਕਟਰ ਵੀ ਲੈਣਾ ਹੈ ਸਰਦਾ ਨਹੀਂ। ਅਰਜਨ ਕਿਆਂ ਨੇ ਕਈ ਵਾਰ ਟੋਕ ਦਿੱਤਾ ਕਹਿੰਦੇ ਨੇ ਕੈਲੇ ਵੱਲ ਨਸ਼ੇ ਦੇ ਪੈਸੇ ਖੜ੍ਹੇ ਹਨ। ਪੂਰੇ ਅੱਠ ਲੱਖ ਕੱਢੀ ਬੈਠੇ ਨੇ। ਕੈਲੇ ਅਤੇ ਗੋਗੀ ਦੀ ਆਤਮਾ ’ਤੇ ਕੋਈ ਕਰਜ਼ਾ ਨਹੀਂ ਰਹੇਗਾ।’’
ਸੰਤੋ ਨੇ ਬਿਨਾਂ ਕੋਈ ਗੱਲ ਕੀਤਿਆਂ ਦਸਤਖ਼ਤ ਕਰ ਦਿੱਤੇ। ਅਗਲੇ ਦਿਨ ਕਿਸਾਨ ਆਗੂ ਪੰਜ ਲੱਖ ਰੁਪਏ ਦਾ ਚੈੱਕ ਲੈ ਕੇ ਸੰਤੋ ਦੇ ਘਰ ਪਹੁੰਚੇ ਤਾਂ ਦੇਖਿਆ ਸੰਤੋ ਦੇ ਪ੍ਰਾਣ ਪੰਖੇਰੁੂ ਉੱਡ ਚੁੱਕੇ ਸਨ। ਧਰਤੀ ਦੇ ਮਨੁੱਖਾਂ ਤੋਂ ਦੂਰ ਉਸ ਨੂੰ ਉਸ ਦੇ ਜਿਗਰ ਦਾ ਟੁਕੜਾ ਮਿਲ ਗਿਆ ਸੀ।
ਸੰਪਰਕ: 98143-41746