ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਨਵੰਬਰ
ਹਲਕਾ ਸਾਹਨੇਵਾਲ ਵਿੱਚ ਕਾਂਗਰਸ ਦੀ ਗੁੱਟਬੰਦੀ ਕਿਸੇ ਤੋਂ ਛੁਪੀ ਨਹੀਂ ਅਤੇ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਇਹ ਸਿਖ਼ਰਾਂ ’ਤੇ ਪੁੱਜਦੀ ਜਾ ਰਹੀ ਹੈ। ਅੱਜ ਹੋਈਆਂ ਜ਼ਿਲ੍ਹਾ ਸਹਿਕਾਰੀ ਯੂਨੀਅਨ ਦੀ ਚੋਣ ਵਿਚ ਇਲਾਕੇ ਦੇ ਕਾਂਗਰਸੀ ਆਗੂਆਂ ਨੇ ਹੀ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੂੰ ਝਟਕਾ ਦਿੰਦਿਆਂ ਉਸ ਦੇ ਨਜ਼ਦੀਕੀ ਦਵਿੰਦਰ ਸਿੰਘ ਨੂੰ ਹਰਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਹਿਕਾਰੀ ਯੂਨੀਅਨ ਦੇ ਜ਼ੋਨ ਨੰਬਰ 5 ਕੁਹਾੜਾ ਤੋਂ ਕਾਂਗਰਸ ਦੇ ਇੱਕ ਧੜੇ ਦੇ ਉਮੀਦਵਾਰ ਕੰਵਲਜੀਤ ਸਿੰਘ ਬਲੀਏਵਾਲ ਅਤੇ ਦੂਜੇ ਪਾਸੇ ਸਤਵਿੰਦਰ ਕੌਰ ਬਿੱਟੀ ਦੇ ਨਜ਼ਦੀਕੀ ਦਵਿੰਦਰ ਸਿੰਘ ਆਹਮੋ-ਸਾਹਮਣੇ ਹੋਏ। ਇਸ ਜ਼ੋਨ ਦੀਆਂ ਕੁੱਲ 15 ਵੋਟਾਂ ਸਨ ਜਿਸ ’ਚ ਕੰਵਲਜੀਤ ਸਿੰਘ ਬਲੀਏਵਾਲ ਨੂੰ 10 ਵੋਟਾਂ ਪਈਆਂ ਜਦਕਿ ਦਵਿੰਦਰ ਸਿੰਘ ਨੂੰ ਕੇਵਲ 5 ਵੋਟਾਂ ਹੀ ਪਈਆਂ। ਇਸ ਕਾਰਨ ਕੰਵਲਜੀਤ ਸਿੰਘ ਬਲੀਏਵਾਲ ਜੇਤੂ ਕਰਾਰ ਦਿੱਤੇ ਗਏ। ਅੱਜ ਦੀ ਜਿੱਤ ਤੋਂ ਬਾਅਦ ਕਾਂਗਰਸ ਦੇ ਹਲਕਾ ਸਾਹਨੇਵਾਲ ਦੇ ਇੱਕ ਗੁੱਟ ਵਿਚ ਜਿੱਥੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਦੂਜੇ ਧੜੇ ਵਿੱਚ ਨਮੋਸ਼ੀ ਪਸਰ ਗਈ ਹੈ। ਜ਼ਿਕਰਯੋਗ ਹੈ ਕਿ ਜੇਤੂ ਧੜੇ ਦੇ ਬੀਬੀ ਸਤਵਿੰਦਰ ਕੌਰ ਬਿੱਟੀ ਨਾਲ ਕਾਫ਼ੀ ਸਮੇਂ ਤੋਂ ਸਬੰਧ ਵਿਗੜੇ ਹੋਏ ਹਨ। ਜੇਤੂ ਕਰਾਰ ਕੰਵਲਜੀਤ ਸਿੰਘ ਬਲੀਏਵਾਲ ਨੇ ਕਿਹਾ ਕਿ ਇਸ ਜਿੱਤ ਵਿਚ ਕਾਂਗਰਸ ਦੇ ਆਗੂ ਵਿਕਰਮ ਸਿੰਘ ਬਾਜਵਾ, ਚੇਅਰਮੈਨ ਦਲਜੀਤ ਸਿੰਘ ਅਟਵਾਲ, ਸਰਪੰਚ ਗੁਰਦੀਪ ਸਿੰਘ ਚੱਕ ਸਰਵਣਨਾਥ, ਜ਼ਿਲ੍ਹਾ ਪਰੀਸ਼ਦ ਮੈਂਬਰ ਰਮਨੀਤ ਸਿੰਘ ਗਿੱਲ, ਸੁੱਖੀ ਹਰਾ ਨੇ ਅਹਿਮ ਭੂਮਿਕਾ ਨਿਭਾਈ ਅਤੇ ਟਕਸਾਲੀ ਕਾਂਗਰਸੀਆਂ ਨੇ ਇਨ੍ਹਾਂ ਚੋਣਾਂ ਵਿੱਚ ਉਸ ਵਰਗੇ ਕਾਂਗਰਸੀ ਵਰਕਰ ਦਾ ਹੀ ਸਾਥ ਦਿੱਤਾ। ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਹਲਕਾ ਸਾਹਨੇਵਾਲ ਵਿਚ ਕਾਂਗਰਸ ਦੀ ਗੁੱਟਬੰਦੀ ਤੇ ਕਾਂਗਰਸੀਆਂ ਵੱਲੋਂ ਜਾਰੀ ਵਿਰੋਧਤਾ ਤੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਢਿੱਲੀ ਪੈ ਰਹੀ ਪਕੜ ਸਿਆਸਤ ਵਿਚ ਨਵੇਂ ਸਮੀਕਰਨ ਲਿਆ ਸਕਦੀ ਹੈ। ਇਸ ਸਬੰਧੀ ਜਦੋਂ ਬੀਬੀ ਸਤਵਿੰਦਰ ਕੌਰ ਬਿੱਟੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਸੁਣਨਾ ਮੁਨਾਸਬਿ ਨਾ ਸਮਝਿਆ।