ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਸਤੰਬਰ
ਇਥੋਂ ਦੇ ਕਈ ਇਲਾਕਿਆਂ ਵਿੱਚ ਅੱਜ ਬਾਅਦ ਦੁਪਹਿਰ ਭਾਦੋਂ ਦੇ ਛਰਾਟਿਆਂ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਜਾਣਕਾਰੀ ਮੁਤਾਬਿਕ ਅੱਜ ਸਵੇਰ ਵੇਲੇ ਤਾਪਮਾਨ ਵੀ ਆਮ ਦਿਨਾਂ ਤੋਂ ਪੰਜ ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ। ਮੌਸਮ ਦਾ ਇਹ ਮਿਜਾਜ਼ ਭਲਕੇ ਐਤਵਾਰ ਨੂੰ ਵੀ ਬਰਕਰਾਰ ਰਹਿਣ ਦੇ ਆਸਾਰ ਹਨ। ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਬੱਦਲ ਛਾਏ ਹੋਏ ਸਨ ਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਤੇਜ਼ ਹਵਾਵਾਂ ਨਾਲ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ ਤੇ ਇਥੇ ਸਵੇਰ ਵੇਲੇ ਵੀ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਸ਼ਾਮ ਨੂੰ ਵੀ ਤੇਜ਼ ਮੀਂਹ ਦੇ ਆਸਾਰ ਹਨ। ਐਤਵਾਰ ਨੂੰ ਵੀ ਮੀਂਹ ਤੇ ਬੱਦਲ ਛਾਏ ਰਹਿਣ ਦਾ ਖਦਸ਼ਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਚੱਲਦੇ ਮੌਨਸੂਨ ਫਿਰ ਤੋਂ ਸ਼ਹਿਰ ’ਚ ਸਰਗਰਮ ਹੋ ਗਿਆ ਹੈ। ਆਉਣ ਵਾਲੇ ਕੁਝ ਦਿਨਾਂ ’ਚ ਫਿਰ ਤੋਂ ਮੋਹਲੇਧਾਰ ਮੀਂਹ ਪੈ ਸਕਦਾ ਹੈ। ਇਸ ਦੌਰਾਨ ਤਾਪਮਾਨ ’ਚ ਗਿਰਾਵਟ ਦਾ ਦੌਰ ਵੀ ਲਗਾਤਾਰ ਜਾਰੀ ਰਹੇਗਾ। ਇਸ ਦੇ ਨਾਲ ਹੀ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਫਸਲਾਂ ਲਈ ਲਾਹੇਵੰਦ ਹੈ ਕਿਉਂਕਿ ਮੀਂਹ ਹਲਕਾ-ਹਲਕਾ ਪੈ ਰਿਹਾ ਹੈ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਣਕ ਨੂੰ ਹੋਵੇਗਾ। ਇਸ ਵਾਰ ਪੰਜਾਬ ’ਚ ਮੌਸਮ ਮਿਹਰਬਾਨ ਨਜ਼ਰ ਆ ਰਿਹਾ ਹੈ। ਪਿਛਲੇ ਕਈ ਸਾਲਾਂ ਬਾਅਦ ਅਜਿਹਾ ਹੋ ਰਿਹਾ ਹੈ ਕਿ ਕਾਫ਼ੀ ਮੀਂਹ ਪਿਆ ਹੋਵੇ। ਹਾਲਾਂਕਿ ਮੀਂਹ ਨਾਲ ਸੜਕਾਂ ’ਤੇ ਪਾਣੀ ਖੜ੍ਹਾ ਰਿਹਾ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਇਆ।